-ਫਲਾਈਓਵਰ ਦੇ ਬਾਵਜੂਦ ਨਹੀਂ

-ਫਲਾਈਓਵਰ ਦੇ ਬਾਵਜੂਦ ਨਹੀਂ ਹੋਇਆ ਜਾਮ ਖ਼ਤਮ, ਨਾਜਾਇਜ਼ ਪਾਰਕਿੰਗ ਤੋਂ ਲੈ ਕੇ ਆਟੋ ਸਟੈਂਡ ਤੱਕ ਬਣੇ ਵੱਡੇ ਕਾਰਨ
ਸੁਕ੍ਰਾਂਤ, ਜਾਗਰਣ, ਜਲੰਧਰ : ਰਾਮਾ ਮੰਡੀ ਚੌਕ ਇਸ ਸਮੇਂ ਸ਼ਹਿਰ ਦੇ ਸਭ ਤੋਂ ਭੀੜ-ਭੜੱਕੇ ਤੇ ਸਭ ਤੋਂ ਜ਼ਿਆਦਾ ਜਾਮ ਵਾਲੇ ਇਲਾਕਿਆਂ ’ਚ ਸ਼ਾਮਲ ਹੋ ਚੁੱਕਾ ਹੈ। ਸਵੇਰੇ ਤੇ ਦੁਪਹਿਰ ਬਾਜ਼ਾਰਾਂ ਦੀ ਭੀੜ ਤੇ ਸ਼ਾਮ ਨੂੰ ਸਕੂਲਾਂ ਦੀ ਛੁੱਟੀ ਦੌਰਾਨ ਇੱਥੇ ਵਾਹਨਾਂ ਦੀ ਲੰਬੀ ਕਤਾਰਾਂ ਲੱਗ ਜਾਂਦੀਆਂ ਹਨ। ਕਈ ਵਾਰੀ ਲੋਕਾਂ ਨੂੰ ਚੌਕ ਪਾਰ ਕਰਨ ’ਚ 30 ਤੋਂ 50 ਮਿੰਟ ਲੱਗ ਜਾਂਦੇ ਹਨ। ਫਲਾਈਓਵਰ ਬਣਨ ਮਗਰੋਂ ਲੋਕਾਂ ਨੂੰ ਉਮੀਦ ਸੀ ਕਿ ਸਮੱਸਿਆ ਘਟੇਗੀ ਪਰ ਜ਼ਮੀਨੀ ਹਾਲਾਤ ਅਜੇ ਵੀ ਗੰਭੀਰ ਹਨ। ਰਾਮਾ ਮੰਡੀ ਚੌਕ 'ਤੇ ਜਾਮ ਦੀ ਸਮੱਸਿਆ ਪਿੱਛੇ ਕਈ ਕਾਰਨ ਜ਼ਿੰਮੇਵਾਰ ਹਨ। ਇਨ੍ਹਾਂ ’ਚ ਨਾਜਾਇਜ਼ ਪਾਰਕਿੰਗ, ਸੜਕ ਕੰਢੇ ਕਬਜ਼ੇ, ਆਟੋ ਚਾਲਕਾਂ ਦੀ ਮਨਮਾਨੀ, ਟ੍ਰੈਫਿਕ ਪੁਲਿਸ ਦੀ ਘਾਟ ਤੇ ਵਧਦਾ ਵਾਹਨਾਂ ਦਾ ਦਬਾਅ ਮੁੱਖ ਹਨ। ਹਰੇਕ ਕਾਰਨ ਦਾ ਵੱਖਰਾ ਪ੍ਰਭਾਵ ਹੈ ਤੇ ਉਸ ਦਾ ਹੱਲ ਵੀ ਵੱਖਰੇ ਤਰੀਕੇ ਨਾਲ ਕਰਨਾ ਪਵੇਗਾ।
ਕਾਰਨ ਨੰ. 1: ਸੜਕ ਕੰਢੇ ਨਾਜਾਇਜ਼ ਪਾਰਕਿੰਗ
ਬਾਜ਼ਾਰਾਂ ਦੇ ਬਾਹਰ ਖੜ੍ਹੇ ਵਾਹਨ ਸੜਕ ਨੂੰ ਸੌੜਾ ਬਣਾ ਰਹੇ ਹਨ। ਰਾਮਾ ਮੰਡੀ ਚੌਕ ਦੇ ਆਸ-ਪਾਸ ਵੱਡੀ ਗਿਣਤੀ ਵਿਚ ਦੁਕਾਨਾਂ, ਸ਼ੋਅਰੂਮ, ਬੈਂਕ ਤੇ ਰੈਸਟੋਰੈਂਟ ਹਨ। ਗਾਹਕ ਆਪਣੇ ਵਾਹਨ ਸਿੱਧੇ ਸੜਕ ਕੰਢੇ ਖੜ੍ਹੇ ਕਰ ਦਿੰਦੇ ਹਨ। ਇਸ ਨਾਲ ਸੜਕ ਦੀ ਚੌੜਾਈ ਘਟ ਜਾਂਦੀ ਹੈ ਤੇ ਟ੍ਰੈਫਿਕ ਦੀ ਰਫ਼ਤਾਰ ਮੱਠੀ ਪੈ ਜਾਂਦੀ ਹੈ। ਕਈ ਜਗ੍ਹਾ ਤਾਂ ਦੋ-ਦੋ ਲਾਈਨਾਂ ’ਚ ਵਾਹਨ ਖੜ੍ਹੇ ਕਰ ਦਿੱਤੇ ਜਾਂਦੇ ਹਨ, ਜਿਸ ਨਾਲ ਭਾਰੀ ਵਾਹਨ ਤੇ ਬੱਸਾਂ ਨੂੰ ਨਿਕਲਣ ’ਚ ਮੁਸ਼ਕਲ ਹੁੰਦੀ ਹੈ।
