ਅੰਡਰ ਵਰਲਡ ਡਾਨ ਦਾਊਦ

ਅੰਡਰ ਵਰਲਡ ਡਾਨ ਦਾਊਦ ਅਬ੍ਰਾਹਿਮ ਦੇ ਨੇੜਲੇ ਸਹਿਯੋਗੀ ਸਲੀਮ ਡੋਲਾ ਦੀ ਗ੍ਰਿਫਤਾਰੀ ਨਾਲ ਟੁੱਟਿਆ ਡਰੱਗਜ਼ ਸਿੰਡੀਕੇਟ ਦਾ ਲੱਕ
ਪੁਲਿਸ ਤੋਂ ਬਚਣ ਲਈ ਇਸ ਸਿੰਡੀਕੇਟ ਨੇ ਪੋਲਟ੍ਰੀ ਫਾਰਮਾਂ ਤੇ ਸੜਕ ਕੰਢੇ ਬਣੇ ਢਾਬਿਆਂ ਨੂੰ ਆਪਣੀ ਗੁਪਤ ਲੈਬ ਬਣਾਇਆ ਹੋਇਆ ਸੀ
ਨਵੀਂ ਦਿੱਲੀ (ਏਜੰਸੀ) : ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਅੰਡਰ ਵਰਲਡ ਡਾਨ ਦਾਊਦ ਅਬ੍ਰਾਹਿਮ ਦੇ ਨੇੜਲੇ ਸਹਿਯੋਗੀ ਸਲੀਮ ਡੋਲਾ ਨੂੰ ਗ੍ਰਿਫਤਾਰ ਕਰਕੇ ਡਰੱਗਜ਼ ਸਿੰਡੀਕੇਟ ਦਾ ਲੱਕ ਤੋੜ ਦਿੱਤਾ ਹੈ। ਇਹ ਗ੍ਰਿਫਤਾਰੀ ਸਿਰਫ ਇਕ ਅਪਰਾਧੀ ਦੀ ਗ੍ਰਿਫਤਾਰੀ ਨਹੀਂ ਸਗੋਂ ਭਾਰਤ ਦੇ ਭਵਿੱਖ ਨੂੰ ਮੇਫੇਡ੍ਰੋਨ ਵਰਗੀ ਜਾਨਲੇਵਾ ਲਤ ਤੋਂ ਬਚਾਉਣ ਦੀ ਦਿਸ਼ਾ ’ਚ ਇਕ ਵੱਡੀ ਜਿੱਤ ਹੈ। ਡੋਲਾ ਦੀ ਸਾਜ਼ਿਸ਼ ਭਾਰਤੀ ਬਾਜ਼ਾਰਾਂ ’ਚ ਨਸ਼ੇ ਦਾ ਅਜਿਹਾ ਹੜ੍ਹ ਲਿਆਉਣ ਦੀ ਸੀ, ਜਿਸ ਨਾਲ ਦੇਸ਼ ਦੀ ਨੌਜਵਾਨ ਪੀੜੀ ਪੂਰੀ ਤਰ੍ਹਾਂ ਤਬਾਹ ਹੋ ਜਾਵੇ। ‘ਵ੍ਹਾਈਟ ਮੈਜਿਕ’, ‘ਮਿਆਊਂ-ਮਿਆਊਂ’ ਤੇ ‘ਬਬਲ’ ਵਰਗੇ ਨਾਵਾਂ ਨਾਲ ਮਸ਼ਹੂਰ ਮੇਫੇਡ੍ਰੋਨ ਦਾ ਬਾਜ਼ਾਰ ਪਿਛਲੇ ਕਈ ਸਾਲਾਂ ’ਚ ਭਾਰਤ ’ਚ ਤੇਜ਼ੀ ਨਾਲ ਫੈਲਿਆ ਹੈ।
ਸਲੀਮ ਨੇ ਇਸ ਸਿੰਥੈਟਿਕ ਡਰੱਗ ਨੂੰ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਵਿਚਾਲੇ ਇਸ ਲਈ ਮਸ਼ਹੂਰ ਬਣਾਇਆ ਕਿਉਂਕਿ ਇਹ ਕੋਕੀਨ ਦੇ ਮੁਕਾਬਲੇ ਬੇਹੱਦ ਸਸਤੀ ਹੈ। ਜਿਥੇ ਕੋਕੀਨ ਦੀ ਕੀਮਤ ਲਗਪਗ ਤਿੰਨ ਹਜ਼ਾਰ ਰੁਪਏ ਪ੍ਰਤੀ ਗ੍ਰਾਮ ਹੈ, ਉਥੇ ਮੇਫੇਡ੍ਰੋਨ ਸਿਰਫ 160 ਰੁਪਏ ਪ੍ਰਤੀ ਗ੍ਰਾਮ ’ਚ ਮਿਲ ਜਾਂਦੀ ਹੈ। ਇਸ ਘੱਟ ਕੀਮਤ ਕਾਰਨ ਇਹ ਜ਼ਹਿਰ ਗੁਜਰਾਤ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ’ਚ ਮਹਾਮਾਰੀ ਵਾਂਗ ਫੈਲ ਗਿਆ। ਅੰਕੜਿਆਂ ਅਨੁਸਾਰ ਇਕੱਲੇ ਮੁੰਬਈ ’ਚ 10 ’ਚੋਂ ਅੱਠ ਨਸ਼ਾ ਕਰਨ ਵਾਲੇ ਨੌਜਵਾਨ ਇਸ ਡਰੱਗ ਦੀ ਗ੍ਰਿਫਤ ’ਚ ਹਨ।
