ਪੇਂਡੂ ਮਜ਼ਦੂਰ ਯੂਨੀਅਨ ਨੇ ਫੂਕਿਆ ਸਰਕਾਰ ਦਾ ਪੁਤਲਾ
ਜਨਗਣਨਾ ਪ੍ਰੋਫਾਰਮੇ ’ਚ ਅਪਮਾਨਜਨਕ ਸ਼ਬਦਾਂ ਦੇ ਵਿਰੋਧ ‘ਚ ਪੇਂਡੂ ਮਜ਼ਦੂਰ ਯੂਨੀਅਨ ਦਾ ਪ੍ਰਦਰਸ਼ਨ, ਸਰਕਾਰ ਦਾ ਪੁਤਲਾ ਫੂਕਿਆ
Publish Date: Tue, 05 May 2026 09:26 PM (IST)
Updated Date: Tue, 05 May 2026 09:29 PM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਜਨਗਣਨਾ 2026 ਨਾਲ ਸਬੰਧਤ ਆਨਲਾਈਨ ਪ੍ਰੋਫਾਰਮੇ ’ਚ ਅਨੁਸੂਚਿਤ ਜਾਤੀਆਂ ਲਈ ਅਪਮਾਨਜਨਕ ਸ਼ਬਦ ਦਰਜ ਕਰਨ ਦੇ ਵਿਰੋਧ ’ਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਥਾਣੇ ਅੱਗੇ ਮੰਗ ਪੱਤਰ ਨਾ ਲਏ ਜਾਣ ਦੇ ਰੋਸ ਵਜੋਂ ਕੁਝ ਸਮੇਂ ਲਈ ਸੜਕ ਜਾਮ ਵੀ ਕੀਤਾ। ਬਾਅਦ ’ਚ ਪੁਲਿਸ ਅਧਿਕਾਰੀਆਂ ਦੇ ਮੌਕੇ ‘ਤੇ ਪਹੁੰਚਣ ‘ਤੇ ਮੰਗ ਪੱਤਰ ਸਵੀਕਾਰ ਕੀਤਾ ਗਿਆ, ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੋਸ਼ ਲਗਾਇਆ ਕਿ ਜਨਗਣਨਾ ਪ੍ਰੋਫਾਰਮੇ ’ਚ ਵਰਤੇ ਗਏ ਕੁਝ ਸ਼ਬਦ ਅਨੁਸੂਚਿਤ ਜਾਤੀਆਂ ਲਈ ਅਪਮਾਨਜਨਕ ਹਨ। ਇਸ ਮੌਕੇ ਕੇਐੱਸ ਅਟਵਾਲ, ਸਰਬਜੀਤ ਕੌਰ ਕੁੱਦੋਵਾਲ, ਬਲਵਿੰਦਰ ਕੌਰ ਘੁੱਗਸ਼ੋਰ ਤੇ ਬਲਬੀਰ ਸਿੰਘ ਧੀਰਪੁਰ ਸਮੇਤ ਹੋਰ ਆਗੂ ਹਾਜ਼ਰ ਸਨ।