---
ਕੀ ਹੈ ਹੱਲ
- ਸੜਕ ਕਿਨਾਰੇ ਨੋ ਪਾਰਕਿੰਗ ਜ਼ੋਨ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
- ਪਾਰਕਿੰਗ ਲਈ ਵੱਖਰੀਆਂ ਥਾਵਾਂ ਵਿਕਸਿਤ ਕੀਤੀਆਂ ਜਾਣ।
- ਟ੍ਰੈਫਿਕ ਪੁਲਿਸ ਵੱਲੋਂ ਨਿਯਮਤ ਚਲਾਨ ਕੀਤੇ ਜਾਣ।
-ਬਾਜ਼ਾਰ ਐਸੋਸੀਏਸ਼ਨਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਜਾਵੇ।
---
ਕਾਰਨ ਨੰ-2 : ਆਟੋ ਤੇ ਈ-ਰਿਕਸ਼ਾ ਚਾਲਕਾਂ ਦੀ ਮਨਮਾਨੀ
ਸਵਾਰੀ ਬੈਠਾਉਣ ਲਈ ਸੜਕ ਵਿਚਾਲੇ ਵਾਹਨ ਰੁਕਦੇ ਹਨ। ਰਾਮਾ ਮੰਡੀ ਚੌਕ ’ਤੇ ਆਟੋ ਤੇ ਈ-ਰਿਕਸ਼ਾ ਚਾਲਕ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੇ ਹਨ। ਚਾਲਕ ਸਵਾਰੀ ਦੇ ਇੰਤਜ਼ਾਰ ’ਚ ਚੌਕ ਦੇ ਆਸ-ਪਾਸ ਹੀ ਵਾਹਨ ਖੜ੍ਹੇ ਕਰ ਦਿੰਦੇ ਹਨ। ਕਈ ਵਾਰੀ ਉਹ ਅਚਾਨਕ ਸੜਕ ਵਿਚਾਲੇ ਆ ਕੇ ਰੁਕ ਜਾਂਦੇ ਹਨ, ਜਿਸ ਨਾਲ ਪਿੱਛੇ ਲੰਬੀ ਲਾਈਨ ਲੱਗ ਜਾਂਦੀ ਹੈ। ਸਕੂਲ ਤੇ ਦਫਤਰਾਂ ਦੇ ਸਮੇਂ ਇਹ ਸਥਿਤੀ ਹੋਰ ਵੀ ਖਰਾਬ ਹੋ ਜਾਂਦੀ ਹੈ। ਕੁਝ ਚਾਲਕ ਗਲਤ ਦਿਸ਼ਾ ’ਚ ਵੀ ਵਾਹਨ ਚਲਾਉਂਦੇ ਹਨ, ਜਿਸ ਨਾਲ ਹਾਦਸੇ ਦਾ ਖ਼ਤਰਾ ਵਧ ਜਾਂਦਾ ਹੈ।
---
ਇੰਜ ਹੋਵੇਗਾ ਹੱਲ
- ਆਟੋ ਤੇ ਈ-ਰਿਕਸ਼ਾ ਲਈ ਵੱਖਰੇ ਸਟੈਂਡ ਬਣਾਏ ਜਾਣ।
- ਚੌਕ ਦੇ ਆਸ-ਪਾਸ ਨੋ-ਸਟਾਪ ਜ਼ੋਨ ਲਾਗੂ ਕੀਤਾ ਜਾਵੇ।
- ਨਿਯਮ ਤੋੜਨ ਵਾਲਿਆਂ ਨੂੰ ਮੋਟਾ ਜੁਰਮਾਨਾ ਲਾਇਆ ਜਾਵੇ।