ਡੋਲਾ ਦਾ ਸਿੰਡੀਕੇਟ ਰਵਾਇਤੀ ਢੰਗਾਂ ਦੀ ਬਜਾਇ ਬੇਹੱਦ ਸ਼ਾਤਰ ਢੰਗ ਨਾਲ ਕੰਮ ਕਰ ਰਿਹਾ ਸੀ। ਪੁਲਿਸ ਤੋਂ ਬਚਣ ਲਈ ਉਨ੍ਹਾਂ ਨੇ ਪੋਲਟ੍ਰੀ ਫਾਰਮਾਂ ਤੇ ਸੜਕ ਕੰਢੇ ਬਣੇ ਢਾਬਿਆਂ ਨੂੰ ਆਪਣੀ ਗੁਪਤ ਲੈਬ ਬਣਾਇਆ ਹੋਇਆ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਅਪਰਾਧੀ ਡਾਰਕ ਵੈੱਬ ਰਾਹੀਂ ਨੌਜਵਾਨਾਂ ਨੂੰ ਡਰੱਗਜ਼ ਬਣਾਉਣ ਦੀ ਟ੍ਰੇਨਿੰਗ ਦੇ ਰਹੇ ਸਨ। ਡੋਲਾ ਦਾ ਜਾਲ ਸਿਰਫ ਭਾਰਤ ਤੱਕ ਹੀ ਸੀਮਿਤ ਨਹੀਂ ਸਗੋਂ ਪੱਛਮੀ ਏਸ਼ੀਆ, ਅਫਰੀਕਾ ਤੇ ਯੂਰਪ ਤੱਕ ਫੈਲਿਆ ਹੋਇਆ ਸੀ। ਉਹ ਭਾਰਤ ’ਚ ਦਵਾ ਵਿਕ੍ਰੇਤਾ ਤੇ ਕੈਮਿਸਟਾਂ ਦਾ ਇਕ ਅਜਿਹਾ ਨੈੱਟਵਰਕ ਤਿਆਰ ਕਰ ਰਿਹਾ ਸੀ, ਜੋ ਦੇਸ਼ ਦੇ ਕੋਨੇ-ਕੋਨੇ ’ਚ ਇਸ ਜ਼ਹਿਰ ਦੀ ਬੇਰੋਕ ਸਪਲਾਈ ਯਕੀਨੀ ਕਰ ਸਕਣ।
ਇੰਟੈਲੀਜੈਂਸ ਬਿਊਰੋ ਅਨੁਸਾਰ ਡੋਲਾ ਦੀ ਗ੍ਰਿਫਤਾਰੀ ਦਾਊਦ ਅਬ੍ਰਾਹਿਮ ਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਲਈ ਇਕ ਵੱਡਾ ਝਟਕਾ ਹੈ। ਅਸਲ ’ਚ ਆਈਐੱਸਆਈ ਇਸ ਡਰੱਗ ਵਪਾਰ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਲਸ਼ਕਰ-ਏ-ਤੈਈਬਾ ਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਨੂੰ ਪਾਲਨ ਲਈ ਕਰਨਾ ਚਾਹੁੰਦੀ ਸੀ। ਹਾਲਾਂਕਿ ਭਾਰਤੀ ਏਜੰਸੀਆਂ ਨੇ ਵੀ ਆਪਣੀ ਚੌਕਸੀ ਵਧਾ ਦਿੱਤੀ ਹੈ। ‘ਆਪ੍ਰੇਸ਼ਨ ਸਹਯਾਦਰੀ ਚੈੱਕਮੇਟ’ ਦੇ ਤਹਿਤ ਜਿਥੇ ਮੋਬਾਈਲ ਲੈਬ ਤਹਿਸ-ਨਹਿਸ ਕੀਤੀ ਗਈ, ਉਥੇ ਤੇਲੰਗਾਨਾ ਤੇ ਰਾਜਸਥਾਨ ’ਚ ਵੀ ਕਰੋੜਾਂ ਦੇ ਡਰੱਗ ਕਾਰਖਾਨਿਆਂ ਦਾ ਪਰਦਾਫਾਸ਼ ਕੀਤਾ ਗਿਆ। ਡੋਲਾ ਤੋਂ ਪੁੱਛਗਿੱਛ ’ਚ ਹੁਣ ਉਸ ਦੀ ਪੂਰੀ ਸਪਲਾਈ ਚੇਨ ਤੇ ਉਨ੍ਹਾਂ ਸਫੇਦਪੋਸ਼ ਮਦਦਗਾਰਾਂ ਦੇ ਚੇਹਰੇ ਬੇਨਕਾਬ ਹੋਣ ਦੀ ਉਮੀਦ ਹੈ, ਜੋ ਇਸ ਮੌਤ ਦੇ ਵਪਾਰ ’ਚ ਉਸ ਦੇ ਸਾਂਝੀਦਾਰ ਸਨ।•