ਸਮਾਰਟ ਸਿਟੀ ਦਫਤਰ ਨੇੜੇ ਪਿਆ ਟੋਇਆ ਤੇ ਸ਼ਹਿਨਾਈ ਪੈਲੇਸ ਅੱਗੇ ਧੱਸੀ ਸੜਕ
ਸਮਾਰਟ ਸਿਟੀ ਦਫੱਤਰ ਹੇਠ ਪਿਆ ਟੋਇਆ ਤੇ ਸ਼ਹਿਨਾਈ ਪੈਲੇਸ ਅੱਗੇ ਧੱਸੀ ਸੜਕ
Publish Date: Sun, 10 May 2026 07:39 PM (IST)
Updated Date: Mon, 11 May 2026 04:12 AM (IST)
ਪੰਜਾਬੀ ਜਾਗਰਣ ਪ੍ਰਤੀਨਿਧ,ਜਲੰਧਰ
‘ਦੀਵੇ ਹੇਠ ਹਨੇਰਾ’ ਦੀ ਕਹਾਵਤ ਨਗਰ ਨਿਗਮ ’ਤੇ ਸਹੀ ਉਤਰਦੀ ਹੈ ਕਿ ਸਮਾਰਟ ਸਿਟੀ ਦਫਤਰ ਦੇ ਹੇਠਾਂ ਪਾਣੀ ਦੀ ਪਾਈਪ ਲੀਕ ਹੋਣ ਕਾਰਨ ਉੱਥੇ ਪਾਣੀ ਖੜ੍ਹਾ ਹੋਣ ਕਰ ਕੇ ਲੋਕਾਂ ਕਾਫੀ ਮੁਸ਼ਕਲ ਹੋ ਰਹੀ ਸੀ ਪਰ ਪਾਣੀ ਦੀ ਲੀਕੇਜ ਤਾਂ ਠੀਕ ਹੋ ਗਈ ਪਰ ਉਥੇ ਪਾਣੀ ਨਾਲ ਪਿਆ ਟੋਇਆ ਅਜੇ ਤਕ ਨਹੀਂ ਭਰਿਆ ਗਿਆ, ਜਿਸ ਕਾਰਨ ਉਥੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਸਮਾਰਟ ਸਿਟੀ ਦੇ ਸੀਈਓ ਤੇ ਨਿਗਮ ਕਮਿਸ਼ਨਰ ਸਮੇਤ ਕਈ ਅਧਿਕਾਰੀ ਰੋਜ਼ਾਨਾ ਉਥੋਂ ਉਪਰ ਦਫਤਰ ਜਾਂਦੇ ਹਨ ਪਰ ਪਾਣੀ ਕਾਰਨ ਪਿਆ ਟੋਇਆ ਕਿਸੇ ਨੂੰ ਨਜ਼ਰ ਨਹੀਂ ਆਇਆ, ਜਦੋਂਕਿ ਲੋਕਾਂ ਵਲੋਂ ਟੋਇਆ ਠੀਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਵੈਸਟ ਵਿਧਾਨ ਸਭਾ ਹਲਕੇ ’ਚ ਪੈਂਦੇ ਮਾਡਲ ਹਾਊਸ ਦੇ ਸ਼ਹਿਨਾਈ ਪੈਲੇਸ ਨੇੜੇ ਸੜਕ ਧੱਸਣ ਕਾਰਨ ਉਥੇ ਵੀ ਕੋਈ ਹਾਦਸਾ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ ਤੇ ਉਥੇ ਦੇ ਲੋਕਾਂ ਨੇ ਲੋਕਾਂ ਨੂੰ ਚੌਕਸ ਕਰਨ ਲਈ ਉਥੇ ਇਕ ਬੂਟਾ ਖੜ੍ਹਾ ਕਰ ਦਿੱਤਾ ਹੈ ਤਾਂ ਜੋ ਕੋਈ ਵੀ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ।
ਬਾਕਸ--
ਡਾ. ਬੀਆਰ ਅੰਬੇਡਕਰ ਚੌਕ ਤੋਂ ਕਪੂਰਥਲਾ ਰੋਡ ਤਕ ਸੜਕ ਦਾ ਕੰਮ ਹੋਇਆ ਪੂਰਾ
ਇਸੇ ਤਰ੍ਹਾਂ ਹੀ ਡਾ. ਭੀਮ ਰਾਓ ਅੰਬੇਡਕਰ ਚੌਕ ਜਿਸ ਨੂੰ ਮਹਾਵੀਰ ਮਾਰਗ ਵੀ ਕਿਹਾ ਜਾਂਦਾ ਹੈ ਤੋਂ ਕਪੂਰਥਲਾ ਚੌਕ ਤਕ ਜਿਹੜੀ ਸੜਕ ਦਾ ਕੰਮ ਰਹਿੰਦਾ ਸੀ, ਉਹ ਨਗਰ ਨਿਗਮ ਨੇ ਪੂਰਾ ਕਰ ਦਿੱਤਾ ਹੈ ਤੇ ਉਥੇ ਆਵਾਜਾਈ ਨਾਰਮਲ ਹੋ ਗਈ ਹੈ। ਉਕਤ ਸੜਕ ਦਾ ਕੰਮ ਪਿਛਲੇ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ।
ਬਾਕਸ--
ਨਿਗਮ ਦਾ ਅਗਲਾ ਫੋਕਸ ਗੁਰੂ ਤੇਗ ਬਹਾਦਰ ਨਗਰ ਰੋਡ ’ਤੇ, ਡੇਢ ਸਾਲ ਤੋਂ ਬਣੀ ਹੈ ਪਰੇਸ਼ਾਨੀ
ਜਲੰਧਰ ਨਗਰ ਨਿਗਮ ਦਾ ਅਗਲਾ ਫੋਕਸ ਗੁਰੂ ਤੇਗ ਬਹਾਦਰ ਨਗਰ ਦੀ ਸੜਕ ਦਾ ਨਿਰਮਾਣ ਹੈ। ਇਹ ਸੜਕ ਡੇਢ ਸਾਲ ਤੋਂ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਅਧਿਕਾਰੀਆਂ ਅਨੁਸਾਰ ਇਸ ਸੜਕ ਦਾ ਕੰਮ ਅਗਲੇ 3 ਹਫ਼ਤਿਆਂ ’ਚ ਮੁਕੰਮਲ ਕਰ ਲਿਆ ਜਾਵੇਗਾ। ਲਤੀਫਪੁਰਾ ਤੋਂ ਗੁਰੂ ਰਵਿਦਾਸ ਚੌਕ ਤੱਕ ਸੜਕ ਦਾ ਅੱਧਾ ਹਿੱਸਾ ਬਣ ਚੁੱਕਾ ਹੈ। ਬਾਕੀ ਅੱਧੇ ’ਤੇ ਬੇਸ ਵਰਕ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਜਾਮ ਤੇ ਟੁੱਟੀਆਂ ਸੜਕਾਂ ਤੋਂ ਰਾਹਤ ਮਿਲੇਗੀ।
ਇਸ ਸਮੇਂ ਇਸ ਸੜਕ ’ਤੇ ਸਾਰਾ ਟ੍ਰੈਫਿਕ ਸਿੰਗਲ ਲੇਨ ’ਤੇ ਚੱਲਦਾ ਹੈ, ਜਿਸ ਕਾਰਨ ਦਿਨ ਵੇਲੇ ਕਈ ਟ੍ਰੈਫਿਕ ਜਾਮ ਲੱਗ ਜਾਂਦੇ ਹਨ। ਇਸ ਦੇ ਨਾਲ ਹੀ ਮੈਨਬਰੋ ਚੌਕ ਤੋਂ ਜੀਟੀਬੀ ਨਗਰ ਰੋਡ ਦਾ ਕੰਮ ਵੀ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਪਹਿਲਾਂ ਇਸ ਸੜਕ ’ਤੇ ਸਰਫੇਸ ਵਾਟਰ ਪ੍ਰਾਜੈਕਟ ਦੀ ਪਾਈਪ ਲਾਈਨ ਵਿਛਾਈ ਗਈ ਸੀ ਪਰ ਬਾਅਦ ’ਚ ਰੂਟ ਬਦਲਣ ਕਾਰਨ ਪਾਈਪਲਾਈਨ ਨੂੰ ਪੁੱਟਣਾ ਪਿਆ। ਇਸ ਸੜਕ ਨੂੰ ਲੈ ਕੇ ਕਈ ਵਾਰ ਧਰਨੇ ਮੁਜ਼ਾਹਰੇ ਹੋ ਚੁੱਕੇ ਹਨ।