ਜਲਿ੍ਹਆਂਵਾਲਾ ਬਾਗ ਐਕਸਪ੍ਰੈੱਸ ’ਚ ਏਸੀ ਸਬੰਧੀ ਹੰਗਾਮਾ
-40 ਮਿੰਟ ਤੱਕ ਸਟੇਸ਼ਨ
Publish Date: Wed, 20 May 2026 08:57 PM (IST)
Updated Date: Wed, 20 May 2026 09:01 PM (IST)
-40 ਮਿੰਟ ਤੱਕ ਸਟੇਸ਼ਨ 'ਤੇ ਖੜ੍ਹੀ ਰਹੀ ਰੇਲ ਗੱਡੀ
ਜਾਸ, ਜਲੰਧਰ : ਅੰਮ੍ਰਿਤਸਰ ਤੋਂ ਟਾਟਾ ਨਗਰ ਲਈ ਚੱਲੀ ਜਲ੍ਹਿਆਂਵਾਲਾ ਬਾਗ ਐਕਸਪ੍ਰੈੱਸ 18104 ਦੇ ਏਸੀ ਕੋਚ ਵਿਚ ਠੰਢਕ ਨਾ ਹੋਣ ਕਾਰਨ ਮੁਸਾਫਰਾਂ ਨੇ ਹੰਗਾਮਾ ਕਰ ਦਿੱਤਾ। ਇਸ ਕਾਰਨ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ ਲਗਪਗ 40 ਮਿੰਟ ਤੱਕ ਖੜ੍ਹੀ ਰਹੀ। ਮੁਸਾਫਰਾਂ ਦਾ ਦਾਅਵਾ ਸੀ ਕਿ ਕੋਚ ਤਾਂ ਏਸੀ ਹੈ ਪਰ ਉਸ ਦਾ ਏਸੀ ਚੱਲ ਨਹੀਂ ਰਿਹਾ। ਕੋਚ ਦੀਆਂ ਸਾਰੀਆਂ ਖਿੜਕੀਆਂ ਵੀ ਬੰਦ ਹੁੰਦੀਆਂ ਹਨ, ਜਿਸ ਕਾਰਨ ਅੰਦਰ ਠੰਢਕ ਨਾ ਹੋਣ ਕਾਰਨ ਆਪੋ-ਆਪਣੀ ਸੀਟ ’ਤੇ ਆਰਾਮ ਕਰਨਾ ਤਾਂ ਦੂਰ, ਬੈਠਣਾ ਵੀ ਮੁਸ਼ਕਲ ਹੋ ਗਿਆ ਸੀ। ਮੁਸਾਫਰਾਂ ਦੇ ਹੰਗਾਮੇ ਦੌਰਾਨ ਆਰਪੀਐੱਫ ਅਤੇ ਜੀਆਰਪੀ ਦੀਆਂ ਟੀਮਾਂ ਵੀ ਪੁੱਜ ਗਈਆਂ। ਇਸ ਤੋਂ ਬਾਅਦ ਤੁਰੰਤ ਇਲੈਕਟ੍ਰੀਸ਼ੀਅਨ ਨੂੰ ਸੂਚਿਤ ਕੀਤਾ ਗਿਆ ਤੇ ਏਸੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਨ ਮਗਰੋਂ ਰੇਲ ਗੱਡੀ ਨੂੰ ਰਵਾਨਾ ਕੀਤਾ ਗਿਆ।
ਦੱਸਣਯੋਗ ਹੈ ਰੇਲ ਗੱਡੀ 18104, ਜੋ ਅੰਮ੍ਰਿਤਸਰ ਤੋਂ 12:54 ਵਜੇ ਚਲੀ ਸੀ ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ 1:55 ਮਿੰਟ 'ਤੇ ਪੁੱਜੀ। ਜਿੱਥੇ ਟ੍ਰੇਨ ਦੇ ਏਸੀ ਕੋਚ ਬੀ-3 ਦੇ ਮੁਸਾਫਰਾਂ ਨੇ ਟ੍ਰੇਨ ਦੇ ਡੱਬੇ ’ਚ ਗਰਮੀ ਕਾਰਨ ਹੰਗਾਮਾ ਸ਼ੁਰੂ ਕਰ ਦਿੱਤਾ। ਰਸਤੇ ’ਚ ਬਿਆਸ ਸਟੇਸ਼ਨ 'ਤੇ ਵੀ ਟ੍ਰੇਨ ਲਗਪਗ ਸੱਤ ਮਿੰਟ ਰੁਕੀ ਪਰ ਏਸੀ ਦੀ ਠੰਢਕ ’ਚ ਕੋਈ ਸੁਧਾਰ ਨਹੀਂ ਹੋਇਆ ਤੇ ਜਲੰਧਰ ਪੁੱਜਦੇ-ਪੁੱਜਦੇ ਹਰੇਕ ਕਿਸੇ ਦਾ ਗਰਮੀ ਨਾਲ ਬੁਰਾ ਹਾਲ ਹੋ ਗਿਆ ਸੀ।
ਮੁਸਾਫਰ ਵਿਕਾਸ ਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਵਧਦੀ ਗਰਮੀ ਨੂੰ ਦੇਖਦਿਆਂ ਹੀ ਉਨ੍ਹਾਂ ਨੇ ਵਾਧੂ ਪੈਸੇ ਖਰਚ ਕਰ ਕੇ ਏਸੀ ਕੋਚ ਦੀ ਟਿਕਟਾਂ ਖਰੀਦੀਆਂ ਸਨ ਪਰ ਏਸੀ ਨਾ ਚੱਲਣ ਕਾਰਨ ਉਨ੍ਹਾਂ ਲਈ ਬੈਠਣਾ ਮੁਸ਼ਕਲ ਹੋ ਗਿਆ ਸੀ। ਏਸੀ ਕੰਮ ਨਹੀਂ ਕਰ ਰਹੇ ਸਨ ਤੇ ਅੰਦਰ ਗਰਮੀ ਸੀ। ਉਨ੍ਹਾਂ ਦੇ ਸਾਥੀਆਂ ਨੇ ਰੇਲ ਮਦਦ ਐਪ 'ਤੇ ਸ਼ਿਕਾਇਤ ਵੀ ਦਰਜ ਕੀਤੀ ਪਰ ਬਿਆਸ ਸਟੇਸ਼ਨ ਨਿਕਲ ਜਾਣ ਦੇ ਬਾਵਜੂਦ ਇਸ ਦਾ ਹੱਲ ਨਹੀਂ ਹੋਇਆ।