9ਵੀਂ ਦੀ ਵਿਦਿਆਰਥਣ ਨਾਲ ਜਬਰ ਜਨਾਹ
ਪੁਲਿਸ ਨੇ ਔਰਤ ਸਮੇਤ
Publish Date: Mon, 04 May 2026 11:26 PM (IST)
Updated Date: Mon, 04 May 2026 11:29 PM (IST)
ਪੁਲਿਸ ਨੇ ਔਰਤ ਸਮੇਤ 3 ਲੋਕਾਂ ਖ਼ਿਲਾਫ਼ ਕੀਤਾ ਮਾਮਲਾ ਦਰਜ
ਸੰਵਾਦ ਸਹਿਯੋਗੀ, ਜਾਗਰਣ, ਫਿਲੌਰ: 9ਵੀਂ ਕਲਾਸ ’ਚ ਪੜ੍ਹ ਰਹੀ 16 ਸਾਲਾ ਨਾਬਾਲਿਗ ਕੁੜੀ ਨੂੰ ਹੋਟਲ ’ਚ ਲਿਜਾ ਕੇ ਜਬਰ ਜਨਾਹ ਕੀਤਾ ਗਿਆ। ਪੁਲਿਸ ਨੇ ਪੀੜਤਾ ਦੀ ਮਾਂ ਦੇ ਬਿਆਨਾਂ ’ਤੇ ਔਰਤ, ਉਸ ਦੇ ਪਤੀ ਤੇ ਨਨਦੋਇਆ ਖ਼ਿਲਾਫ਼ ਪੋਸਕੋ ਐਕਟ ਦੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਪੀੜਤਾ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਰਾਂ ’ਚ ਕੰਮ ਕਰਦੀ ਹੈ। ਇਕ ਧੀ ਪਿੰਡ ਤੋਂ ਦੂਰ ਦੂਜੇ ਜ਼ਿਲ੍ਹੇ ’ਚ ਨਿੱਜੀ ਕੰਮ ਕਰਦੀ ਹੈ, ਜਦਕਿ 16 ਸਾਲਾ ਕੁੜੀ ਜੋ 9ਵੀਂ ਕਲਾਸ ਦੀ ਵਿਦਿਆਰਥਣ ਹੈ, ਉਸ ਨਾਲ ਰਹਿ ਰਹੀ ਹੈ। 29 ਅਪ੍ਰੈਲ ਨੂੰ ਰਾਤ ਕਰੀਬ 8 ਵਜੇ ਉਸ ਨੇ ਵੇਖਿਆ ਕਿ ਉਸ ਦੀ ਧੀ ਘਰ 'ਤੇ ਨਹੀਂ ਹੈ। ਉਸ ਨੇ ਆਪਣੇ ਪਰਿਵਾਰ ਨਾਲ ਰਲ ਕੇ ਧੀ ਨੂੰ ਲੱਭਣਾ ਸ਼ੁਰੂ ਕੀਤਾ ਪਰ ਉਹ ਕਿਤੇ ਨਹੀਂ ਮਿਲੀ। ਅਗਲੇ ਦਿਨ 30 ਅਪ੍ਰੈਲ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਗੁਆਂਢ ’ਚ ਰਹਿਣ ਵਾਲੀ ਕੁੜੀ ਮਨਪ੍ਰੀਤ ਕੌਰ ਜੋ ਮਲਕੀਤ ਸਿੰਘ ਨਿਵਾਸੀ ਸੰਗੋਵਾਲ ਆਪਣੇ ਪਤੀ ਕਰਨ ਪੁੱਤਰ ਕਿੰਗ ਨਿਵਾਸੀ ਤਾਰੇਵਾਲ, ਥਾਣਾ ਸ਼ਾਹਕੋਟ ਤੇ ਨਨਦੋਇਆ ਜਸਪ੍ਰੀਤ ਨਿਵਾਸੀ ਬਾਘਾ ਪੁਰਾਣਾ ਨਾਲ ਰਲ ਕੇ ਉਸ ਨੂੰ ਵਿਆਹ ਕਰਨ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਈ ਹੈ। ਜਿਥੇ ਕੁੜੀ ਮਨਪ੍ਰੀਤ ਕੌਰ ਤੇ ਉਸ ਦੇ ਨਨਦੋਏ ਮਿੰਨਤਾਂ ਕਰਦੇ ਰਹੇ ਕਿ ਤੁਸੀਂ ਇਸ ਬਾਰੇ ਕਿਸੇ ਨਾਲ ਗੱਲ ਨਾ ਕਰਨਾ, ਉਹ ਉਨ੍ਹਾਂ ਦੀ ਧੀ ਨੂੰ ਵਾਪਸ ਲਿਆਉਣਗੇ ਪਰ ਧੀ ਨੂੰ ਵਾਪਸ ਨਹੀਂ ਕੀਤਾ। ਇਸ ਤੋਂ ਬਾਅਦ 2 ਮਈ ਨੂੰ ਉਨ੍ਹਾਂ ਦੀ ਵੱਡੀ ਧੀ ਦਾ ਫੋਨ ਆਇਆ ਕਿ ਉਸ ਦੀ ਪੀੜਤ ਭੈਣ ਉਸ ਨੂੰ ਲੈ ਕੇ ਅੰਮ੍ਰਿਤਸਰ ਪੁੱਜ ਗਈ ਹੈ। ਜਿਸ 'ਤੇ ਉਸ ਦੇ ਨਨਾਣ ਦਲਵੀਰ ਕੌਰ ਤੇ ਭੈਣ ਆਸ਼ਾ ਰਾਣੀ ਪੀੜਤ ਨੂੰ ਵਾਪਸ ਘਰ ਲੈ ਆਈਆਂ। ਉਨ੍ਹਾਂ ਨੇ ਕਿਹਾ ਕਿ ਕੁੜੀ ਨੇ ਦੱਸਿਆ ਹੈ ਕਿ ਮਨਪ੍ਰੀਤ ਕੌਰ, ਉਸ ਦਾ ਪਤੀ ਕਰਨ ਤੇ ਉਸ ਦਾ ਨਨਦੋਇਆ ਜਸਪ੍ਰੀਤ ਉਸ ਨੂੰ ਵਿਆਹ ਕਰਨ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਏ ਸਨ। ਜਿੱਥੇ ਕੁੜੀ ਨੇ ਮਨਪ੍ਰੀਤ ਕੌਰ, ਉਸ ਦੇ ਪਤੀ ਕਰਨ ਤੇ ਉਸ ਦੇ ਨਨਦੋਏ ਜਸਪ੍ਰੀਤ ਨਾਲ ਅੰਮ੍ਰਿਤਸਰ ਦੇ ਇਕ ਹੋਟਲ ’ਚ ਕਮਰਾ ਲਿਆ ਸੀ ਅਤੇ 30 ਅਪ੍ਰੈਲ ਦੀ ਰਾਤ ਨੂੰ ਉਸ ਨਾਲ ਜਬਰ ਜਨਾਹ ਕੀਤਾ।
ਇਸ ਸਬੰਧੀ ਪਿੰਡ ਵਿਚ ਪੰਚਾਇਤ ਵੀ ਹੋਈ, ਜਿੱਥੇ ਮਨਪ੍ਰੀਤ ਕੌਰ ਤੇ ਉਸ ਦੇ ਪਰਿਵਾਰ ਵਾਲੇ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਸਨ ਤੇ ਨਾ ਹੀ ਪੰਚਾਇਤ ਪੁੱਜੇ। ਇਸ ’ਤੇ ਪੂਰੀ ਘਟਨਾ ਦੀ ਜਾਣਕਾਰੀ ਬਿਲਗਾ ਥਾਣੇ ’ਚ ਦਿੱਤੀ। ਇਸ ਮਾਮਲੇ ਨੂੰ ਲੈ ਕੇ ਡੀਐੱਸਪੀ ਸਬ-ਡਵੀਜ਼ਨ ਫਿਲੌਰ ਭਰਤ ਮਸੀਹ ਨੇ ਦੱਸਿਆ ਕਿ ਪੀੜਤਾ ਦੀ ਮਾਂ ਦੇ ਬਿਆਨਾਂ 'ਤੇ ਬਿਲਗਾ ਥਾਣੇ ਦੀ ਪੁਲਿਸ ਨੇ 137(2), 87, 64, 61(2) ਬੀਐੱਨਐੱਸ, 06 ਪੋਸਕੋ ਐਕਟ ਤਹਿਤ ਕੇਸ ਨੰਬਰ 83 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।