ਸਿਵਲ ਹਸਪਤਾਲ ਦੀ ਆਰਟੀਪੀਸੀਆਰ ਲੈਬ ਹੋਵੇਗੀ ਅੱਪਡੇਟ
ਜਾਸ, ਜਲੰਧਰ : ਸਿਵਲ
Publish Date: Mon, 18 May 2026 08:52 PM (IST)
Updated Date: Mon, 18 May 2026 08:54 PM (IST)
ਜਾਸ, ਜਲੰਧਰ : ਸਿਵਲ ਹਸਪਤਾਲ ’ਚ ਕੋਰੋਨਾ ਦੀ ਜਾਂਚ ਕਰਨ ਵਾਲੀ ਆਰਟੀਪੀਸੀਆਰ ਲੈਬ ਨੂੰ ਸਿਹਤ ਵਿਭਾਗ ਵੱਲੋਂ ਹਾਈਟੈੱਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲੈਬ ’ਚ ਸਵਾਈਨ ਫਲੂ ਦੇ ਨਾਲ-ਨਾਲ ਕਾਲਾ ਪੀਲੀਆ ਦੀ ਵੀ ਜਾਂਚ ਕੀਤੀ ਜਾ ਸਕੇਗੀ। ਇਸ ਨਾਲ ਮਰੀਜ਼ਾਂ ਦੇ ਨਾਲ-ਨਾਲ ਵਿਭਾਗ ਨੂੰ ਵੀ ਫਾਇਦਾ ਹੋਵੇਗਾ। ਇਹ ਸੂਬੇ ਦੇ ਸਰਕਾਰੀ ਹਸਪਤਾਲਾਂ ’ਚ ਸਵਾਈਨ ਫਲੂ ਦੀ ਜਾਂਚ ਕਰਨ ਵਾਲੀ ਪਹਿਲੀ ਲੈਬ ਹੋਵੇਗੀ। ਇਸ ਤੋਂ ਪਹਿਲਾਂ ਇਹ ਸਹੂਲਤ ਸਰਕਾਰੀ ਮੈਡੀਕਲ ਕਾਲਜਾਂ ਵਿਚ ਉਪਲੱਬਧ ਸੀ।
ਕੋਰੋਨਾ ਕਾਲ ਮਗਰੋਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ’ਚ ਪੁਰਾਣੇ ਜੱਚਾ-ਬੱਚਾ ਵਾਰਡ ਤੇ ਟੀਬੀ ਵਾਰਡ ’ਚ ਆਰਟੀਪੀਸੀਆਰ ਲੈਬ ਸਥਾਪਿਤ ਕੀਤੀ ਗਈ ਸੀ। ਸਿਹਤ ਵਿਭਾਗ ਵੱਲੋਂ ਇਸ ਲੈਬ ਨੂੰ ਅੱਪਡੇਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਲੈਬ ’ਚ ਵੱਖਰਾ ਦਾਖਲਾ, ਸੈਂਪਲ ਲੈਣ ਵਾਲਾ ਕਮਰਾ ਤੇ ਸੈਂਪਲ ਜਾਂਚ ਕਰਨ ਅਤੇ ਸਟੋਰ ਕਰਨ ਦੇ ਪ੍ਰਬੰਧਾਂ ਦਾ ਵਿਸਥਾਰ ਕੀਤਾ ਜਾਵੇਗਾ। ਇਸ ਲਈ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ। ਲੈਬ ਵਿਚ ਸੀਸੀਟੀਵੀ ਕੈਮਰੇ ਵੀ ਲਾਏ ਜਾ ਰਹੇ ਹਨ। ਲੈਬ ਵਿਚ ਦਾਖਲਾ ਵੀ ਵੱਖਰਾ ਹੋਵੇਗਾ।
ਲੈਬ ’ਚ ਇਕ ਰਿਸਰਚ ਅਫਸਰ, ਇਕ ਸਹਾਇਕ ਰਿਸਰਚ ਅਫਸਰ ਤੇ ਤਿੰਨ ਲੈਬ ਟੈਕਨੀਸ਼ੀਅਨ ਤਾਇਨਾਤ ਹਨ। ਇਸ ਸਮੇਂ ਲੈਬ ਵਿਚ ਰੋਜ਼ਾਨਾ ਕੋਰੋਨਾ ਦੀ ਜਾਂਚ ਲਈ 5 ਤੋਂ 7 ਸੈਂਪਲ ਆ ਰਹੇ ਹਨ। ਲੈਬ ’ਚ ਤਾਇਨਾਤ ਸਟਾਫ ਅਨੁਸਾਰ ਜਿੱਥੇ ਆਧੁਨਿਕ ਤਕਨਾਲੋਜੀ ਨਾਲ ਲੈਬ ਉਪਕਰਨ ਸਥਾਪਿਤ ਕੀਤੇ ਗਏ ਹਨ, ਭਵਿੱਖ ਵਿਚ ਵਿਸਥਾਰ ਨੂੰ ਸਹੂਲਤ ਮੁਤਾਬਕ ਅੱਪਡੇਟ ਕੀਤਾ ਜਾਵੇਗਾ। ਲੈਬ ’ਚ ਰੋਜ਼ਾਨਾ 300 ਤੋਂ 500 ਤੱਕ ਸੈਂਪਲ ਟੈਸਟ ਕਰਨ ਦੀ ਸਹੂਲਤ ਹੈ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਦਾ ਕਹਿਣਾ ਹੈ ਕਿ ਲੈਬ ਨੂੰ ਅੱਪਡੇਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਮਾਰਤ ’ਚ ਸੈਂਪਲ ਲੈਣ ਦਾ ਵਾਲ ਕਮਰਾ, ਸਵਾਗਤ ਕਮਰਾ ਤੇ ਦਾਖਲਾ ਵੱਖਰੇ ਰਸਤੇ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਲੈਬ ਤੋਂ ਕਿਸੇ ਹੋਰ ਵਿਅਕਤੀ ਨੂੰ ਇਨਫੈਕਸ਼ਨ ਦਾ ਖ਼ਤਰਾ ਨਾ ਰਹੇ। ਲੈਬ ਨੂੰ ਅੱਪਡੇਟ ਕਰਨ ਨਾਲ ਸਵਾਈਨ ਫਲੂ ਤੇ ਕਾਲਾ ਪੀਲੀਆ ਦੀ ਜਾਂਚ ਕਰਨ ਦੀ ਵਿਵਵਸਥਾ ਕੀਤੀ ਜਾਵੇਗੀ। ਲੈਬ ਦੇ ਅੱਪਡੇਟ ਹੋਣ ਨਾਲ ਮਰੀਜ਼ਾਂ ਨੂੰ ਰਿਪੋਰਟ ਜਲਦੀ ਮਿਲੇਗੀ ਤੇ ਵਿਭਾਗ ਨੂੰ ਅੰਮ੍ਰਿਤਸਰ, ਫਰੀਦਕੋਟ, ਪਟਿਆਲਾ ਅਤੇ ਚੰਡੀਗੜ੍ਹ ਵਿਚ ਸੈਂਪਲ ਭੇਜਣ ਦੇ ਖਰਚੇ ਤੋਂ ਰਾਹਤ ਮਿਲੇਗੀ।
ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ’ਚ ਲੈਬ ਦਾ ਨਿਰਮਾਣ ਕਾਰਜ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਇਸ ਦੀ ਇੰਸਪੈਕਸ਼ਨ ਲਈ ਟੀਮਾਂ ਆਉਣਗੀਆਂ ਅਤੇ ਜਾਂਚ ਦੇ ਬਾਅਦ ਹਰੀ ਝੰਡੀ ਮਿਲੇਗੀ। ਇਸ ਸਮੇਂ ਲੈਬ ਵਿਚ ਕੰਮ ਹੋਣ ਕਾਰਨ ਸਟਾਫ ਸਿਵਲ ਹਸਪਤਾਲ ਦੀ ਮੁੱਖ ਲੈਬ ਵਿਚ ਸੇਵਾਵਾਂ ਵਜੋਂ ਕੰਮ ਕਰ ਰਿਹਾ ਹੈ।