- ਜੀਪੀਐੱਸ ਆਧਾਰਤ ਨਿਗਰਾਨੀ ਸ਼ੁਰੂ ਕੀਤੀ ਜਾਵੇ।
---
ਕਾਰਨ ਨੰ-3: ਸੜਕ ਕੰਢੇ ਰੇਹੜੀਆਂ ਤੇ ਕਬਜ਼ੇ
ਫੁੱਟਪਾਥ ਖਤਮ ਹੋਣ ਕਾਰਨ ਸੜਕਾਂ 'ਤੇ ਉਤਰਨ ਲਈ ਲੋਕ ਮਜਬੂਰ ਹੋ ਰਹੇ ਹਨ। ਚੌਕ ਦੇ ਆਸ-ਪਾਸ ਕਈ ਰੇਹੜੀ-ਫੜ੍ਹੀ ਵਾਲੇ ਸੜਕ ਕੰਢੇ ਕਬਜ਼ਾ ਕਰ ਲੈਂਦੇ ਹਨ। ਇਸ ਨਾਲ ਫੁੱਟਪਾਥ ਬੰਦ ਹੋ ਜਾਂਦੇ ਹਨ ਤੇ ਪੈਦਲ ਚੱਲਣ ਵਾਲੇ ਲੋਕ ਸੜਕ ’ਤੇ ਉਤਰ ਆਉਂਦੇ ਹਨ। ਪੈਦਲ ਲੋਕਾਂ ਦੇ ਸੜਕ 'ਤੇ ਆਉਣ ਨਾਲ ਵਾਹਨਾਂ ਦੀ ਰਫਤਾਰ ਹੋਰ ਘਟ ਜਾਂਦੀ ਹੈ। ਕੁਝ ਦੁਕਾਨਦਾਰ ਵੀ ਆਪਣਾ ਸਾਮਾਨ ਸੜਕ ਤੱਕ ਫੈਲਾ ਦਿੰਦੇ ਹਨ, ਜਿਸ ਨਾਲ ਜਗ੍ਹਾ ਹੋਰ ਘੱਟ ਜਾਂਦੀ ਹੈ।
---
ਕੀ ਹੈ ਹੱਲ
- ਨਗਰ ਨਿਗਮ ਵੱਲੋਂ ਨਿਯਮਤ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਜਾਵੇ।
- ਰੇਹੜੀ ਵਾਲਿਆਂ ਲਈ ਨਿਰਧਾਰਤ ਜ਼ੋਨ ਬਣਾਏ ਜਾਣ।
- ਫੁੱਟਪਾਥ ਪੂਰੀ ਤਰ੍ਹਾਂ ਖਾਲੀ ਕਰਵਾਏ ਜਾਣ।
- ਬਾਜ਼ਾਰ ਵਾਲੇ ਇਲਾਕਿਆਂ ’ਚ ਪੈਦਲ ਮਾਰਗ ਵਿਕਸਿਤ ਕੀਤੇ ਜਾਣ।
--
ਕਾਰਨ ਨੰ-4: ਵਧਦਾ ਟ੍ਰੈਫਿਕ ਦਬਾਅ
ਰਾਮਾ ਮੰਡੀ ਚੌਕ ਸ਼ਹਿਰ ਦੇ ਕਈ ਇਲਾਕਿਆਂ ਨੂੰ ਜੋੜਦਾ ਹੈ। ਇਹ ਚੌਕ ਸ਼ਹਿਰ ਦੇ ਮਹੱਤਵਪੂਰਨ ਟ੍ਰਾਂਜ਼ਿਟ ਪੁਆਇੰਟਾਂ ’ਚ ਸ਼ਾਮਲ ਹੈ। ਇੱਥੋਂ ਹੁਸ਼ਿਆਰਪੁਰ ਰੋਡ, ਪਠਾਨਕੋਟ ਰੋਡ, ਕੈਂਟ ਖੇਤਰ ਤੇ ਕਈ ਰਿਹਾਇਸ਼ੀ ਇਲਾਕਿਆਂ ਦੀ ਕੁਨੈਕਟੀਵਿਟੀ ਹੈ। ਹਰ ਦਿਨ ਹਜ਼ਾਰਾਂ ਵਾਹਨ ਇਸ ਚੌਕ ਤੋਂ ਲੰਘਦੇ ਹਨ। ਪਿਛਲੇ ਕੁਝ ਸਾਲਾਂ ’ਚ ਨਿੱਜੀ ਵਾਹਨਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਪਰ ਸੜਕਾਂ ਉਸ ਮੁਤਾਬਕ ਚੌੜੀਆਂ ਨਹੀਂ ਹੋਈਆਂ। ਨਤੀਜੇ ਵਜੋਂ ਟ੍ਰੈਫਿਕ ਦਾ ਦਬਾਅ ਲਗਾਤਾਰ ਵਧ ਰਿਹਾ ਹੈ।
