ਸੰਤ ਸੀਚੇਵਾਲ ਨੇ ਧੁੱਸੀ ਬੰਨ੍ਹ ਤੇ ਗਿੱਦੜਪਿੰਡੀ ਤੋਂ ਫਿਲੌਰ ਤੱਕ ਬਣਨ ਵਾਲੀ ਸੜਕ ਬਾਰੇ ਲਿਆ ਜਾਇਜ਼ਾ
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਧੁੱਸੀ ਬੰਨ੍ਹ ਤੇ ਗਿੱਦੜਪਿੰਡੀ ਤੋਂ ਫਿਲੌਰ ਤੱਕ ਬਣਨ ਵਾਲੀ ਸੜਕ ਬਾਰੇ ਲਿਆ ਜਾਇਜ਼ਾ
Publish Date: Tue, 28 Apr 2026 08:26 PM (IST)
Updated Date: Wed, 29 Apr 2026 04:17 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਪਿੰਡ ਮੰਡਾਲਾ ਛੰਨਾ ਪਿੰਡ ਦਾ ਦੌਰਾ ਕੀਤਾ, ਜਿਥੇ 2000 ਫੁੱਟ ਤੋਂ ਵੱਧ ਥਾਂ ਪੱਥਰ ਲਾਇਆ ਗਿਆ ਹੈ। ਇਸ ਦੌਰੇ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਪੰਜਾਂ ਪਿੰਡ ਦੇ ਲੋਕਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਪ੍ਰਗਟ ਕੀਤਾ ਹੈ ਕਿ ਉਨ੍ਹਾਂ ਦੇ ਸੁਹਿਰਦ ਯਤਨਾਂ ਸਦਕਾ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਸੰਵੇਦਨਸ਼ੀਲ ਹਿੱਸਾ ਪੱਥਰ ਲਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਇਲਾਕੇ ਦੇ ਲੋਕਾਂ ਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਧੁੱਸੀ ਬੰਨ੍ਹ ‘ਤੇ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਣ ਲਈ ਆਉਣਗੇ। ਉਨ੍ਹਾਂ ਦੱਸਿਆ ਕਿ ਧੁੱਸੀ ਬੰਨ੍ਹ ’ਤੇ ਸੜਕ ਬਣਾਉਣ ਲਈ ਉਨ੍ਹਾਂ ਨੇ ਮੰਡੀ ਬੋਰਡ ਦੇ ਸਕੱਤਰ ਨੂੰ ਪੱਤਰ ਲਿਖਿਆ ਹੈ ਤੇ ਇਹ ਸੜਕ ਤਿੰਨ ਪੜਾਵਾਂ ਵਿੱਚ ਬਣੇਗੀ। ਧੁੱਸੀ ਬੰਨ੍ਹ ’ਤੇ ਜਿਹੜੇ ਪੰਜਾਂ ਪਿੰਡਾਂ ਦੇ ਲੋਕ ਮੰਡਾਲਾ ਛੰਨਾ ਪਹੁੰਚੇ ਸਨ, ਉਨ੍ਹਾਂ ’ਚ ਜਾਣੀਆ, ਜਾਣੀਆ ਚਾਹਲ, ਮਹਿਰਾਜਪੁਰ, ਗੱਟਾ ਮੁੰਡੀ ਕਾਸੂ ਤੇ ਲੱਖੂ ਦੀਆਂ ਛੰਨਾ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਸੰਤ ਸੀਚੇਵਾਲ ਦਾ ਇਸ ਗਲੋਂ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਗਿੱਦੜਪਿੰਡੀ ਰੇਲਵੇ ਪੁਲ ਹੇਠਾਂ ਜੰਮੀ ਗਾਰ ਚੁੱਕਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਗਾਰ ਹੜ੍ਹ ਦਾ ਖਤਰਾ ਬਣ ਦੀ ਰਹੀ ਹੈ। ਇਨ੍ਹਾਂ ਪਿੰਡਾਂ ਦੇ ਪੰਚਾਂ-ਸਰਪੰਚਾਂ, ਨੰਬਰਦਾਰਾਂ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਉਮਰ ’ਚ ਬੰਨ੍ਹ ਮਜ਼ਬੂਤ ਕਰਨ ਲਈ ਏਨਾ ਪੱਥਰ ਮੰਡ ਇਲਾਕੇ ’ਚ ਪਹਿਲਾਂ ਕਦੇ ਨਹੀਂ ਸੀ ਪਹੁੰਚਿਆ ਪਰ ਸੰਤ ਸੀਚੇਵਾਲ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਹਿਲੀ ਵਾਰ ਇਸ ਇਲਾਕੇ ’ਚ ਇੰਨੀ ਵੱਡੀ ਮਾਤਰਾ ’ਚ ਪੱਥਰ ਲੱਗ ਰਿਹਾ ਹੈ। ਇਕੱਠੇ ਹੋਏ ਲੋਕਾਂ ਦਾ ਕਹਿਣਾ ਸੀ ਕਿ 2008 ’ਚ, ਫਿਰ 2019 ਤੇ ਸਾਲ 2023 ’ਚ ਆਏ ਹੜ੍ਹਾਂ ’ਚ ਸੰਤ ਸੀਚੇਵਾਲ ਨੇ ਉਨ੍ਹਾਂ ਦੀ ਬਾਂਹ ਫੜੀ। ਸਾਲ 2025 ’ਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਲੱਗ ਰਹੀ ਜ਼ਬਰਦਸਤ ਢਾਅ ਨੂੰ ਰੋਕਣ ’ਚ ਸੰਤ ਸੀਚੇਵਾਲ ਨੇ ਵੱਡੀ ਭੂਮਿਕਾ ਨਿਭਾਈ।