ਹੜਤਾਲ ਕਾਰਨ ਬਾਜ਼ਾਰਾਂ ’ਚ ਕੂੜੇ ਦੇ ਢੇਰ ਲੱਗਣੇ ਸ਼ੁਰੂ
ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਵੱਲੋਂ ਹੜਤਾਲ ਜਾਰੀ
Publish Date: Mon, 11 May 2026 07:57 PM (IST)
Updated Date: Mon, 11 May 2026 08:00 PM (IST)

ਸੁਰਜੀਤ ਸਿੰਘ ਜੰਮੂ , ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਇੱਥੋਂ ਦੀ ਨਗਰ ਪੰਚਾਇਤ ਵਿਚ ਕੰਮ ਕਰਦੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧੀ ਕੁੱਝ ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਹੈ, ਜਿਸ ਕਰਕੇ ਨਗਰ ਦੇ ਬਾਜ਼ਾਰਾਂ ਵਿਚ ਕੂੜੇ ਦੇ ਢੇਰ ਲੱਗਦੇ ਜਾ ਰਹੇ ਹਨ। ਸਫਾਈ ਸੇਵਕਾਂ ਵੱਲੋਂ ਇਹ ਹੜਤਾਲ ਸੂਬਾ ਪੱਧਰ ’ਤੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੀ ਗਈ ਹਮਾਇਤ ਕਰਕੇ ਵੀ ਵਧੇਰੇ ਅਸਰਦਾਰ ਦਿਖਾਈ ਦੇ ਰਹੀ ਹੈ। ਸਫਾਈ ਸੇਵਕਾਂ ਵੱਲੋਂ ਇਕੱਠੇ ਹੋ ਕੇ ਨਗਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਦੀ ਲੰਘਦਿਆਂ ਹੋਇਆਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਨਾਅਰੇ ਬੁਲੰਦ ਕੀਤੇ ਗਏ। ਨਗਰ ਦੇ ਪ੍ਰਮੁੱਖ ਚੌਕਾਂ ਵਿਚ ਬੁਲਾਰਿਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤੋਂ ਪਹਿਲਾਂ ਮਜ਼ਦੂਰਾਂ ਨਾਲ ਕੀਤੇ ਗਏ ਵਾਅਦਿਆਂ ਦੀ ਯਾਦ ਦਿਵਾਈ ਗਈ ਤੇ ਦੋਸ਼ ਲਗਾਇਆ ਗਿਆ ਕਿ ਸਰਕਾਰ ਵਾਅਦੇ ਨਿਭਾਉਣ ਵਿਚ ਅਸਫ਼ਲ ਰਹੀ ਹੈ। ਬੁਲਾਰਿਆਂ ਵੱਲੋਂ ਸਫ਼ਾਈ ਸੇਵਕਾਂ ਦੀ ਤਨਖਾਹ 40,000/-ਰੁਪਏ ਕਰਨ, ਸਫ਼ਾਈ ਸੇਵਕਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਮੁਲਾਜ਼ਮ ਦੀ ਮੌਤ ਹੋ ਜਾਣ ’ਤੇ ਉਸਦੇ ਵਾਰਸ ਨੂੰ ਨੌਕਰੀ ਦੇਣ ਅਤੇ ਸਫ਼ਾਈ ਸੇਵਕਾਂ ਨੂੰ ਤਨਖਾਹ ਖ਼ਜ਼ਾਨੇ ਵਿੱਚੋਂ ਦੇਣ ਆਦਿ ਦੀਆਂ ਮੰਗਾਂ ਪ੍ਰਮੁੱਖ ਹਨ, ਨੂੰ ਮੰਨਣ ’ਤੇ ਜ਼ੋਰ ਦਿੱਤਾ ਗਿਆ। ਬੁਲਾਰਿਆਂ ਵੱਲੋਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਰਹਿਣ ਲਈ ਕਿਹਾ ਗਿਆ। ਇਸ ਮੌਕੇ ਸੰਦੀਪ ਸਿੰਘ ਨਾਗਪਾਲ, ਰਕੇਸ਼ ਕੁਮਾਰ, ਸੁਰੇਸ਼ ਕੁਮਾਰ, ਸੁਖਵਿੰਦਰ ਸਿੰਘ, ਬਨਵਾਰੀ ਲਾਲ, ਜੈ ਚੰਦ, ਸੰਜੀਵ ਕੁਮਾਰ, ਰਛਪਾਲ ਸਿੰਘ, ਸੁਰਜੀਤ ਸਿੰਘ ਤੇ ਸ਼ੁਭਮ ਵੱਲੋਂ ਵੀ ਸੰਬੋਧਨ ਕੀਤਾ ਗਿਆ।