ਹਾਫ ਮੈਰਾਥਨ ’ਚ ਰੋਬੋਟ ਨੇ ਤੋੜਿਆ ਇਨਸਾਨ ਦਾ ਵਿਸ਼ਵ ਰਿਕਾਰਡ
ਬੀਜਿੰਗ (ਪੀਟੀਆਈ) : ਹਿਊਮਨਾਈਡ
Publish Date: Sun, 19 Apr 2026 09:14 PM (IST)
Updated Date: Sun, 19 Apr 2026 09:18 PM (IST)

ਬੀਜਿੰਗ (ਪੀਟੀਆਈ) : ਹਿਊਮਨਾਈਡ ਰੋਬੋਟ ਨੇ ਹਾਫ ਮੈਰਾਥਨ ’ਚ ਇਨਸਾਨ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਐਤਵਾਰ ਨੂੰ ਆਯੋਜਿਤ ਇਸ ਦੌੜ ’ਚ ਰੋਬੋਟ ਨੇ 21 ਕਿਲੋਮੀਟਰ ਦੀ ਦੌੜ ਸਿਰਫ 50 ਮਿੰਟ ਤੇ 26 ਸੈਕਿੰਡ ’ਚ ਪੂਰੀ ਕਰਕੇ ਮਨੁੱਖੀ ਵਿਸ਼ਵ ਰਿਕਾਰਡ ਤੋੜਿਆ। ਹਿਊਮਨਾਈਡ ਅਜਿਹੇ ਰੋਬੋਟ ਹੁੰਦੇ ਹਨ, ਜਿਨ੍ਹਾਂ ਦੀ ਰਚਨਾ ਤੇ ਕੰਮ ਕਰਨ ਦੀ ਸਮਰੱਥਾ ਇਨਸਾਨਾਂ ਵਰਗੀ ਹੁੰਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੀ ਸੈਨਜੇਨ ਆਨਰ ਸਮਾਰਟ ਟੈਕਨੋਲੋਜੀ ਡਿਵੈੱਲਪਮੈਂਟ ਕੰਪਨੀ ਲਿਮਟਿਡ ਵੱਲੋਂ ਤਿਆਰ ਹਿਊਮਨਾਈਡ ਰੋਬੋਟ ਫਲੈਸ਼ ਨੇ 2026 ਬੀਜਿੰਗ ਈ-ਟਾਊਨ ਹਾਫ ਮੈਰਾਥਨ ’ਚ ਜਿੱਤ ਹਾਸਲ ਕੀਤੀ ਤੇ 57.20 ਦੇ ਮਨੁੱਖੀ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ। ਪੁਰਸ਼ਾਂ ਦੀ ਹਾਫ ਮੈਰਾਥਨ ਦਾ ਵਿਸ਼ਵ ਰਿਕਾਰਡ ਪਿਛਲੇ ਮਹੀਨੇ ਪੁਰਤਗਾਲ ਦੇ ਲਿਸਬਨ ਹਾਫ ਮੈਰਾਥਨ ’ਚ ਯੁਗਾਂਡਾ ਦੇ ਸਟਾਰ ਦੌੜਾਕ ਜੈਕਬ ਕਿਪਲਿਮੋ ਨੇ ਬਣਾਇਆ ਸੀ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਨੇ ਦੱਸਿਆ ਕਿ ਪ੍ਰਤੀਯੋਗਿਤਾ ਦੇ ਨਿਯਮਾਂ ਅਨੁਸਾਰ ਰੋਬੋਟ ਤੇ ਇਨਸਾਨਾਂ ਨੇ 21 ਕਿਲੋਮੀਟਰ ਦੀ ਦੌੜਾ ਲਗਾਈ, ਪਰ ਸੁਰੱਖਿਆ ਯਕੀਨੀ ਕਰਨ ਲਈ ਵੱਖ-ਵੱਖ ਲੇਨ ’ਚ ਦੌੜੇ। ਹਾਫ ਮੈਰਾਥਨ ਦੇ ਪੁਰਸ਼ ਵਰਗ ’ਚ ਚੀਨ ਦੇ ਝਾਓ ਹਾਈਜੀ ਨੇ ਇਕ ਘੰਟਾ, ਸੱਤ ਮਿੰਟ ਤੇ 47 ਸੈਕਿੰਡ ’ਚ ਪੁਰਸ਼ਾਂ ਦਾ ਖਿਤਾਬ ਜਿੱਤਿਆ ਜਦਕਿ ਉਨ੍ਹਾਂ ਦੀ ਹਮਵਤਨ ਵਾਂਗ ਕਿਆਓਕਸੀਆ ਨੇ 1.18.06 ਦੇ ਸਮੇਂ ਨਾਲ ਔਰਤਾਂ ਦੀ ਦੌੜ ’ਚ ਜਿੱਤ ਹਾਸਲ ਕੀਤੀ।