---
ਇੰਝ ਹੋਵੇਗਾ ਹੱਲ
-ਟ੍ਰੈਫਿਕ ਡਾਇਵਰਸ਼ਨ ਪਲਾਨ ਤਿਆਰ ਕੀਤਾ ਜਾਵੇ।
- ਬਦਲਵੇਂ ਰਸਤੇ ਵਿਕਸਿਤ ਕੀਤੇ ਜਾਣ।
- ਪਬਲਿਕ ਟ੍ਰਾਂਸਪੋਰਟ ਨੂੰ ਮਜ਼ਬੂਤ ਕੀਤਾ ਜਾਵੇ।
- ਪੀਕ ਆਵਰ ’ਚ ਭਾਰੀ ਵਾਹਨਾਂ ਦੀ ਐਂਟਰੀ ਸੀਮਤ ਕੀਤੀ ਜਾਵੇ।
---
ਕਾਰਨ ਨੰ-5 : ਟ੍ਰੈਫਿਕ ਪੁਲਿਸ ਤੇ ਸਿਗਨਲ ਮੈਨੇਜਮੈਂਟ ਦੀ ਘਾਟ
ਕਈ ਵਾਰੀ ਬਿਨਾਂ ਕੰਟਰੋਲ ਦੇ ਵਾਹਨ ਲੰਘਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰੀ ਚੌਕ 'ਤੇ ਇਕ ਜਾਂ ਦੋ ਟ੍ਰੈਫਿਕ ਪੁਲਿਸ ਮੁਲਾਜ਼ਮ ਮੌਜੂਦ ਹੁੰਦੇ ਹਨ। ਸਿਗਨਲ ਸਿਸਟਮ ਵੀ ਕਈ ਵਾਰੀ ਸਹੀ ਢੰਗ ਨਾਲ ਕੰਮ ਨਹੀਂ ਕਰਦਾ। ਅਜਿਹੇ ਵਿਚ ਵਾਹਨ ਚਾਲਕ ਆਪਣੀ ਸਹੂਲਤ ਮੁਤਾਬਕ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਤੇ ਪੂਰਾ ਚੌਕ ਜਾਮ ਹੋ ਜਾਂਦਾ ਹੈ। ਕੁਝ ਲੋਕ ਰੈੱਡ ਲਾਈਟ ਤੋੜ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਟ੍ਰੈਫਿਕ ਪ੍ਰਬੰਧ ਪੂਰੀ ਤਰ੍ਹਾਂ ਵਿਗੜ ਜਾਂਦੇ ਹਨ।
ਕੀ ਹੈ ਸਮੱਸਿਆ ਦਾ ਹੱਲ
- ਚੌਕ 'ਤੇ ਸਥਾਈ ਟ੍ਰੈਫਿਕ ਪੁਲਿਸ ਤਾਇਨਾਤ ਕੀਤੀ ਜਾਵੇ।
- ਸਮਾਰਟ ਟ੍ਰੈਫਿਕ ਸਿਗਨਲ ਲਾਏ ਜਾਣ।
- ਸੀਸੀਟੀਵੀ ਕੈਮਰਿਆਂ ਨਾਲ ਨਿਗਰਾਨੀ ਕੀਤੀ ਜਾਵੇ।
- ਰੈੱਡ ਲਾਈਟ ਜੰਪ ਕਰਨ ਵਾਲਿਆਂ 'ਤੇ ਈ-ਚਲਾਨ ਜਾਰੀ ਕੀਤੇ ਜਾਣ।
---
ਕਾਰਨ ਨੰ-6: ਸਕੂਲ ਬੱਸਾਂ ਤੇ ਭਾਰੀ ਵਾਹਨਾਂ ਦਾ ਦਬਾਅ
ਪੀਕ ਟਾਈਮ ’ਚ ਟ੍ਰੈਫਿਕ ਲੋਡ ਵਧ ਜਾਂਦਾ ਹੈ। ਸਵੇਰੇ ਤੇ ਦੁਪਹਿਰ ਦੇ ਸਮੇਂ ਸਕੂਲ ਬੱਸਾਂ ਦੀ ਵੱਡੀ ਗਿਣਤੀ ਚੌਕ ਤੋਂ ਲੰਘਦੀ ਹੈ। ਇਸੇ ਸਮੇਂ ਟਰੱਕ ਤੇ ਵੱਡੇ ਵਪਾਰਕ ਵਾਹਨ ਵੀ ਇਸ ਰਸਤੇ ਦੀ ਵਰਤੋਂ ਕਰਦੇ ਹਨ। ਇਸ ਨਾਲ ਟ੍ਰੈਫਿਕ ਦੀ ਰਫਤਾਰ ਮੱਠੀ ਪੈ ਜਾਂਦੀ ਹੈ। ਕਈ ਵਾਰੀ ਸਕੂਲ ਬੱਸਾਂ ਬੱਚਿਆਂ ਨੂੰ ਉਤਾਰਣ ਲਈ ਸੜਕ ਕੰਢੇ ਰੁਕ ਜਾਂਦੀਆਂ ਹਨ, ਜਿਸ ਨਾਲ ਪਿੱਛੇ ਲੰਬਾ ਜਾਮ ਲੱਗ ਜਾਂਦਾ ਹੈ।
--
ਇਹ ਹੋ ਸਕਦੈ ਹੱਲ
- ਸਕੂਲ ਬੱਸਾਂ ਲਈ ਵੱਖਰੇ ਪਿਕ-ਅਪ ਪੁਆਇੰਟ ਬਣਾਏ ਜਾਣ।
- ਭਾਰੀ ਵਾਹਨਾਂ ਲਈ ਵੱਖਰਾ ਸਮਾਂ ਨਿਰਧਾਰਿਤ ਕੀਤਾ ਜਾਵੇ।
- ਸਕੂਲ ਸਮੇਂ ’ਚ ਵਾਧੂ ਟ੍ਰੈਫਿਕ ਪ੍ਰਬੰਧ ਲਾਗੂ ਕੀਤੇ ਜਾਣ।
--
ਲੋਕਾਂ ਦੀ ਪਰੇਸ਼ਾਨੀ ਵਧੀ
ਰਾਮਾ ਮੰਡੀ ਚੌਕ 'ਤੇ ਰੋਜ਼ਾਨਾ ਲੱਗਣ ਵਾਲੇ ਜਾਮ ਨਾਲ ਆਮ ਲੋਕ ਪਰੇਸ਼ਾਨ ਹਨ। ਨੌਕਰੀਪੇਸ਼ਾ ਲੋਕਾਂ ਨੂੰ ਦਫਤਰ ਪੁੱਜਣ ’ਚ ਦੇਰੀ ਹੁੰਦੀ ਹੈ, ਜਦਕਿ ਮਰੀਜ਼ਾਂ ਅਤੇ ਐਂਬੂਲੈਂਸਾਂ ਨੂੰ ਵੀ ਕਈ ਵਾਰੀ ਜਾਮ ਵਿਚ ਫਸਣਾ ਪੈਂਦਾ ਹੈ। ਵਪਾਰੀ ਕਹਿੰਦੇ ਹਨ ਕਿ ਲਗਾਤਾਰ ਜਾਮ ਰਹਿਣ ਨਾਲ ਗਾਹਕ ਬਾਜ਼ਾਰ ਆਉਣ ਤੋਂ ਕੰਨੀਂ ਕਤਰਾਉਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਸਿਰਫ ਚਲਾਨ ਕੱਟਣ ਨਾਲ ਸਮੱਸਿਆ ਦਾ ਹੱਲ ਨਹੀਂ ਨਿਕਲੇਗਾ, ਬਲਕਿ ਟ੍ਰੈਫਿਕ ਤੇ ਪਾਰਕਿੰਗ ਪ੍ਰਬੰਧ ਤੇ ਕਬਜ਼ੇ ਹਟਾਉਣ 'ਤੇ ਇਕੱਠਿਆਂ ਕੰਮ ਕਰਨ ਦੀ ਲੋੜ ਹੈ।
