ਵਿਦਿਆਰਥਣ ਕੋਲੋਂ ਮੋਬਾਇਲ ਖੋਹ ਕੇ ਲੁਟੇਰੇ ਫ਼ਰਾਰ, ਇਲਾਕੇ ’ਚ ਦਹਿਸ਼ਤ ਦਾ ਮਾਹੌਲ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 30 May 2026 10:44 PM (IST)
Updated Date: Sat, 30 May 2026 10:47 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਥਾਣਾ ਡਵੀਜ਼ਨ-1 ਅਧੀਨ ਆਉਂਦੀ ਗੁਰੂ ਅਮਰਦਾਸ ਕਾਲੋਨੀ ’ਚ ਦੇਰ ਸ਼ਾਮ ਕਾਲਜ ਵਾਪਸ ਆ ਰਹੀ ਵਿਦਿਆਰਥਣ ਦਾ ਮੋਟਰਸਾਈਕਲ ਸਵਾਰ ਲੁਟੇਰੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਲੁੱਟ-ਖੋਹ ਦਾ ਸ਼ਿਕਾਰ ਹੋਈ ਐੱਨਆਈਟੀ ਕਾਲਜ ਦੀ ਵਿਦਿਆਰਥਣ ਸ਼ੁਭੀ ਗੁਲਾਟੀ ਪੁੱਤਰੀ ਦੀਪਕ ਗੁਲਾਟੀ ਵਾਸੀ ਗੁਰੂ ਅਮਰਦਾਸ ਨਗਰ ਨੇ ਦੱਸਿਆ ਕਿ ਉਹ ਨੋਇਡਾ ਤੋਂ ਜਲੰਧਰ ਆ ਕੇ ਗੁਰੂ ਅਮਰਦਾਸ ਕਾਲੋਨੀ ਦੇ ਬਾਹਰ ਆਟੋ ਤੋਂ ਉੱਤਰ ਕੇ ਜਦ ਆਪਣੇ ਘਰ ਜਾ ਰਹੀ ਸੀ ਤਾਂ ਗੁਰਦੁਆਰਾ ਸਾਹਿਬ ਤੋਂ ਕੁਝ ਹੀ ਦੂਰੀ ’ਤੇ ਮੋੜ ਮੁੜੀ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਸ ਕੋਲੋ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਰੌਲਾ ਪਾਏ ਜਾਣ ’ਤੇ ਲੁਟੇਰੇ ਆਪਣੇ ਮੋਟਰਸਾਈਕਲ ਦੀ ਰਫਤਾਰ ਤੇਜ਼ ਕਰਕੇ ਫਰਾਰ ਹੋ ਗਏ। ਲੁੱਟ ਦੀ ਘਟਨਾ ਸੀਸੀਟੀਵੀ ’ਚ ਕੈਦ ਹੋਈ ਹੈ।
---
ਨਿੱਤ ਹੁੰਦੀਆਂ ਨੇ ਇਲਾਕੇ ’ਚ ਲੁੱਟਾਂ ਖੋਹਾਂ
ਇਲਾਕੇ ਦੇ ਸਾਬਕਾ ਕੌਂਸਲਰ ਦੇ ਪਤੀ ਤੇ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਇਲਾਕੇ ’ਚ ਲੁਟੇਰੇ ਚੁਸਤ ਤੇ ਪੁਲਿਸ ਸੁਸਤ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਨਿੱਤ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਨੇ ਰੋਸ ਜਤਾਉਂਦਿਆਂ ਹੋਇਆਂ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਪਲੰਬਰ ਦਾ ਕੰਮ ਕਰਨ ਆਏ ਵਿਅਕਤੀ ਦਾ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਸੀ ਤਾਂ ਜਦੋਂ ਉਹ ਕੰਮ ਕਰਕੇ ਬਾਹਰ ਨਿਕਲਿਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਇਹ ਘਟਨਾ ਸੀਸੀਟੀਵੀ ’ਚ ਕੈਦ ਹੋਈ ਹੈ। ਫੁਟੇਜ ’ਚ ਚੋਰ ਦਾ ਚਿਹਰਾ ਸਾਫ ਦਿਖਾਈ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਬਾਹਰ ਤੋਂ ਵੀ ਮੱਥਾ ਟੇਕਣ ਆਈ ਸੰਗਤ ਦਾ ਮੋਟਰਸਾਈਕਲ ਵੀ ਚੋਰੀ ਹੋਇਆ ਸੀ ਪਰ ਅਜੇ ਤੱਕ ਪੁਲਿਸ ਵੱਲੋਂ ਨਾ ਤਾਂ ਕੋਈ ਕੇਸ ਦਰਜ ਕੀਤਾ ਗਿਆ ਤੇ ਨਾ ਹੀ ਉਸਦੀ ਤਫਤੀਸ਼ ਕੀਤੀ ਗਈ।
ਇਸ ਸਬੰਧੀ ਥਾਣਾ ਮੁਖੀ ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਖੰਘਾਲੀ ਗਈ ਹੈ, ਜਿਸ ’ਚ ਨਜ਼ਰ ਆ ਰਿਹਾ ਹੈ ਕਿ ਦੋ ਮੋਟਰਸਾਈਕਲ ਸਵਾਰ ਲੁਟੇਰੇ ਲੁੱਟ-ਖੋਹ ਕਰ ਰਹੇ ਹਨ, ਜਿਨ੍ਹਾਂ ਨੇ ਮੂੰਹ ਢਕੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕੇਸ ਦਰਜ ਕੀਤਾ ਜਾ ਰਿਹਾ ਹੈ।