ਸਫਾਈ ਸੇਵਕ ਤੇ ਮਿਊਂਸੀਪਲ ਕਾਮੇ ਹੜਤਾਲੀ ’ਚ ਸ਼ਾਮਲ
ਨਕੋਦਰ ’ਚ ਸਫਾਈ ਸੇਵਕ ਤੇ ਮਿਊਂਸਪਲ ਕਾਮੇ ਹੜਤਾਲੀ ਸੰਘਰਸ਼ ’ਚ ਹੋਏ ਸ਼ਾਮਲ
Publish Date: Thu, 14 May 2026 07:56 PM (IST)
Updated Date: Thu, 14 May 2026 07:57 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਪੰਜਾਬ ਭਰ ’ਚ ਸਫਾਈ ਸੇਵਕਾਂ ਤੇ ਮਿਊਂਸੀਪਲ ਕਾਮਿਆਂ ਵੱਲੋਂ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਅੱਠਵੇਂ ਦਿਨ ਵਿੱਚ ਦਾਖਲ ਹੋ ਗਈ। ਇਸ ਸੰਘਰਸ਼ ਤਹਿਤ ਜਲੰਧਰ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਕਾਮੇ ਵੀ ਲਗਾਤਾਰ ਹੜਤਾਲ ’ਚ ਸ਼ਾਮਲ ਹੋ ਰਹੇ ਹਨ। ਇਸੇ ਲੜੀ ਤਹਿਤ ਨਗਰ ਕੌਂਸਲ ਨਕੋਦਰ ਦੇ ਸਫਾਈ ਸੇਵਕਾਂ ਅਤੇ ਮਿਊਂਸੀਪਲ ਕਿਰਤੀਆਂ ਨੇ ਵੀ ਕੰਮਕਾਜ ਮੁਕੰਮਲ ਤੌਰ ‘ਤੇ ਠੱਪ ਕਰਕੇ 6 ਮਈ ਤੋਂ ਚੱਲ ਰਹੀ ਸੂਬਾ ਪੱਧਰੀ ਹੜਤਾਲ ਵਿੱਚ ਹਿੱਸਾ ਲਿਆ। ਨਗਰ ਕੌਂਸਲ ਦਫ਼ਤਰ ਅੱਗੇ ਯੂਨੀਅਨ ਦੇ ਪ੍ਰਧਾਨ ਵਿਨੋਦ ਕੁਮਾਰ ਅਤੇ ਵਾਈਸ ਪ੍ਰਧਾਨ ਵਿੱਕੀ ਦੀ ਅਗਵਾਈ ਹੇਠ ਰੈਲੀ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਣਧੀਰ ਸਿੰਘ ਵੱਲੋਂ ਹੜਤਾਲੀ ਕਾਮਿਆਂ ਕੋਲ ਪਹੁੰਚ ਕੇ ਮੰਗ ਪੱਤਰ ਵੀ ਪ੍ਰਾਪਤ ਕੀਤਾ ਗਿਆ। ਸਫਾਈ ਕਾਮਿਆਂ ਦੇ ਸਮਰਥਨ ਵਿੱਚ ਪੇਂਡੂ ਸਫਾਈ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰੇਮ ਸਰਸ, ਸਾਬਕਾ ਐੱਮ.ਸੀ. ਪਵਨ ਗਿੱਲ, ਪੁਰਸ਼ੋਤਮ ਲਾਲ ਬਿੱਟੂ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਨਵਜੋਤ ਸਿਆਣੀਵਾਲ ਨੇ ਵੀ ਸੰਬੋਧਨ ਕੀਤਾ।