ਮੰਗਾਂ ਮੰਨਵਾਉਣ ਲਈ ਡਟੇ ਸਫਾਈ ਸੇਵਕਾਂ ਤੇ ਮਿਊਂਸੀਪਲ ਕਾਮੇ
11ਵੇਂ ਦਿਨ ‘ਚ ਦਾਖ਼ਲ ਹੋਈ ਸਫਾਈ ਸੇਵਕਾ ਤੇ ਮਿਊਨਸੀਪਲ ਕਾਮਿਆਂ ਦੀ ਹੜਤਾਲ
Publish Date: Fri, 15 May 2026 08:35 PM (IST)
Updated Date: Fri, 15 May 2026 08:36 PM (IST)

11ਵੇਂ ਦਿਨ ’ਚ ਪੁੱਜੀ ਹੜਤਾਲ, ਸ਼ਹਿਰ ’ਚ ਸਫ਼ਾਈ ਦਾ ਕੰਮ ਠੱਪ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਅੰਦਰ ਕੰਮ ਕਰਦੇ ਕੱਚੇ ਸਫ਼ਾਈ ਸੇਵਕਾਂ ਤੇ ਆਊਟਸੋਰਸਿੰਗ ਮਿਉਂਸਪਲ ਕਾਮਿਆਂ ਨੂੰ ਪੱਕੇ ਕਰਨ, ਘੱਟੋ ਘੱਟ ਉਜਰਤ 40 ਹਜ਼ਾਰ ਰੁਪਏ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਹੜਤਾਲੀ ਸਫ਼ਾਈ ਸੇਵਕਾਂ ਦੀ ਹੜਤਾਲ 11ਵੇਂ ਦਿਨ ਵੀ ਜਾਰੀ ਰਹੀ ਕਾਰਨ ਸ਼ਾਹਕੋਟ ਸ਼ਹਿਰ ਵਿੱਚ ਸਫਾਈ ਦਾ ਕੰਮ ਠੱਪ ਰਿਹਾ। ਹੜਤਾਲੀ ਕਿਰਤੀਆਂ ਨੇ ਨਗਰ ਪੰਚਾਇਤ ਦੇ ਦਫਤਰ ਸ਼ਾਹਕੋਟ ਵਿੱਚ ਕੀਤੀ ਗਈ ਰੈਲੀ ਨੂੰ ਸਫਾਈ ਸੇਵਕਾਂ ਦੇ ਸੁਬਾਈ ਆਗੂਆਂ ਰਜਿੰਦਰ ਕੁਮਾਰ ਮੋਗਾ, ਮਾਤਾਦੀਨ ਬਾਘਾ ਪੁਰਾਣਾ, ਮਾਤਾਦੀਨ, ਸਤਪਾਲ ਅਨਜਾਨ, ਸ਼ਾਹਕੋਟ ਦੇ ਪ੍ਰਧਾਨ ਸੁਨੀਲ ਕੁਮਾਰ, ਵਾਈਸ ਪ੍ਰਧਾਨ ਬੰਟੀ ਹੰਸ, ਸੁਭਾਸ਼, ਓਮ ਪ੍ਰਕਾਸ਼ ਤੋਂ ਇਲਾਵਾ ਭਰਾਤਰੀ ਜਥੇਬੰਦੀ ਵੱਲੋਂ ਪੇਂਡੂ ਸਫਾਈ ਕਰਮਚਾਰੀ ਦੇ ਆਗੂ ਆਗੂ ਪ੍ਰੇਮ ਸਾਰਸਰ, ਦੇਵਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ ਸੂਬਾ ਸਰਕਾਰ ਨੇ ਮਿਊਨਸੀਪਲ ਕਾਮਿਆਂ ਅਤੇ ਸਫਾਈ ਸੇਵਕਾਂ ਦੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸ਼ਹਿਰਾਂ ਵਿੱਚ ਹੋ ਰਹੀਆਂ ਸਥਾਨਕ ਚੋਣਾਂ ਆਮ ਆਦਮੀ ਪਾਰਟੀ ਲਈ ਮਹਿੰਗੀਆਂ ਪੈਣਗੀਆਂ। ਜਿੱਥੇ ਸਫਾਈ ਸੇਵਕਾਂ ਵਿੱਚ ਸਰਕਾਰ ਦੇ ਅੜੀਅਲ ਵਤੀਰੇ ਪ੍ਰਤੀ ਸਖਤ ਰੋਸ ਹੈ ਉਥੇ ਸ਼ਹਿਰ ਵਿੱਚ ਆਏ ਦਿਨ ਗੰਦਗੀ ਦੇ ਲੱਗ ਰਹੇ ਢੇਰ ਕਾਰਨ ਆਮ ਸ਼ਹਿਰੀਆਂ ਵਿੱਚ ਰੋਸ ਪਾਇਆ ਜਾ ਰਿਹਾ। ਸਫਾਈ ਸੇਵਕਾਂ ਦੇ ਆਗੂਆਂ ਨੇ ਕਿਹਾ ਕਿ ਹੜਤਾਲ ਕਰਨਾ ਸਾਡੀ ਮਜਬੂਰੀ ਹੈ। ਹਰ ਮਹੀਨੇ ਮਿਲ ਰਹੇ 10 ਹਾਜਰ ਰੁਪਏ ਵਿੱਚ ਉਹਨਾਂ ਲਈ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ। ਸਿਰਫ ਸਫਾਈ ਸੇਵਕ ਹੀ ਨਹੀਂ ਦਫਤਰੀ ਅਤੇ ਟੈਕਨੀਕਲ ਮੁਲਾਜ਼ਮਾਂ ਨੂੰ ਵੀ ਉਨ੍ਹਾਂ ਦੀ ਯੋਗਤਾ ਤੋਂ ਕਿਤੇ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਸਰਕਾਰ ਨੇ ਉਨ੍ਹਾਂ ਦਾ ਬੁਢਾਪੇ ਦਾ ਸਹਾਰਾ ਵੀ ਖੋਹ ਲਿਆ ਹੈ। ਧਰਨੇ ‘ਤੇ ਬੈਠੇ ਹੜਤਾਲੀ ਕਾਮਿਆਂ ਨੇ ਅੱਜ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਸਰਕਾਰ ਦੇ ਆਦੇਸ਼ ਉੱਤੇ ਪੁਲਿਸ ਵਲੋਂ ਕਿਸਾਨਾਂ ਉੱਪਰ ਲਾਠੀਚਾਰਜ ਕਰਨ, ਅੱਥਰੂ ਗੈਸ ਦੇ ਗੋਲੇ ਦਾਗਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ।