ਐਕਟਿਵਾ ’ਤੇ ਜਾ ਰਹੀ ਮਾਂ-ਧੀ ਦਾ ਪਰਸ ਝਪਟਿਆ
ਐਕਟਿਵਾ ’ਤੇ ਜਾ ਰਹੀ ਮਾਂ ਧੀ ਦਾ ਪਰਸ ਝਪਟ ਲੁਟੇਰੇ ਫਰਾਰ
Publish Date: Thu, 30 Oct 2025 10:47 PM (IST)
Updated Date: Thu, 30 Oct 2025 10:48 PM (IST)

-ਪਰਸ ’ਚ ਸੀ ਨਗਦੀ, ਸੋਨੇ ਦੀ ਮੁੰਦਰੀ, ਮੋਬਾਈਲ ਤੇ ਘਰ ਦੀਆਂ ਚਾਬੀਆਂ         ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਇਸ ਵੇਲੇ ਚੋਰਾਂ ਤੇ ਲੁਟੇਰਿਆਂ ਦਾ ਰਾਜ ਚੱਲ ਰਿਹਾ ਹੈ ਕਮਿਸ਼ਨਰੇਟ ਪੁਲਿਸ ਵੱਲੋਂ ਭਾਵੇਂ ਸੁਰੱਖਿਆ ਦੇ ਸਖਤ ਇੰਤਜਾਮਾਂ ਦੀ ਗੱਲਬਾਤ ਕੀਤੀ ਜਾ ਰਹੀ ਹੈ ਪਰ ਇਸਦੇ ਉਲਟ ਸ਼ਹਿਰ ’ਚ ਇਸ ਵੇਲੇ ਚੋਰਾਂ ਤੇ ਲੁਟੇਰਿਆਂ ਨੇ ਦਹਿਸ਼ਤ ਫੈਲਾਈ ਹੋਈ ਹੈ। ਹਾਲੇ ਵੀਰਵਾਰ ਸਵੇਰੇ ਭਾਰਗੋ ਕੈਂਪ ਦੇ ਇਲਾਕੇ ’ਚ ਇਕ ਸੁਨਿਆਰੇ ਦੀ ਦੁਕਾਨ ’ਤੇ ਹੋਏ ਲੁੱਟ ਦਾ ਮਾਮਲਾ ਠੰਢਾ ਵੀ ਨਹੀਂ ਹੋਇਆ ਸੀ ਕਿ ਸ਼ਾਮ ਵੇਲੇ ਕਪੂਰਥਲਾ ਰੋਡ ’ਤੇ ਸਥਿਤ ਇਕ ਹਸਪਤਾਲ ਦੇ ਕੋਲ ਬਾਈਕ ਸਵਾਰ ਦੋ ਲੁਟੇਰਿਆਂ ਨੇ ਐਕਟਿਵਾ ’ਤੇ ਜਾ ਰਹੀ ਮਾਂ ਧੀ ਦੇ ਹੱਥੋਂ ਪਰਸ ਝਪਟ ਲਿਆ। ਪਰਸ ’ਚ ਹਜ਼ਾਰਾਂ ਦੀ ਨਗਦੀ, ਸੋਨੇ ਦੀ ਮੁੰਦਰੀ ਤੇ ਮੋਬਾਇਲ ਤੋਂ ਇਲਾਵਾ ਘਰ ਦੀਆਂ ਚਾਬੀਆਂ ਵੀ ਸਨ। ਪਰਸ ਝਪਟਣ ਵੇਲੇ ਐਕਟਵਾ ਚਲਾ ਰਹੀ ਲੜਕੀ ਬੜੀ ਮੁਸ਼ਕਿਲ ਐਕਟਵਾ ਨੂੰ ਸੰਭਾਲ ਸਕੀ ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਲੱਗਣ ਤੋਂ ਬਚ ਗਈਆਂ।           ਜਾਣਕਾਰੀ ਅਨੁਸਾਰ ਹਰਦੇਵ ਨਗਰ ਵਾਸੀ ਮਾਂ ਧੀ ਆਪਣੀ ਐਕਟਵਾ ਤੇ ਬਾਜ਼ਾਰ ’ਚ ਸ਼ੌਪਿੰਗ ਕਰਨ ਲਈ ਜਾ ਰਹੀਆਂ ਸਨ ਜਦ ਉਹ ਕਪੂਰਥਲਾ ਰੋਡ ਦੇ ਸਰਸਵਤੀ ਵਿਹਾਰ ਲਾਗੇ ਪਹੁੰਚੀਆਂ ਤਾਂ ਪਿੱਛੋਂ ਦੀ ਸਪਲੈਂਡਰ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾ ਨੇ ਪਿੱਛੇ ਬੈਠੀ ਮਾਂ ਦੇ ਹੱਥ ’ਚ ਫੜਿਆ ਪਰਸ ਝਪਟ ਲਿਆ ਤੇ ਤੇਜ ਰਫਤਾਰ ਨਾਲ ਮੌਕੇ ਤੋਂ ਫਰਾਰ ਹੋ ਗਏ। ਉਨਾਂ ਵੱਲੋਂ ਰੋਲਾਂ ਪਾੳਣ ’ਤੇ ਮੌਕੇ ’ਤੇ ਮੌਜੂਦ ਦੋ ਨੌਜਵਾਨਾਂ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੂੰ ਫੜਨ ’ਚ ਉਹ ਕਾਮਯਾਬ ਨਹੀਂ ਹੋ ਸਕੇ। ਮਹਿਲਾ ਨੇ ਦੱਸਿਆ ਕਿ ਪਰਸ ’ਚ 20 ਹਜਾਰ ਰੁਪਏ ਦੀ ਨਗਦੀ ਇਕ ਸੋਨੇ ਦੀ ਮੁੰਦਰੀ ਤੇ ਮੋਬਾਇਲ ਤੋਂ ਇਲਾਵਾ ਘਰ ਦੀਆਂ ਚਾਬੀਆਂ ਵੀ ਸਨ।             ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਦੋ ਦੇ ਡਿਊਟੀ ਅਫਸਰ ਏਐੱਸਆਈ ਗੋਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਪੀੜਿਤ ਮਾਂ ਧੀ ਦੇ ਬਿਆਨ ਦਰਜ ਕੀਤੇ। ਏਐੱਸਆਈ ਗੋਪਾਲ ਸਿੰਘ ਨੇ ਦੱਸਿਆ ਕਿ ਉਨਾਂ ਨੇ ਬਿਆਨ ਦਰਜ ਕਰ ਲਏ ਹਨ ਤੇ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਿਆ ਦੀ ਫੁਟੇਜ ਚੈੱਕ ਰਹੇ ਹਨ। ਉਮੀਦ ਹੈ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।