ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਡਿਜੀਟਲ ਸਵੈ-ਗਣਨਾ ਦੀ ਸ਼ੁਰੂਆਤ
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਡਿਜੀਟਲ ਸਵੈ-ਗਣਨਾ ਦੀ ਸ਼ੁਰੂਆਤ
Publish Date: Thu, 30 Apr 2026 09:51 PM (IST)
Updated Date: Thu, 30 Apr 2026 09:55 PM (IST)

-ਲੋਕਾਂ ਨੂੰ ਵੱਧ ਤੋਂ ਵੱਧ ਭਾਈਵਾਲੀ ਦੀ ਅਪੀਲ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੀਰਵਾਰ ਜਨਗਣਨਾ-2027 ਦੇ ਤਹਿਤ ਸਵੈ-ਗਣਨਾ ਦੀ ਡਿਜੀਟਲ ਪ੍ਰਕਿਰਿਆ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਇਸ ਦਾ ਲਾਭ ਉਠਾਉਣ ਲਈ ਅਪੀਲ ਕੀਤੀ। ਨਿਰਮਲ ਕੁਟੀਆ ਤੋਂ ਆਪਣੀ ਜਾਣਕਾਰੀ ਖੁਦ ਆਨਲਾਈਨ ਦਰਜ ਕਰਦਿਆਂ ਉਨ੍ਹਾਂ ਕਿਹਾ ਕਿ ਆਧੁਨਿਕ ਤਕਨਾਲੋਜੀ ਦੇ ਇਸ ਯੁੱਗ ਵਿੱਚ ਨਾਗਰਿਕਾਂ ਨੂੰ ਖੁਦ ਅੱਗੇ ਆ ਕੇ ਇਸ ਰਾਸ਼ਟਰੀ ਕਾਰਜ ਵਿੱਚ ਭਾਗੀਦਾਰ ਬਣਨਾ ਚਾਹੀਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਆਨਲਾਈਨ ਪੋਰਟਲ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਖੁੱਲ੍ਹਾ ਰਹੇਗਾ, ਜਿਸ ਰਾਹੀਂ ਹਰ ਨਾਗਰਿਕ ਆਪਣੇ ਘਰ ਬੈਠੇ ਹੀ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਦਰਜ ਕਰ ਸਕਦਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਇਸ ਵਾਰ ਜਨਗਣਨਾ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਮੋਡ ਵਿੱਚ ਕੀਤੀ ਜਾ ਰਹੀ ਹੈ, ਜਿਸ ਨਾਲ ਡਾਟਾ ਦੀ ਪਾਰਦਰਸ਼ਤਾ ਅਤੇ ਤੇਜ਼ੀ ਯਕੀਨੀ ਬਣੇਗੀ। ਉਨ੍ਹਾਂ ਦੱਸਿਆ ਕਿ 2020 ਵਿੱਚ ਕੋਰੋਨਾ ਮਹਾਮਾਰੀ ਕਾਰਨ 2021 ਦੀ ਜਨਗਣਨਾ ਨਹੀਂ ਹੋ ਸਕੀ ਸੀ ਪਰ ਹੁਣ ਲੋਕਾਂ ਦੀ ਸਹੂਲਤ ਲਈ ਸਵੈ-ਗਣਨਾ ਦੀ ਮੁੜ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਨਲਾਈਨ ਦਰਜੀਕਰਨ ਤੋਂ ਬਾਅਦ ਹਰ ਪਰਿਵਾਰ ਨੂੰ 11 ਅੰਕਾਂ ਵਾਲੀ ਐੱਸ.ਈ.ਆਈ.ਡੀ. ਪ੍ਰਾਪਤ ਹੋਵੇਗੀ, ਜਿਸਨੂੰ ਸੰਭਾਲ ਕੇ ਰੱਖਣਾ ਲਾਜ਼ਮੀ ਹੈ, ਤਾਂ ਜੋ ਮਰਦਮਸ਼ੁਮਾਰੀ ਸਟਾਫ ਵੱਲੋਂ ਘਰ-ਘਰ ਦੌਰੇ ਦੌਰਾਨ ਇਸ ਦੀ ਪੁਸ਼ਟੀ ਕੀਤੀ ਜਾ ਸਕੇ। ਇਸ ਮੌਕੇ ਆਏ ਅਧਿਕਾਰੀ ਨਰੇਸ਼ ਕੋਹਲੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 15 ਮਈ ਤੋਂ 13 ਜੂਨ 2026 ਤੱਕ ਮਰਦਮਸ਼ੁਮਾਰੀ ਸਟਾਫ ਵੱਲੋਂ ਜ਼ਮੀਨੀ ਸਰਵੇਖਣ ਕੀਤਾ ਜਾਵੇਗਾ। ਇਸ ਲਈ ਤਾਇਨਾਤ ਅਮਲੇ ਨੂੰ ਪਹਿਲਾਂ ਹੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਮੋਬਾਈਲ ਐਪ ਰਾਹੀਂ ਡਾਟਾ ਸਹੀ ਅਤੇ ਤੁਰੰਤ ਇਕੱਠਾ ਕੀਤਾ ਜਾ ਸਕੇ। ਸੰਤ ਸੀਚੇਵਾਲ ਨੇ ਪੰਜਾਬ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਜਿਵੇਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਤੇ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਹੀ ਜਨਗਣਨਾ ਡਾਟਾ ਨਾਲ ਹੀ ਇਨ੍ਹਾਂ ਸਕੀਮਾਂ ਦਾ ਲਾਭ ਯੋਗ ਲੋਕਾਂ ਤੱਕ ਪਹੁੰਚ ਸਕਦਾ ਹੈ। ਇਸ ਮੌਕੇ ਵਿਵੇਕ ਗਾਬਾ, ਮਾਸਟਰ ਗੁਰਦੇਵ ਸਿੰਘ, ਜਤਿੰਦਰ ਥਿੰਦ, ਅਮਨਦੀਪ ਕੌਰ, ਮਨਜਿੰਦਰ ਕੌਰ, ਰਾਮ ਸਿੰਘ ਅਤੇ ਗੁਰਵਿੰਦਰ ਸਿੰਘ ਜਨਗਣਨਾ ਦੇ ਫੀਲਡ ਟ੍ਰੇਨਰ ਸਟਾਫ ਮੌਜੂਦ ਸਨ।