ਜਾਸ, ਜਲੰਧਰ : ਵਾਰਡ

ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰਬਰ 85 ਦੇ ਬਾਬਾ ਮੋਹਨ ਦਾਸ ਨਗਰ ਤੇ ਵੀਨਸ ਵੈਲੀ ’ਚ 5 ਮਹੀਨੇ ਪਹਿਲਾਂ ਬਣਾਈ ਗਈ ਕੰਕਰੀਟ ਸੜਕ ਉਖੜ ਗਈ ਹੈ। ਇਹ ਸੜਕ ਕਈ ਥਾਵਾਂ ਤੋਂ ਟੁੱਟ ਕੇ ਹਿੱਸਿਆਂ ਵਿਚ ਵੰਡ ਗਈ ਹੈ। ਇਸ ਸੜਕ ਦੇ ਨਿਰਮਾਣ 'ਤੇ ਲਗਪਗ 47 ਲੱਖ ਰੁਪਏ ਖਰਚ ਹੋਏ ਸਨ। ਇਲਾਕੇ ਦੇ ਲੋਕਾਂ ’ਚ ਭਾਰੀ ਨਾਰਾਜ਼ਗੀ ਹੈ। ਜਲੰਧਰ ਨਾਰਥ ਦੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਨੇ ਸੜਕ ਦਾ ਮੌਕਾ ਮੁਆਇਨਾ ਕੀਤਾ ਤੇ ਨਗਰ ਨਿਗਮ ਦੇ ਕੰਮਕਾਜ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਠੇਕੇਦਾਰ ਤੋਂ ਦੁਬਾਰਾ ਸੜਕ ਬਣਵਾਏ ਤੇ ਪੂਰੇ ਮਾਮਲੇ ਦੀ ਜਾਂਚ ਕਰ ਕੇ ਠੇਕੇਦਾਰ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਵਾਰਡ ਦੇ ਕਾਂਗਰਸ ਇੰਚਾਰਜ ਅਨਮੋਲ ਕਾਲੀਆ ਵੀ ਮੌਕੇ 'ਤੇ ਪੁੱਜੇ ਤੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਨਤਾ ਦੇ ਟੈਕਸ ਦੇ ਪੈਸੇ ਨਾਲ ਬਣੀ ਸੜਕ 5 ਮਹੀਨੇ ਵੀ ਨਹੀਂ ਟਿਕੀ। ਲੋਕਾਂ ਦਾ ਦੋਸ਼ ਹੈ ਕਿ ਸੜਕ ਬਣਾਉਣ ’ਚ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ। ਜਿਵੇਂ ਹੀ ਗਰਮੀ ਸ਼ੁਰੂ ਹੋਈ, ਸੜਕ ਉਖੜਣ ਲੱਗੀ। ਇਸ ਮਾਮਲੇ ਵਿਚ ਨਗਰ ਨਿਗਮ ਦੇ ਬਿਲਡਿੰਗ ਤੇ ਰੋਡਸ ਡਿਪਾਰਟਮੈਂਟ ਦੇ ਐੱਸਈ ਰਾਹੁਲ ਧਵਨ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਉਹ ਇਸ ਦੀ ਜਾਂਚ ਕਰਵਾਉਣਗੇ ਅਤੇ ਮੌਕੇ 'ਤੇ ਟੀਮ ਭੇਜੀ ਜਾ ਰਹੀ ਹੈ। ਜਾਂਚ ਰਿਪੋਰਟ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਜਲਦੀ ਸੜਕ ਦੀ ਮਰੰਮਤ ਨਹੀਂ ਕੀਤੀ ਗਈ ਤੇ ਦੋਸ਼ੀਆਂ 'ਤੇ ਕਾਰਵਾਈ ਨਹੀਂ ਹੋਈ ਤਾਂ ਉਹ ਨਗਰ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕਰਨਗੇ। ਇਹ ਸੜਕ ਦਸੰਬਰ 2025 ’ਚ ਬਣਾਈ ਗਈ ਸੀ ਤੇ 21 ਮਈ 2026 ਨੂੰ ਗਰਮੀ ਕਾਰਨ ਸੜਕ ਜਗ੍ਹਾ-ਜਗ੍ਹਾ ਤੋਂ ਟੁੱਟ ਗਈ ਹੈ। ਮੌਕੇ 'ਤੇ ਪੁੱਜੇ ਸੀਤਾ ਰਾਣਾ ਤੇ ਨਿਤਿਨ ਮਹਾਜਨ ਨੇ ਨਗਰ ਨਿਗਮ ਖ਼ਿਲਾਫ਼ ਨਾਰਾਜਗੀ ਜ਼ਾਹਰ ਕੀਤੀ।
ਇਸ ਦੌਰਾਨ ਭਾਜਪਾ ਦੇ ਪ੍ਰਦੇਸ਼ ਉਪ ਪ੍ਰਧਾਨ ਕੇ.ਡੀ. ਭੰਡਾਰੀ ਨੇ ਕਿਹਾ ਕਿ ‘ਆਪ’ ਸਰਕਾਰ ਆਮ ਲੋਕਾਂ ਦੀਆਂ ਸਹੂਲਤਾਂ ਨੂੰ ਲੈ ਕੇ ਕਿੰਨੀ ਗੰਭੀਰ ਹੈ, ਇਸ ਦਾ ਸਬੂਤ ਬਾਬਾ ਮੋਹਨ ਦਾਸ ਨਗਰ ਤੇ ਵੀਨਸ ਵੈਲੀ ਸੜਕ ਬਣਾਉਣ ਤੋਂ ਲਾਇਆ ਜਾ ਸਕਦਾ ਹੈ। ਸੜਕ ਦਾ ਉਦਘਾਟਨ 30 ਜੁਲਾਈ 2025 ਨੂੰ ‘ਆਪ’ ਕੌਂਸਲਰ ਤੇ ਹਲਕੇ ਦੇ ਇੰਚਾਰਜ ਨੇ ਕੀਤਾ। 4 ਮਹੀਨੇ ਬਾਅਦ ਸੜਕ ਬਣੀ ਪਰ ਇਹ ਸੜਕ ਜਗ੍ਹਾ-ਜਗ੍ਹਾ ਤੋਂ ਟੁੱਟ ਗਈ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸੜਕ ਬਣਾਉਣ ਵਿਚ ਕਿਸ ਤਰ੍ਹਾਂ ਦੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ, ਇਸ ਦਾ ਅੰਦਾਜ਼ਾ ਸੜਕ ਨੂੰ ਦੇਖ ਕੇ ਲਾਇਆ ਜਾ ਸਕਦਾ ਹੈ।
ਇਸ ਮਾਮਲੇ ਵਿਚ ਇਲਾਕੇ ਦੇ ਬਸ਼ਿੰਦਿਆਂ ਰਿਤੇਸ਼ ਮਨੂ, ਅਨਿਲ ਬਜਾਜ, ਅਮਿਤ ਰਾਜ ਗੁਪਤਾ, ਸੀਤਾ ਰਾਣਾ, ਚੰਦਰਕਲਾ ਤੇ ਗੁਰਜੀਤ ਢਿੱਲੋਂ ਨੇ ਸਾਬਕਾ ਵਿਧਾਇਕ ਤੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ ਦੇ ਧਿਆਨ ’ਚ ਇਹ ਮਾਮਲਾ ਲਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਭੰਡਾਰੀ ਨੇ ਖੇਤਰ ਦੇ ਨਿਵਾਸੀਆਂ ਦੇ ਨਾਲ ਇਸ ਸਬੰਧੀ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਨ ਦਾ ਫੈਸਲਾ ਕੀਤਾ। ਸਾਬਕਾ ਸੀਪੀਐੱਸ ਨੇ ਕਿਹਾ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਟੈਕਸ ਵਜੋਂ ਜਮ੍ਹਾਂ ਹੋਣ ਵਾਲੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਜਲਦੀ ਹੀ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਯੂਵਾ ਕਾਂਗਰਸ ਦੇ ਆਗੂ ਅਨਮੋਲ ਕਾਲੀਆ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਜਲਦੀ ਹੀ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਨੂੰ ਸੜਕ ਦੇ ਹਾਲਾਤ ਤੇ ਨਿਰਮਾਣ ’ਚ ਲਾਪਰਵਾਹੀ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਲੋਕਾਂ ਨੇ ਮੰਗ ਕੀਤੀ ਕਿ ਸੜਕ ਦੀ ਦੁਬਾਰਾ ਗੁਣਵੱਤਾ ਨਾਲ ਮੁਰੰਮਤ ਕੀਤੀ ਜਾਵੇ ਤੇ ਜ਼ਿੰਮੇਵਾਰ ਠੇਕੇਦਾਰਾਂ-ਅਫਸਰਾਂ 'ਤੇ ਕਾਰਵਾਈ ਹੋਵੇ।
---
ਗਰਮੀਆਂ ਵਿਚ ਕੰਕਰੀਟ ਸੜਕਾਂ ਟੁੱਟਣ ਦਾ ਖ਼ਤਰਾ
ਤੇਜ਼ ਧੁੱਪ ਕਾਰਨ ਕੰਕਰੀਟ ਦੀਆਂ ਸੜਕਾਂ ਖਰਾਬ ਹੋ ਸਕਦੀਆਂ ਹਨ। ਕੰਕਰੀਟ ਦੇ ਤਾਪਮਾਨ ਤੇ ਦਬਾਅ ਵਧਣ ਨਾਲ ਫੈਲਣ ਦੀ ਸੰਭਾਵਨਾ ਵਧ ਜਾਂਦੀ ਹੈ। ਗਰਮੀਆਂ ’ਚ ਕੰਕਰੀਟ ਦੀ ਸੜਕ ਬਹੁਤ ਜ਼ਿਆਦਾ ਫੈਲਦੀ ਹੈ ਤੇ ਸਲੈਬ ਵਿਚਾਲੇ ਜਗ੍ਹਾ ਘੱਟ ਪੈ ਜਾਂਦੀ ਹੈ। ਲੋੜੋਂ ਵੱਧ ਦਬਾਅ ਕਾਰਨ ਸੜਕਾਂ ਅਚਾਨਕ ਟੁੱਟ ਜਾਂਦੀਆਂ ਹਨ। ਤਾਪਮਾਨ ’ਚ ਵਾਰ-ਵਾਰ ਹੋਣ ਵਾਲੇ ਉਤਾਰ-ਚੜ੍ਹਾਅ ਤੇ ਭਾਰੀ ਵਾਹਨਾਂ ਦਬਾਅ ਕਾਰਨ ਕੰਕਰੀਟ ’ਚ ਤਰੇੜਾਂ ਆ ਸਕਦੀਆਂ ਹਨ। ਜੋੜਾਂ ਦੇ ਕਮਜ਼ੋਰ ਹੋਣ ਜਾਂ ਘਟੀਆ ਨਿਰਮਾਣ ਸਮੱਗਰੀ ਕਾਰਨ ਕੰਢਿਆਂ ਤੋਂ ਕੰਕਰੀਟ ਉਖੜਣ ਲੱਗਦੀ ਹੈ।