ਰਾਮਾ ਮੰਡੀ ਚੌਕ 'ਤੇ ਸਥਾਈ ਪੁਲਿਸ ਮੁਲਾਜ਼ਮ ਤਾਇਨਾਤ ਹਨ, ਜੋ ਗਲਤ ਪਾਰਕਿੰਗ ਕਰਨ ਵਾਲੇ, ਗਲਤ ਦਿਸ਼ਾ ਤੋਂ ਜਾਣ ਵਾਲੇ ਜਾਂ ਆਵਾਜਾਈ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਕਰਨ ਵਾਲੇ ਲੋਕਾਂ ਨੂੰ ਰੋਕਦੇ ਹਨ। ਪਹਿਲਾਂ ਤੋਂ ਜਾਮ ਦੀ ਸਥਿਤੀ ਕਾਫੀ ਸੁਧਰੀ ਹੈ, ਇਸ 'ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਬੈਠਕ ਮਗਰੋਂ ਕਈ ਹੋਰ ਸੁਝਾਅ ਤੇ ਹੱਲ ਸਾਹਮਣੇ ਆਏ ਹਨ, ਜਿਨ੍ਹਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਜਲਦੀ ਹੀ ਰਾਮਾ ਮੰਡੀ ਚੌਕ 'ਤੇ ਜਾਮ ਦੀ ਸਮੱਸਿਆ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
-ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ
---
ਸੁਰੱਖਿਆ ਵਧਾਉਣ ਨਾਲ ਹੋਇਆ ਮੁਸ਼ਕਲਾਂ ’ਚ ਵਾਧਾ
ਬੀਐੱਸਐੱਫ ਚੌਕ 'ਚ ਹੋਏ ਧਮਾਕਿਆਂ ਮਗਰੋਂ ਰਾਮਾ ਮੰਡੀ ਚੌਕ ’ਤੇ ਚੈਕਿੰਗ ਨੂੰ ਵਧਾਇਆ ਗਿਆ ਹੈ। ਕੈਂਟ ’ਚ ਦਾਖਲ ਹੋਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਦੇ ਐਂਟਰੀ ਤੇ ਐਗਜ਼ਿਟ ਚੌਕਾਂ, ਖਾਸ ਕਰ ਕੇ ਰਾਮਾ ਮੰਡੀ ਨੇੜੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਚੌਕ 'ਤੇ ਜਾਮ ਦੀ ਸਮੱਸਿਆ ਪਿਛਲੇ ਦੋ ਦਿਨਾਂ ਤੋਂ ਬਹੁਤ ਵੱਧ ਗੰਭੀਰ ਹੋ ਗਈ ਹੈ।
ਇਸ ਮੌਕੇ 'ਤੇ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਏਐੱਸਆਈ ਮਲਕੀਤ ਨੇ ਦੱਸਿਆ ਕਿ ਇਸ ਚੌਕ 'ਚ ਜਾਮ ਦੀ ਸਮੱਸਿਆ ਕਾਫੀ ਘੱਟ ਹੋ ਚੁੱਕੀ ਹੈ ਪਰ ਵਾਹਨਾਂ ਦੀ ਚੈਕਿੰਗ ਕਾਰਨ ਕੁਝ ਮੁਸ਼ਕਲਾਂ ਆ ਰਹੀਆਂ ਹਨ। ਇਸ ਸਮੱਸਿਆ ਨੂੰ ਘਟਾਉਣ ਲਈ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ।