ਜਾਸ, ਜਲੰਧਰ : ਅਮਰੀਕਾ-ਇਜ਼ਰਾਈਲ

ਜਾਸ, ਜਲੰਧਰ : ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਪੈਟ੍ਰੋ ਪ੍ਰੋਡਕਟਾਂ ਦੀਆਂ ਕੀਮਤਾਂ ’ਚ ਵਾਧਾ ਹੋਣ ਕਾਰਨ ਸ਼ਹਿਰ ’ਚ ਸੜਕਾਂ ਬਣਾਉਣ ਦਾ ਕੰਮ ਮੁੜ ਰੁਕ ਗਿਆ ਹੈ। ਲਗਪਗ ਇਕ ਮਹੀਨੇ ਪਹਿਲਾਂ ਵੀ ਇਸੇ ਕਾਰਨ ਕੰਮ ਰੁਕ ਗਿਆ ਸੀ ਪਰ ਠੇਕੇਦਾਰਾਂ ਨੇ ਜ਼ਰੂਰੀ ਕੰਮ ਕੀਤੇ ਸਨ। ਇਸ ਨਾਲ ਕਈ ਪ੍ਰਮੁੱਖ ਸੜਕਾਂ ਬਣਾਉਣ ਦਾ ਕੰਮ ਰੁਕਿਆ ਹੋਇਆ ਹੈ। ਜੇ ਇਹ ਹੀ ਹਾਲਾਤ ਰਹੇ ਤਾਂ ਕੰਮ ਲੰਬੇ ਸਮੇਂ ਤੱਕ ਲਟਕ ਸਕਦਾ ਹੈ। ਨਗਰ ਨਿਗਮ ਕੋਲ ਜੂਨ ਮਹੀਨੇ ਦਾ ਹੀ ਸਮਾਂ ਬਚਿਆ ਹੈ। ਜੂਨ ਮਹੀਨੇ ਦੇ ਆਖਰੀ ਹਫਤੇ ’ਚ ਪ੍ਰੀ-ਮੌਨਸੂਨ ਤੇ ਮੁੜ ਜੁਲਾਈ ’ਚ ਮੌਨਸੂਨ ਆਉਣ ਕਾਰਨ ਸਤੰਬਰ ਤੱਕ ਲੁਕ-ਬਜਰੀ ਦੀਆਂ ਸੜਕਾਂ ਨਹੀਂ ਬਣ ਸਕਦੀਆਂ। ਲੁਕ-ਬਿਟੂਮਨ ਪੈਟ੍ਰੋ ਪ੍ਰੋਡਕਟ ਹੈ ਤੇ ਜੰਗ ਕਾਰਨ ਦੁਨੀਆ ਭਰ ’ਚ ਪੈਟ੍ਰੋਲੀਅਮ ਪ੍ਰੋਡਕਟਾਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਠੇਕੇਦਾਰਾਂ ਨੂੰ ਸੜਕਾਂ ਬਣਾਉਣ ਲਈ ਜਿੰਨੀ ਲੁਕ ਦੀ ਜ਼ਰੂਰਤ ਹੈ, ਓਨੀ ਸਪਲਾਈ ਨਹੀਂ ਹੋ ਰਹੀ। ਨਾਲ ਹੀ ਉਨ੍ਹਾਂ ਨੂੰ ਮਹਿੰਗੀਆਂ ਕੀਮਤਾਂ 'ਤੇ ਮਟੀਰੀਅਲ ਖਰੀਦਣਾ ਪੈ ਰਿਹਾ ਹੈ। ਪਿਛਲੇ ਲਗਪਗ 3 ਮਹੀਨਿਆਂ ’ਚ ਲੁਕ-ਬਿਟੂਮਨ ਦੀਆਂ ਕੀਮਤਾਂ ’ਚ ਤੇਜ਼ੀ ਵਾਧਾ ਹੋਇਆ ਹੈ। ਜਨਵਰੀ 2026 ਦੀ ਸ਼ੁਰੂਆਤ ਨਾਲ ਮਈ 2026 ਦੀ ਸ਼ੁਰੂਆਤ ਦੀ ਤੁਲਨਾ ਕਰਨ 'ਤੇ ਕੀਮਤ ਵਿਚ ਲਗਪਗ 35,000 ਰੁਪਏ ਪ੍ਰਤੀ ਮੀਟ੍ਰਿਕ ਟਨ ਦਾ ਵਾਧਾ ਦਰਜ ਕੀਤਾ ਗਿਆ ਹੈ। ਪਹਿਲੀ ਜਨਵਰੀ ਨੂੰ ਲੁਕ ਦੀ ਕੀਮਤ 48,170 ਰੁਪਏ ਪ੍ਰਤੀ ਮੀਟ੍ਰਿਕ ਟਨ ਸੀ, ਜੋ ਹੁਣ ਵਧ ਕੇ 82,000 ਰੁਪਏ ਪ੍ਰਤੀ ਮੀਟ੍ਰਿਕ ਟਨ ਨੇੜੇ ਪੁੱਜ ਗਿਆ ਹੈ। ਨਗਰ ਨਿਗਮ ਨੇ ਇਸ ਸਾਲ ਮੌਨਸੂਨ ਤੋਂ ਪਹਿਲਾਂ ਲਗਪਗ 80 ਕਰੋੜ ਰੁਪਏ ਦੀਆਂ ਸੜਕਾਂ ਦੇ ਟੈਂਡਰ ਜਾਰੀ ਕੀਤੇ ਸਨ। ਇਨ੍ਹਾਂ ’ਚੋਂ ਜ਼ਿਆਦਾਤਰ ਕੰਮ ਸ਼ੁਰੂ ਨਹੀਂ ਹੋ ਸਕੇ ਹਨ। ਬੀਐਂਡਆਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਠੇਕੇਦਾਰਾਂ ਨੇ ਜਿੰਨੀ ਰਕਮ ’ਤੇ ਟੈਂਡਰ ਲਿਆ ਹੈ ਤੇ ਜੋ ਐਗਰੀਮੈਂਟ ਹੋਇਆ ਹੈ, ਉਸ ਮੁਤਾਬਕ ਹੀ ਭੁਗਤਾਨ ਹੋਣਾ ਹੈ। ਇਸ ਨਾਲ ਵਧੇਰੇ ਕੀਮਤਾਂ 'ਤੇ ਕੰਮ ਕਰਨਾ ਠੇਕੇਦਾਰਾਂ ਲਈ ਮੁਸ਼ਕਲ ਹੋ ਗਿਆ ਹੈ। ਮਟੀਰੀਅਲ ਦੀ ਸਪਲਾਈ ਘੱਟ ਹੋਣ ਕਾਰਨ ਠੇਕੇਦਾਰਾਂ ਨੇ ਕੰਮ ਦੀ ਰਫ਼ਤਾਰ ਘਟਾ ਦਿੱਤੀ ਹੈ। ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦੇ ਵਾਰਡ ’ਚ ਹੀ 3 ਕਰੋੜ ਰੁਪਏ ਦੇ ਸੜਕਾਂ ਬਣਾਉਣ ਦਾ ਕੰਮ ਰੁਕ ਗਏ ਹਨ। ਠੇਕੇਦਾਰਾਂ ਨੇ ਨਗਰ ਪ੍ਰਸ਼ਾਸਨ ਤੋਂ ਕੰਮ ਦੀ ਸਮਾਂ ਹੱਦ ਵਧਾਉਣ ਦੀ ਮੰਗ ਕੀਤੀ ਹੈ। ਨਗਰ ਨਿਗਮ ਤੋਂ ਭੁਗਤਾਨ ’ਚ ਵੀ ਦੇਰੀ ਹੋ ਰਹੀ ਹੈ। ਠੇਕੇਦਾਰਾਂ ਦਾ ਕਹਿਣਾ ਹੈ ਕਿ ਭੁਗਤਾਨ ’ਚ ਦੇਰੀ ਕਾਰਨ ਵੀ ਕੰਮ ਕਰਨਾ ਸੌਖਾ ਨਹੀਂ ਹੈ। ਨਗਰ ਨਿਗਮ ਪਿਛਲਾ ਬਕਾਇਆ ਭੁਗਤਾਨ ਵੀ ਕਰੇ ਤਾਂ ਕਿ ਨਵੇਂ ਕੰਮ ਕਰਨ ’ਚ ਸੌਖ ਹੋਵੇ।
---
ਬਜਰੀ ਦੀ ਸਪਲਾਈ ’ਤੇ ਪਿਆ ਅਸਰ
ਸੜਕ ਬਣਾਉਣ ਲਈ ਵਰਤੀ ਜਾਣ ਵਾਲੀ ਬਜਰੀ ਦੀ ਸਪਲਾਈ ਵੀ ਮੰਗ ਮੁਤਾਬਕ ਨਹੀਂ ਹੋ ਰਹੀ। ਕ੍ਰਸ਼ਰ ਤੋਂ ਮਾਲ ਘੱਟ ਆ ਰਿਹਾ ਹੈ, ਜਿਸ ਕਾਰਨ ਕੰਮ ਦੀ ਰਫ਼ਤਾਰ ਘੱਟ ਹੋ ਗਈ ਹੈ। ਮੰਗ ਵਧਣ ਤੇ ਟ੍ਰਾਂਸਪੋਰਟੇਸ਼ਨ ਮਹਿੰਗਾ ਹੋਣ ਕਾਰਨ ਵੀ ਭਾਅ ਵਧ ਗਏ ਹਨ। ਮਾਈਨਿੰਗ ਸਾਈਟਾਂ ਘੱਟ ਹੋਣ ਕਾਰਨ ਸਪਲਾਈ ਪੂਰੀ ਨਹੀਂ ਹੋ ਰਹੀ। ਸੜਕ ਬਣਾਉਣ ਦਾ ਮੁੱਖ ਮਟੀਰੀਅਲ ਲੁਕ ਤੇ ਬਜਰੀ ਹੀ ਹੈ। ਇਸ ਸਥਿਤੀ ’ਚ ਠੇਕੇਦਾਰ ਸਿਰਫ ਜਰੂਰੀ ਕੰਮ ਹੀ ਕਰ ਰਹੇ ਹਨ ਤੇ ਪੈਚਵਰਕ ਲਈ ਆਉਣ ਵਾਲਾ ਰੈਡੀਮਿਕਸ ਮਟੀਰੀਅਲ ਵੀ ਹੁਣ ਮਹਿੰਗਾ ਹੋ ਗਿਆ ਹੈ।
---
ਮਹਾਵੀਰ ਮਾਰਗ, ਗਦਈਪੁਰ ਤੇ ਮਾਡਲ ਟਾਊਨ ਸ਼ਮਸ਼ਾਨਘਾਟ ਰੋਡ ਸਮੇਤ ਕਈ ਕੰਮ ਫਸੇ
ਲੁਕ-ਬਜਰੀ ਮਹਿੰਗੀ ਤੇ ਸਪਲਾਈ ਘੱਟ ਹੋਣ ਕਾਰਨ ਕਈ ਪ੍ਰਮੁੱਖ ਸੜਕਾਂ ਬਣਾਉਣ ਦਾ ਕੰਮ ਨਹੀਂ ਹੋ ਸਕਿਆ। ਇਨ੍ਹਾਂ ’ਚ ਕਪੂਰਥਲਾ ਚੌਕ ਤੋਂ ਡਾ. ਬੀ.