ਜ਼ੁਲਮ ਖ਼ਿਲਾਫ਼ ਨਾ ਬੋਲਣ ਵਾਲੇ ਮੁਰਦਿਆਂ ਬਰਾਬਰ ਹੁੰਦੇ ਨੇ : ਕਿਰਤੀ
ਅੰਬੇਡਕਰ ਜਯੰਤੀ ਤੇ ਮਨੂ ਸਮਰਿਤੀ ਲਾਗੂ ਕਰਨ ਦੀ ਕੋਸ਼ਿਸ਼ ਨਕਾਮ ਕਰਨ ਦਾ ਲਿਆ ਸੰਕਲਪ
Publish Date: Fri, 24 Apr 2026 08:17 PM (IST)
Updated Date: Fri, 24 Apr 2026 08:22 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਤਰਕਸ਼ੀਲ ਸੁਸਾਇਟੀ ਯੂਨਿਟ ਦੇ ਪ੍ਰਧਾਨ ਪਰਮਜੀਤ ਕਿਰਤੀ ਨੇ ਮੀਟਿੰਗ ਤੋਂ ਬਾਅਦ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਯੂਨਿਟ ਵੱਲੋਂ ਅੰਬੇਡਕਰ ਜੈਅੰਤੀ ਦਾ ਸਮਾਗਮ ਅੰਬੇਡਕਰ ਯੂਥ ਕਲੱਬ ਸੋਫੀ ਪਿੰਡ ਵੱਲੋਂ ਕਰਵਇਆ ਗਿਆ। ਇਸ ’ਚ ਆਪਣੇ ਪੂਰੇ ਯੂਨਿਟ ਨਾਲ ਹਿੱਸਾ ਲਿਆ। ਇਸ ਸਮਾਗਮ ’ਚ ਕੋਰਿਓਗ੍ਰਾਫੀ ਬੁਤ ਬੋਲ ਪਿਆ ਤੇ ਦਹਿਕਦੇ ਅੰਗਿਆਰੇ ’ਤੇ ਲੋਕ ਸੌਂਦੇ ਰਹੇ, ਨੂੰ ਪਿੰਡ ਦੇ ਲੋਕਾਂ ਨੇ ਬੜੀ ਸੰਜੀਦਗੀ ਨਾਲ ਦੇਖਿਆ। ਇਸ ਸਮਾਗਮ ’ਚ ਪ੍ਰਧਾਨ ਪਰਮਜੀਤ ਕਿਰਤੀ ਨੇ ਬੋਲਦੇ ਹੋਏ ਦੱਸਿਆ ਕਿ ਜਦੋਂ ਬੰਦਾ ਮਰ ਜਾਂਦਾ ਹੈ ਤਾਂ ਉਹ ਬੋਲਦਾ ਨਹੀਂ, ਉਹ ਸੋਚਦਾ ਨਹੀਂ, ਜਿਹੜੇ ਲੋਕ ਜ਼ੁਲਮ ਖਿਲਾਫ ਬੋਲਦੇ ਨਹੀਂ, ਸੋਚਦੇ ਨਹੀਂ ਉਹ ਮਰਿਆ ਬਰਾਬਰ ਹੀ ਹੁੰਦੇ ਹਨ। ਮੌਜੂਦਾ ਸਰਕਾਰਾਂ ਡਾ. ਅੰਬੇਡਕਰ ਦੇ ਵਿਚਾਰਾਂ ’ਤੇ ਅਮਲ ਨਹੀਂ ਕਰਦੀਆਂ। ਜੋ ਸਰਕਾਰ ਸੰਵਿਧਾਨ ਵਿਰੁੱਧ ਲੋਕਾਂ ਦੇ ਆਰਥਿਕ, ਮਾਨਸਿਕ ਤੇ ਸਿਆਸੀ ਤੌਰ ’ਤੇ ਸ਼ੋਸ਼ਣ ਕਰਦੀ ਹੈ ਪਰ ਕੁਝ ਲੋਕ ਇਸ ਦੇ ਵਿਰੁੱਧ ਬੁੱਤਾਂ ਵਾਂਗ ਬੋਲਦੇ ਨਹੀਂ ਹਨ। ਸਰਕਾਰਾਂ ਵੱਲੋਂ ਕੀਤੇ ਧੱਕੇ ਝੱਲੀ ਜਾਂਦੇ ਹਨ। ਅੱਜ ਦੀ ਸਰਕਾਰ ਸੰਵਿਧਾਨ ਦੇ ਉਲਟ ਮਨੂ ਸਮਰਿਤੀ ਲਾਗੂ ਕਰਨਾ ਚਾਹੁੰਦੀ ਹੈ, ਜਿਸ ਲਈ ਲੋਕਾਂ ਦੀ ਆਵਾਜ਼ ਬਣਾਉਣੀ ਪੈਣੀ ਹੈ। ਇਸ ਸਮਾਗਮ ’ਚ ਅੰਬੇਡਕਰ ਯੂਥ ਕਲੱਬ ਸੋਫੀ ਪਿੰਡ ਤੇ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਜਰਨੈਲ ਸਿੰਘ, ਵਿਜੇ ਰਾਹੀ, ਅਸ਼ੋਕ ਅਹੀਰ, ਅਰੁਣ ਸਾਂਪਲਾ, ਕਮਲਸ਼ੀਲ ਤੇ ਸੋਫੀ ਪਿੰਡ ਵਾਸੀ ਮੌਜੂਦ ਸਨ।