ਅਰਤਿੰਦਰ ਸੰਧੂ ਨੂੰ ਮਿਲਿਆ ਸੰਤ ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ
ਸੰਤ ਜਗਦੀਸ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ ਅਰਤਿੰਦਰ ਸੰਧੂ ਨੂੰ ਪ੍ਰਦਾਨ ਕੀਤਾ ਗਿਆ
Publish Date: Sun, 26 Apr 2026 08:17 PM (IST)
Updated Date: Mon, 27 Apr 2026 04:19 AM (IST)

* ਪ੍ਰੋ. ਕੁਲਜੀਤ ਕੌਰ ਨੇ ਪੜ੍ਹਿਆ ਅਰਤਿੰਦਰ ਸੰਧੂ ਬਾਰੇ ਸਨਮਾਨ ਪੱਤਰ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਇਕ ਵਿਸ਼ੇਸ਼ ਸਮਾਗਮ ਕਰਕੇ ਸੰਤ ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ ਪੰਜਾਬੀ ਕਵਿੱਤਰੀ ਤੇ ਏਕਮ ਦੀ ਸੰਪਾਦਕ ਅਰਤਿੰਦਰ ਸੰਧੂ ਨੂੰ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਤੇ ਪੰਜਾਬੀ ਲੇਖਕ ਸਭਾ ਦੇ ਸਰਪ੍ਰਸਤ ਡਾ. ਵਰਿਆਮ ਸਿੰਘ ਸੰਧੂ ਨੇ ਕੀਤੀ। ਪ੍ਰਧਾਨਗੀ ਮੰਡਲ ’ਚ ਮੰਗਤ ਰਾਮ ਪਾਸਲਾ, ਸਤਨਾਮ ਸਿੰਘ ਮਾਣਕ, ਹਰਬੰਸ ਸਿੰਘ ਚੰਦੀ, ਡਾ. ਰਘਬੀਰ ਕੌਰ ਤੇ ਜਗਦੀਸ਼ ਵਰਿਆਮ ਹੋਰਾਂ ਦੀ ਸਪੁੱਤਰੀ ਡਾ. ਰਜਵੰਤ ਕੌਰ ਸੰਪਾਦਕ ਵਰਿਆਮ ਸ਼ਾਮਲ ਸਨ। ਸਮਾਗਮ ਦੇ ਕਨਵੀਨਰ ਡਾ. ਲਖਵਿੰਦਰ ਸਿੰਘ ਜੌਹਲ ਨੇ ਸਵਾਗਤੀ ਭਾਸ਼ਣ ਕਰਦਿਆਂ ਸਮਾਗਮ ਦੀ ਪ੍ਰਸੰਗਕਤਾ ਬਾਰੇ ਦੱਸਿਆ। ਅਰਤਿੰਦਰ ਕੌਰ ਸੰਧੂ ਦੀ ਸ਼ਖਸ਼ੀਅਤ ਤੇ ਉਸ ਦੇ ਕਾਰਜਾਂ ਸਬੰਧੀ ਖੋਜ ਪੱਤਰ ਡਾ. ਬਲਜੀਤ ਕੌਰ ਰਿਆੜ ਨੇ ਪੇਸ਼ ਕੀਤਾ। ਪ੍ਰੋ. ਕੁਲਜੀਤ ਕੌਰ ਨੇ ਅਰਤਿੰਦਰ ਸੰਧੂ ਬਾਰੇ ਸਨਮਾਨ ਪੱਤਰ ਪੜ੍ਹਿਆ। ਸਨਮਾਨ ’ਚ ਇੱਕੀ ਹਜ਼ਾਰ ਰੁਪਏ ਨਕਦ, ਸਨਮਾਨ ਚਿੰਨ੍ਹ ਤੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਫੁੱਲਕਾਰੀ ਭੇਟ ਕੀਤੀ ਗਈ। ਸਮਾਗਮ ’ਚ ਡਾ. ਸੁਖਵਿੰਦਰ ਸਿੰਘ ਸੰਘਾ, ਪ੍ਰੋਫੈਸਰ ਮਨਜੀਤ ਸਿੰਘ, ਸੂਬਾ ਹਰਿਭਜਨ ਸਿੰਘ ਲੁਧਿਆਣਾ ਸੁਵਰਨ ਸਿੰਘ ਵਿਰਕ, ਰਾਜ ਖੁਸ਼ਵੰਤ ਸਿੰਘ ਸੰਧੂ ਨੇ ਵਿਚਾਰ ਪੇਸ਼ ਕੀਤੇ। ਡਾਕਟਰ ਵਰਿਆਮ ਸਿੰਘ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਜਗਦੀਸ਼ ਵਰਿਆਮ ਦਾ ਕਾਰਜ ਵਡਮੁੱਲਾ ਸੀ। ਨਾਮਧਾਰੀ ਦਰਬਾਰ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਸਾਹਿਤਕ ਤੇ ਸਮਾਜਿਕ ਜ਼ਿੰਮੇਵਾਰੀਆਂ ਸੌਂਪੀਆਂ ਹੋਈਆਂ ਸਨ। ਉਨ੍ਹਾਂ ਦੀ ਇਸ ਸ਼ਖ਼ਸੀਅਤ ਕਾਰਨ ਹੀ ਵਰਿਆਮ ਵਰਗਾ ਮੈਗਜ਼ੀਨ ਲਗਾਤਾਰ ਆਪਣਾ ਮਿਆਰ ਬਰਕਰਾਰ ਰੱਖ ਸਕਿਆ। ਸਮਾਗਮ ’ਚ ਜਗਦੀਸ਼ ਵਰਿਆਮ ਦੀ ਸਪੁੱਤਰੀ ਡਾ. ਰਜਵੰਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ, ਆਪਣੇ ਪਿਤਾ ਨਾਲ ਜੁੜੀਆਂ ਨਿੱਜੀ ਯਾਦਾਂ ਨੂੰ ਆਏ ਹੋਏ ਸਰੋਤਿਆਂ ਨਾਲ ਉਨਾ ਸਾਂਝਾ ਕੀਤਾ। ਪਹਿਲਾਂ ਹੋਏ ਕਵੀ ਦਰਬਾਰ ’ਚ ਸੰਤ ਸਿੰਘ ਸੰਧੂ, ਸੁਰਿੰਦਰ ਮਕਸੂਦਪੁਰੀ, ਜਸਪਾਲ ਜ਼ੀਰਵੀ, ਨਕਾਸ਼ ਜਲੰਧਰੀ, ਸੰਦੀਪ, ਜਗਦੀਸ਼ ਰਾਣਾ ਤੇ ਬਲਜੀਤ ਕੌਰ ਬੱਲ ਸ਼ਾਮਲ ਸਨ। ਸਮਾਗਮ ਦਾ ਸੰਚਾਲਨ ਪੰਜਾਬੀ ਲੇਖਕ ਸਭਾ ਜਲੰਧਰ ਦੇ ਜਨਰਲ ਸਕੱਤਰ ਡਾ. ਉਮਿੰਦਰ ਜੌਹਲ ਨੇ ਕੀਤਾ। ਸਮਾਗਮ ’ਚ ਡਾ.ਸੁਖਪਾਲ ਸਿੰਘ ਥਿੰਦ, ਰਾਕੇਸ਼ ਸ਼ਾਂਤੀਦੂਤ, ਕੁਲਵੰਤ ਸਿੰਘ ਮਠਾੜੂ, ਅਮਰਜੀਤ ਸਿੰਘ ਨਿੱਝਰ, ਡਾ. ਕੁਲਵੰਤ ਸਿੰਘ ਸੰਧੂ, ਕੁਲਵਿੰਦਰ ਸਿੰਘ ਫੁੱਲ, ਹਰੀਸ਼ ਅਗਰਵਾਲ, ਇੰਦਰਜੀਤ ਆਰਟਿਸਟ,ਜਸਵੀਰ ਸਿੰਘ ਸੋਢੀ, ਪਾਲ ਸਿੰਘ ਨੌਲੀ, ਚਰਨਜੀਤ ਸਿੰਘ ਜੋਗੀ, ਬਲਕਾਰ ਸਿੰਘ ਦੂਰਦਰਸ਼ਨ, ਮਿਹਰਬਾਨ ਸਿੰਘ, ਪਰਮਜੀਤ ਕੌਰ ਜੌਹਲ, ਬਲਦੇਵ ਕਿਸ਼ੋਰ, ਰਾਜਵੰਤ ਕੌਰ ਸੰਧੂ, ਰਾਜੇਸ਼ ਥਾਪਾ ਸਮੇਤ ਵੱਡੀ ਗਿਣਤੀ ’ਚ ਸਾਹਿਤਕਾਰ, ਪੱਤਰਕਾਰ ਤੇ ਬੁੱਧੀਜੀਵੀ ਸ਼ਾਮਲ ਹੋਏ। ਲੇਖਕ ਸਭਾ ਦੇ ਵਿਤ ਸਕੱਤਰ ਅਤੇ ਸੰਤ ਜਗਦੀਸ਼ ਸਿੰਘ ਵਰਿਆਮ ਦੇ ਛੋਟੇ ਭਰਾ ਸੰਤ ਨਰੈਣ ਸਿੰਘ ਨੇ ਇਸ ਸਮਾਗਮ ਦੀ ਸਫਲਤਾ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਸਮਾਗਮ ਦੇ ਅੰਤ ਤੇ ਡਾਕਟਰ ਰਘਬੀਰ ਕੌਰ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ।