ਜਾਸ, ਜਲੰਧਰ : ਪੰਜਾਬ

ਜਾਸ, ਜਲੰਧਰ : ਪੰਜਾਬ ’ਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਰਾਜ ਸਭਾ ਦੇ ਮੈਂਬਰ ਅਸ਼ੋਕ ਮਿੱਤਲ ਲਗਾਤਾਰ ਚਰਚਾ ’ਚ ਹਨ। ਕਦੇ ਆਪ ਵਰਕਰਾਂ ਵੱਲੋਂ ਵਿਰੋਧ, ਕਦੇ ਸਰਕਾਰੀ ਏਜੰਸੀ ਦੀ ਜਾਂਚ ਤੇ ਹੁਣ ਅਸ਼ੋਕ ਮਿੱਤਲ ਦੀ ਚਾਹ ਪਾਰਟੀ ਚਰਚਾ ਦਾ ਵਿਸ਼ਾ ਬਣ ਗਈ ਹੈ। ਕਾਰਨ ਇਹ ਹੈ ਕਿ ਤਿੰਨ ਦਿਨ ਪਹਿਲਾਂ ਹੀ ਅਸ਼ੋਕ ਮਿੱਤਲ ਨੇ ਜਲੰਧਰ ਕੈਂਟ ਦੇ ਮਾਲ ਰੋਡ 'ਤੇ ਆਪਣੇ ਰਿਹਾਇਸ਼ 'ਤੇ ਭਾਜਪਾ ਆਗੂਆਂ ਨੂੰ ਚਾਹ 'ਤੇ ਸੱਦਿਆ ਸੀ। ਉਸ ਤੋਂ ਬਾਅਦ ਜਲੰਧਰ ਦੇ ਖਾਸ ਕਰ ਕੇ ਚਾਰਾਂ ਸ਼ਹਿਰੀ ਹਲਕਿਆਂ ’ਚ ਨਵੇਂ ਸਮੀਕਰਨਾਂ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ।
ਅਸ਼ੋਕ ਮਿੱਤਲ ਦੀ ਚਾਹ ਪਾਰਟੀ ’ਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਸੁਸ਼ੀਲ ਰਿੰਕੂ, ਸਾਬਕਾ ਸਥਾਨਕ ਸਰਕਾਰਾਂ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੀਪੀਐੱਸ ਕੇ.ਡੀ. ਭੰਡਾਰੀ, ਸਾਬਕਾ ਮੇਅਰ ਰਾਕੇਸ਼ ਰਾਠੌਰ, ਸਾਬਕਾ ਮੰਤਰੀ ਸੋਮ ਪ੍ਰਕਾਸ਼, ਸਾਬਕਾ ਸੰਸਦ ਅਵਿਨਾਸ਼ ਰਾਏ ਖੰਨਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਕਰਮਜੀਤ ਕੌਰ ਚੌਧਰੀ, ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਰਾਜੇਸ਼ ਕਪੂਰ ਆਦਿ ਮੌਜੂਦ ਸਨ। ਇਸ ਦੌਰਾਨ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਵੀ ਹਾਜ਼ਰ ਸਨ। ਮੌਕਾ ਸੀ ਚਾਹ ਦੇ ਬਹਾਨੇ ਭਾਜਪਾ ਦੇ ਆਗੂਆਂ ਨਾਲ ਗੇਟ-ਟੂ-ਗੈਦਰ ਦਾ ਪਰ ਜਦੋਂ ਸਿਆਸੀ ਸ਼ਖ਼ਸੀਅਤਾਂ ਇਕ ਥਾਂ ਹੋਣ ਤਾਂ ਫਿਰ ਸਿਆਸਤ 'ਤੇ ਚਰਚਾ ਕਰਨਾ ਆਮ ਗੱਲ ਹੈ।
ਇਸ ਮੁਲਾਕਾਤ ਬਾਰੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਜਦੋਂ ਵੀ ਕੋਈ ਸ਼ਖ਼ਸ ਪਾਰਟੀ ’ਚ ਆਉਂਦਾ ਹੈ ਤਾਂ ਉਸ ਦਾ ਫਾਇਦਾ ਤਾਂ ਹੁੰਦਾ ਹੀ ਹੈ। ਭਾਜਪਾ ਨੂੰ ਵੀ ਜਲੰਧਰ ’ਚ ਮਜ਼ਬੂਤੀ ਮਿਲੇਗੀ। ਸਾਬਕਾ ਸੀਪੀਐੱਸ ਕੇ.ਡੀ. ਭੰਡਾਰੀ ਨੇ ਕਿਹਾ ਕਿ ਅਸ਼ੋਕ ਮਿੱਤਲ ਨਾਲ ਮੁਲਾਕਾਤ ਤਾਂ ਆਮ ਤੌਰ 'ਤੇ ਹੁੰਦੀ ਰਹੀ ਹੈ। ਗੱਲਾਂ ਵੀ ਹੁੰਦੀਆਂ ਰਹੀਆਂ ਪਰ ਹੁਣ ਇਕ ਹੀ ਮੰਚ 'ਤੇ ਆਉਣ ਤੋਂ ਬਾਅਦ ਗੱਲ ਕੁਝ ਹੋਰ ਹੈ। ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਪਰਿਵਾਰ ’ਚ ਕਿਸੇ ਦੇ ਆਉਣ ਤੋਂ ਬਾਅਦ ਦਾਇਰਾ ਵਧਦਾ ਹੈ, ਉਵੇਂ ਹੀ ਹੁਣ ਭਾਜਪਾ ’ਚ ਹੋ ਰਿਹਾ ਹੈ। ਮੁਲਾਕਾਤ ਦੌਰਾਨ ਸਾਬਕਾ ਸੰਸਦ ਅਵਿਨਾਸ਼ ਰਾਏ ਖੰਨਾ ਨੇ ਪ੍ਰਧਾਨ ਸੁਸ਼ੀਲ ਸ਼ਰਮਾ ਨਾਲ ਕਿਹਾ ਕਿ ਪਾਰਟੀ ਦੇ ਕੌਂਸਲਰ, ਸਾਰੇ ਮੰਡਲ ਪ੍ਰਧਾਨਾਂ ਤੇ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਸੱਦ ਕੇ ਅਸ਼ੋਕ ਮਿੱਤਲ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਮੇਲ-ਜੋਲ ਵਧੇ। ਅਗਲੇ ਹੀ ਦਿਨ ਕੁਝ ਪਾਰਟੀ ਦੇ ਆਗੂਆਂ ਨਾਲ ਸੁਸ਼ੀਲ ਸ਼ਰਮਾ ਨੇ ਅਸ਼ੋਕ ਮਿੱਤਲ ਨਾਲ ਮੁਲਾਕਾਤ ਵੀ ਕੀਤੀ, ਨਾਲ ਹੀ ਕਿਹਾ ਕਿ ਛੇਤੀ ਹੀ ਪਾਰਟੀ ਦੀ ਮੀਟਿੰਗ ’ਚ ਅਸ਼ੋਕ ਮਿੱਤਲ ਨੂੰ ਸੱਦ ਕੇ ਸਵਾਗਤ ਕੀਤਾ ਜਾਵੇਗਾ।
---
ਸ਼ਹਿਰ ’ਚ ਕਾਰੋਬਾਰੀ ਘਰਾਣੇ ਹੋਣਗੇ ਸਰਗਰਮ
ਸ਼ਹਿਰ ’ਚ ਮਿੱਤਲ ਪਰਿਵਾਰ ਦਾ ਆਪਣਾ ਇਕ ਰਸੂਖ ਹੈ। ਖਾਸ ਕਰਕੇ ਪੁਰਾਣੇ ਤੋਂ ਲੈ ਕੇ ਨਵੇਂ ਕਾਰੋਬਾਰੀ ਘਰਾਣੇ ਉਨ੍ਹਾਂ ਜਾਂ ਲਵਲੀ ਗਰੁੱਪ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਹਨ। ਇਸ ਦਾ ਫਾਇਦਾ ਭਾਜਪਾ ਨੂੰ ਮਿਲੇਗਾ। ਐੱਲਪੀਯੂ ਵਜੋਂ ਵੱਡੇ ਐਜੂਕੇਸ਼ਨ ਹੱਬ ਦੇ ਬਹਾਨੇ ਵੀ ਭਾਜਪਾ ਨੂੰ ਮਜ਼ਬੂਤੀ ਮਿਲੇਗੀ। ਇੰਨਾ ਹੀ ਨਹੀਂ, ਲਵਲੀ ਗਰੁੱਪ ਦੇ ਨੈੱਟਵਰਕ ਨਾਲ ਜੁੜੇ ਚਿਹਰੇ ਵੀ ਹੁਣ ਸਿੱਧੇ ਜਾਂ ਅਸਿੱਧੇ ਤੌਰ 'ਤੇ ਭਾਜਪਾ ’ਚ ਆਉਣੇ ਸ਼ੁਰੂ ਹੋ ਗਏ ਹਨ। ਇਸ ਦੀ ਉਦਾਹਰਨ ਭਾਜਪਾ ਦੇ ਆਗੂਆਂ ਦੀ ਵਰਕਿੰਗ ’ਚ ਵੀ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ।