ਦਿਹਾਤ ਪੁਲਿਸ ਨੇ ਹੋਰਨਾਂ ਸੂਬਿਆਂ ’ਚੋਂ ਲੱਭੇ 120 ਮੋਬਾਈਲ
-ਸਾਈਬਰ ਟ੍ਰੈਕਿੰਗ ਤੇ ਸੀਈਆਈਆਰ
Publish Date: Tue, 12 May 2026 09:34 PM (IST)
Updated Date: Tue, 12 May 2026 09:36 PM (IST)
-ਸਾਈਬਰ ਟ੍ਰੈਕਿੰਗ ਤੇ ਸੀਈਆਈਆਰ ਪੋਰਟਲ ਦੀ ਮਦਦ ਨਾਲ 25 ਲੱਖ ਦੇ ਮੋਬਾਈਲ ਮਾਲਕਾਂ ਨੂੰ ਵਾਪਸ ਕੀਤੇ, ਕੁੱਲ ਰਿਕਵਰੀ 419 ਪੁੱਜੀ
"ਸਰ, ਤੁਹਾਡਾ ਮੋਬਾਈਲ ਯੂਪੀ ਦੇ ਬਹਿਰਾਈਚ ਜ਼ਿਲ੍ਹੇ ’ਚ ਐਕਟਿਵ ਹੋਇਆ ਹੈ..." ਜਲੰਧਰ ਦਿਹਾਤ ਪੁਲਿਸ ਦੀ ਸਾਈਬਰ ਟੀਮ ਨੂੰ ਜਦੋਂ ਸੀਈਆਈਆਰ ਪੋਰਟਲ ’ਤੇ ਚੋਰੀ ਹੋਏ ਮੋਬਾਈਲ ਦੀ ਨਵੀਂ ਲੋਕੇਸ਼ਨ ਮਿਲੀ, ਫੌਰੀ ਕਾਰਵਾਈ ਸ਼ੁਰੂ ਹੋ ਗਈ। ਮੋਬਾਈਲ ਕਈ ਦਿਨਾਂ ਤੋਂ ਬੰਦ ਸੀ ਪਰ ਜਿਵੇਂ ਹੀ ਉਸ ’ਚ ਨਵੀਂ ਸਿਮ ਪਾਈ ਗਈ, ਸਿਸਟਮ ਨੇ ਉਸ ਦੀ ਲੋਕੇਸ਼ਨ ਟ੍ਰੇਸ ਕਰ ਲਈ। ਸਾਈਬਰ ਟੀਮ ਨੇ ਮੋਬਾਈਲ ਦਾ ਆਈਐੱਮਈਆਈ ਨੰਬਰ ਟ੍ਰੈਕ ਕੀਤਾ ਤੇ ਪਤਾ ਲੱਗਾ ਕਿ ਫੋਨ ਦੂਜੇ ਸੂਬੇ ’ਚ ਵਰਤਿਆ ਜਾ ਰਿਹਾ ਹੈ। ਇਸ ਤੋਂ ਬਾਅਦ ਜਲੰਧਰ ਪੁਲਿਸ ਨੇ ਉਥੋਂ ਦੀ ਪੁਲਿਸ ਨਾਲ ਸੰਪਰਕ ਕੀਤਾ ਤੇ ਪੂਰੀ ਜਾਣਕਾਰੀ ਸਾਂਝੀ ਕੀਤੀ। ਸਬੰਧਤ ਥਾਣੇ ਦੀ ਮਦਦ ਨਾਲ ਉਸ ਵਿਅਕਤੀ ਤੱਕ ਪਹੁੰਚ ਬਣਾਈ ਗਈ, ਜਿਸ ਕੋਲ ਮੋਬਾਈਲ ਸੀ। ਪਤਾ ਲੱਗਾ ਉਹ ਇਕ ਦੁਕਾਨਦਾਰ ਸੀ, ਜਿਸ ਨੂੰ ਮੋਬਾਈਲ ਘੱਟ ਕੀਮਤ 'ਤੇ ਵੇਚਿਆ ਗਿਆ ਸੀ। ਪੁਲਿਸ ਨੇ ਉਸ ਤੋਂ ਖਰੀਦ ਦੀ ਜਾਣਕਾਰੀ ਲਈ ਤੇ ਮੋਬਾਈਲ ਨੂੰ ਕਬਜ਼ੇ ’ਚ ਲੈ ਕੇ ਅਗਲੀ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ ਬਰਾਮਦ ਕੀਤਾ ਗਿਆ ਮੋਬਾਈਲ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਜਲੰਧਰ ਭੇਜਿਆ ਗਿਆ। ਜਦੋਂ ਅਸਲੀ ਮਾਲਕ ਨੂੰ ਫੋਨ ਵਾਪਸ ਮਿਲਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੋਬਾਈਲ ਚੋਰੀ ਜਾਂ ਗੁੰਮ ਹੋਣ 'ਤੇ ਫੌਰੀ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ।
---
120 ਫੋਨ ਪੁਲਿਸ ਨੇ ਮਾਲਕਾਂ ਤੱਕ ਪਹੁੰਚਾਏ
ਦਿਹਾਤ ਪੁਲਿਸ ਨੇ ਤਕਨੀਕੀ ਜਾਂਚ ਤੇ ਸਾਈਬਰ ਟ੍ਰੈਕਿੰਗ ਰਾਹੀਂ 120 ਹੋਰ ਗੁਆਚੇ ਹੋਏ ਮੋਬਾਈਲ ਫੋਨ ਬਰਾਮਦ ਕਰ ਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸੌਂਪ ਦਿੱਤੇ। ਮੋਬਾਈਲ ਦੀਆਂ ਕੀਮਤ 25 ਲੱਖ ਰੁਪਏ ਦੱਸੀ ਜਾ ਰਹੀ ਹੈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਗੁਆਚੇ ਹੋਏ, ਚੋਰੀ ਹੋਏ ਜਾਂ ਖੋਹੇ ਗਏ ਮੋਬਾਈਲ ਫੋਨਾਂ ਸਬੰਧੀ ਸ਼ਿਕਾਇਤਾਂ ਸਾਂਝ ਕੇਂਦਰਾਂ ’ਚ ਦਰਜ ਕੀਤੀਆਂ ਜਾਂਦੀਆਂ ਹਨ ਤੇ ਸੀਈਆਈਆਰ ਪੋਰਟਲ 'ਤੇ ਅਪਲੋਡ ਕੀਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਮੋਬਾਈਲ ਦੀ ਟ੍ਰੇਸਿੰਗ ਕਰ ਕੇ ਸਬੰਧਤ ਥਾਣੇ ਤੇ ਸੀਆਈਏ ਟੀਮਾਂ ਨੂੰ ਜਾਣਕਾਰੀ ਭੇਜੀ ਜਾਂਦੀ ਹੈ, ਜਿਸ ਨਾਲ ਰਿਕਵਰੀ ਸੰਭਵ ਹੋ ਪਾਉਂਦੀ ਹੈ। ਇਸ ਮੁਹਿੰਮ ਦੌਰਾਨ ਐੱਸਪੀ ਵਿਨੀਤ ਅਹਲਾਵਤ, ਜ਼ਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਸਬ-ਇੰਸਪੈਕਟਰ ਦਲਵਿੰਦਰ ਸਿੰਘ ਤੇ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀਆਂ ਟੀਮਾਂ ਨੇ ਦਿਨ-ਰਾਤ ਮਿਹਨਤ ਕਰ ਕੇ ਮੋਬਾਈਲ ਬਰਾਮਦ ਕੀਤੇ। ਹੁਣ ਤੱਕ ਕੁੱਲ 419 ਮੋਬਾਈਲ ਫੋਨ ਰਿਕਵਰ ਕੀਤੇ ਜਾ ਚੁੱਕੇ ਹਨ।