ਜਾਸ, ਜਲੰਧਰ :

ਜਾਸ, ਜਲੰਧਰ : ਨੈਸ਼ਨਲ ਹਾਈਵੇ ਦੇ ਸਰਵਿਸ ਰੋਡ 'ਤੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪ ਲਾਈਨ ਪਾਉਣ ਲਈ ਠੇਕੇਦਾਰ ਕੰਪਨੀ ਨੇ ਫਰਵਰੀ ’ਚ ਹੀ ਲੰਮਾ ਪਿੰਡ ਤੋਂ ਪਠਾਨਕੋਟ ਚੌਕ ਤੇ ਟ੍ਰਾਂਸਪੋਰਟ ਨਗਰ ਤੋਂ ਫੋਕਲ ਪੁਆਇੰਟ ਚੌਕ ਤੱਕ ਦੀਆਂ ਸੜਕਾਂ ਪੁੱਟ ਦਿੱਤੀਆਂ ਸਨ। ਲਗਪਗ ਦੋ ਮਹੀਨੇ ਬਾਅਦ ਹੁਣ ਪਾਈਪਾਂ ਪਾਉਣ ਮਗਰੋਂ ਉੱਪਰੋਂ ਮਿੱਟੀ ਪਾ ਦਿੱਤੀ ਗਈ ਹੈ। ਇਸ ਕਾਰਨ ਬੇਮੌਸਮ ਮੀਂਹ ਕਾਰਨ ਕਈ ਥਾਵਾਂ 'ਤੇ ਟੋਏ ਤੇ ਸੜਕਾਂ ਉੱਚੀਆਂ-ਨੀਵੀਆਂ ਹੋ ਗਈਆਂ ਹਨ। ਇਸ ਕਾਰਨ ਚਾਰ ਪਹੀਆ ਤੋਂ ਲੈ ਕੇ ਦੋਪਹੀਆ ਵਾਹਨਾਂ ਦੀ ਆਵਾਜਾਈ ਮੁਸ਼ਕਲ ਹੋ ਗਈ ਹੈ ਤੇ ਪੂਰਾ ਦਿਨ ਉੱਡਦੀ ਧੂੜ-ਮਿੱਟੀ ਕਾਰਨ ਵਾਹਨ ਚਾਲਕਾਂ ਤੇ ਆਸ-ਪਾਸ ਦੇ ਦੁਕਾਨਦਾਰਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਦੂਜੇ ਪਾਸੇ, ਠੇਕੇਦਾਰ ਕੰਪਨੀ ਨੇ ਹੁਣ ਸਰਵਿਸ ਰੋਡ ਦੀ ਦੂਜੀ ਪਾਸੇ ਪਠਾਨਕੋਟ ਚੌਕ ਤੋਂ ਟ੍ਰਾਂਸਪੋਰਟ ਨਗਰ ਹੋ ਕੇ ਸ਼ਹੀਦ ਭਗਤ ਸਿੰਘ ਕਾਲੋਨੀ ਨੇੜਲੇ ਨਹਿਰ ਤੱਕ ਪਾਈਪ ਪਾਉਣ ਲਈ ਪੁਟਾਈ ਦਾ ਕੰਮ ਪਿਛਲੇ ਹਫ਼ਤੇ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਾਅਦ ਫੋਕਲ ਪੁਆਇੰਟ ਤੋਂ ਪਠਾਨਕੋਟ ਚੌਕ ਤੱਕ ਆਉਣ ਵਾਲੇ ਵਾਹਨਾਂ ਲਈ ਇੱਕੋ-ਇਕ ਰਸਤਾ ਟੁੱਟੀ ਸੜਕ ਵਾਲਾ ਹੀ ਬਚਿਆ ਹੈ, ਇਸ ਤੋਂ ਬਣਨ ਦੀ ਉਮੀਦ ਇਸ ਵੇਲੇ ਨਹੀਂ ਹੈ।
---
ਹਾਲੇ ਦੋ ਮਹੀਨੇ ਚੱਲੇਗਾ ਪਾਈਪ ਪਾਉਣ ਦਾ ਕੰਮ
ਸਰਫੇਸ ਵਾਟਰ ਪ੍ਰੋਜੈਕਟ ਦੀ ਨੋਡਲ ਏਜੰਸੀ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਐੱਸਡੀਓ ਪਦਮਦੀਪ ਸਿੰਘ ਨੇ ਦੱਸਿਆ ਕਿ ਸਰਵਿਸ ਰੋਡ 'ਤੇ ਪਾਈਪਾਂ ਪਾਉਣ ਦਾ ਕੰਮ ਪੂਰਾ ਹੋਣ ’ਚ ਅਗਲੇ ਦੋ ਮਹੀਨੇ ਲੱਗਣਗੇ। ਲੰਮਾ ਪਿੰਡ ਤੋਂ ਸੂਰਿਆ ਇਨਕਲੇਵ ਤੱਕ ਪਾਈਪ ਪਾਉਣ ਦਾ ਕੰਮ ਅੱਧੇ ਤੋਂ ਵੱਧ ਹੋ ਚੁੱਕਾ ਹੈ, ਜਦਕਿ ਪਠਾਨਕੋਟ ਚੌਕ ਤੋਂ ਸ਼ਹੀਦ ਭਗਤ ਸਿੰਘ ਕਾਲੋਨੀ ਨਹਿਰ ਤੱਕ ਪਾਈਪ ਪਾਉਣ ਮਗਰੋਂ ਫੋਕਲ ਪੁਆਇੰਟ ਚੌਕ ਤੋਂ ਵੇਰਕਾ ਮਿਲਕ ਪਲਾਂਟ ਤੱਕ ਪਾਈਪ ਪਾਉਣ ਲਈ ਸੜਕ ਦੀ ਪੁਟਾਈ ਦਾ ਕੰਮ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਹੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਸਕੇਗਾ।
---
ਪੁੱਟਣ ਮਗਰੋਂ ਪਾਣੀ ਦਾ ਛਿੜਕਾਅ ਬੰਦ
ਠੇਕੇਦਾਰ ਕੰਪਨੀ ਨੇ ਧੂੜ-ਮਿੱਟੀ ਦੇ ਉੱਡਦੇ ਗੁਬਾਰ ਨੂੰ ਰੋਕਣ ਲਈ ਪਾਣੀ ਦੇ ਟੈਂਕਰ ਨਾਲ ਛਿੜਕਾਅ ਕੀਤਾ ਸੀ ਪਰ ਪੁੱਟਣ ਮਗਰੋਂ ਤੇਜ਼ ਹਵਾ ’ਚ ਧੂੜ-ਮਿੱਟੀ ਦੇ ਗੁਬਾਰ ਨਾਲ ਪਰੇਸ਼ਾਨੀ ਵਧਣ ਦੇ ਬਾਵਜੂਦ ਪਾਣੀ ਦਾ ਛਿੜਕਾਅ ਬੰਦ ਹੈ।
---
ਸਭ ਤੋਂ ਅਖ਼ੀਰ ’ਚ ਹੋਵੇਗਾ ਚੌਕਾਂ ’ਚ ਪਾਈਪਾਂ ਦੇ ਕੁਨੈਕਸ਼ਨ ਦਾ ਕੰਮ
ਨੋਡਲ ਏਜੰਸੀ ਦੇ ਐੱਸਡੀਓ ਪਦਮਦੀਪ ਸਿੰਘ ਨੇ ਦੱਸਿਆ ਕਿ ਲੰਮਾ ਪਿੰਡ, ਪਠਾਨਕੋਟ ਚੌਕ, ਟ੍ਰਾਂਸਪੋਰਟ ਨਗਰ ਚੌਕ ਤੇ ਫੋਕਲ ਪੁਆਇੰਟ ਚੌਕ ਦੇ ਅੱਗੇ-ਪਿੱਛੇ ਦੀਆਂ ਸੜਕ 'ਤੇ ਪਾਈਪਾਂ ਪਾ ਦਿੱਤੀਆਂ ਗਈਆਂ ਹਨ। ਜਿੱਥੇ ਚੌਕ 'ਤੇ ਦੋਵੇਂ ਪਾਸਿਆਂ ਦੀਆਂ ਪਾਈਪਾਂ ਨੂੰ ਜੋੜਨ ਕਰਨ ਦਾ ਕੰਮ ਸਭ ਤੋਂ ਅਖੀਰ ’ਚ ਕੀਤਾ ਜਾਵੇਗਾ, ਕਿਉਂਕਿ ਇਸ ਕੰਮ ਲਈ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰਨੀ ਪਵੇਗੀ। ਉਦੋਂ ਟ੍ਰੈਫਿਕ ਪੁਲਿਸ ਨਾਲ ਸਹਿਯੋਗ ਕਰਕੇ ਟੀਮ ਦੀ ਮੌਜੂਦਗੀ ’ਚ ਰਾਤ ਵੇਲੇ ਕੰਮ ਕਰਨਾ ਹੋਵੇਗਾ।
---
ਟ੍ਰੈਫਿਕ ਦੀ ਪਰੇਸ਼ਾਨੀ ਘਟਾਉਣ ਲਈ ਪਹਿਲਾਂ ਹੋਵੇਗਾ ਮੁਰੰਮਤ ਦਾ ਕੰਮ
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਜਲੰਧਰ ਡਵੀਜ਼ਨ ਦੇ ਪੀਡੀ ਸੰਜੈ ਮਿਸ਼ਰ ਦਾ ਕਹਿਣਾ ਹੈ ਕਿ ਪਾਈਪ ਲਾਈਨ ਪਾਉਣ ਮਗਰੋਂ ਮੌਨਸੂਨ ’ਚ ਪੁਟਾਈ ਵਾਲੀ ਜਗ੍ਹਾ 'ਤੇ ਮਿੱਟੀ ਪੂਰੀ ਤਰ੍ਹਾਂ ਬੈਠ ਜਾਣ ਮਗਰੋਂ ਨਵੀਂ ਸੜਕ ਬਣੇਗੀ। ਉਸ ਤੋਂ ਪਹਿਲਾਂ ਜਲਦੀ ਹੀ ਸੜਕ ਨੂੰ ਚੱਲਣ ਬਣਾਉਣ ਲਈ ਮੁਰੰਮਤ ਦਾ ਕੰਮ ਕਰਵਾਇਆ ਜਾਵੇਗਾ ਤਾਂ ਜੋ ਟ੍ਰੈਫਿਕ ਵਿਚ ਪਰੇਸ਼ਾਨੀ ਘੱਟ ਹੋ ਸਕੇ।