ਆਰ. ਅੰਬੇਡਕਰ ਚੌਕ, ਬੱਸ ਸਟੈਂਡ ਫਲਾਈਓਵਰ ਤੋਂ ਸੰਵਿਧਾਨ-ਬੀਐੱਮਸੀ ਚੌਕ, ਸਰਫੇਸ ਵਾਟਰ ਪ੍ਰੋਜੈਕਟ ਲਈ ਲਾਲ ਰਤਨ ਜ਼ੋਨ ਖੇਤਰ ’ਚ ਤੋੜੀਆਂ ਗਈਆਂ ਸੜਕਾਂ, ਗੁਰੂ ਤੇਗ ਬਹਾਦਰ ਨਗਰ ਰੋਡ, ਮਾਡਲ ਟਾਊਨ ਸ਼ਮਸ਼ਾਨਘਾਟ ਰੋਡ ਪ੍ਰਮੁੱਖ ਹਨ। ਇੱਥੇ ਠੇਕੇਦਾਰ ਬੇਸ ਵਰਕ ਤਾਂ ਕਰ ਰਹੇ ਹਨ ਪਰ ਲੁਕ-ਬਜਰੀ ਦਾ ਕੰਮ ਨਹੀਂ ਹੋ ਰਿਹਾ। ਇਸੇ ਤਰ੍ਹਾਂ ਰਾਜਾ ਗਾਰਡਨ-ਉਦਯੋਗ ਨਗਰ, ਗਦਈਪੁਰ, ਸੰਤੋਖਪੁਰਾ, ਗਾਂਧੀ ਕੈਂਪ, ਲਤੀਫਪੁਰਾ, ਮਿੱਠੂ ਬਸਤੀ, ਕਬੀਰ ਬਿਹਾਰ, ਇੰਡਸਟ੍ਰੀਅਲ ਐਸਟੇਟ, ਰਾਮਾ ਮੰਡੀ, ਢਿੱਲਵਾਂ ਸਮੇਤ ਕਈ ਇਲਾਕਿਆਂ ਦੀਆਂ ਸੜਕਾਂ ਸ਼ਾਮਲ ਹਨ।
---
ਠੇਕੇਦਾਰਾਂ ਦੀ ਲਾਪਰਵਾਹੀ ਕਾਰਨ ਕੰਮ ਫਸਿਆ : ਬਿੱਟੂ
ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਮਟੀਰੀਅਲ ਮਹਿੰਗਾ ਹੋਣ ਦੇ ਬਾਵਜੂਦ ਠੇਕੇਦਾਰਾਂ ਨੂੰ ਸੜਕਾਂ ਦਾ ਨਿਰਮਾਣ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕਈ ਕੰਮ ਇਜ਼ਰਾਈਲ-ਅਮਰੀਕਾ ਤੇ ਈਰਾਨ ਵਿਚਾਲੇ ਜੰਗ ਤੋਂ ਪਹਿਲਾਂ ਪੂਰੇ ਹੋ ਜਾਣੇ ਚਾਹੀਦੇ ਸਨ। ਇਨ੍ਹਾਂ ਕੰਮਾਂ ਲਈ ਕੋਈ ਵਾਧਾ ਨਹੀਂ ਦਿੱਤਾ ਜਾਵੇਗਾ। ਬਿੱਟੂ ਨੇ ਦੋਸ਼ ਲਾਇਆ ਕਿ ਕਈ ਠੇਕੇਦਾਰਾਂ ਨੇ ਕੰਮ ’ਚ ਲਾਪਰਵਾਹੀ ਵਰਤੀ ਤੇ ਦੇਰੀ ਕੀਤੀ ਹੈ। ਉਨ੍ਹਾਂ ਨੇ ਸਾਫ ਕੀਤਾ ਕਿ ਬਹਾਨੇਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਤੈਅ ਸਮੇਂ ’ਚ ਕੰਮ ਪੂਰਾ ਕਰਨਾ ਹੋਵੇਗਾ।