ਜਾਗਰਣ ਸੰਵਾਦਦਾਤਾ, ਜਲੰਧਰ :

ਜਾਗਰਣ ਸੰਵਾਦਦਾਤਾ, ਜਲੰਧਰ : ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ’ਚ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ। ਜਲੰਧਰ ਸ਼ਹਿਰੀ ਇਕਾਈ ਦੇ ਪ੍ਰਧਾਨ ਅਹੁਦਾ ’ਤੇ ਰਾਜਿੰਦਰ ਬੇਰੀ ਤੇ ਦਿਹਾਤੀ ਇਕਾਈ ਦੇ ਪ੍ਰਧਾਨ ਅਹੁਦਾ ’ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਦੁਬਾਰਾ ਜ਼ਿੰਮੇਵਾਰੀ ਦਿੱਤੀ ਗਈ ਹੈ। ਲਗਪਗ 2 ਮਹੀਨਿਆਂ ਤੋਂ ਜ਼ਿਲਾ ਪ੍ਰਧਾਨ ਅਹੁਦਾ ਨੂੰ ਤੈਅ ਕਰਨ ਲਈ ਕਾਂਗਰਸ ਦੀ ਟੀਮ ਕੰਮ ਕਰ ਰਹੀ ਸੀ। ਸਾਰੇ ਜ਼ਿਲ੍ਹਿਆਂ ’ਚ ਕੇਂਦਰ ਦੇ ਆਬਜ਼ਰਵਰ ਇਸ ਪ੍ਰਕਿਰਿਆ ਨੂੰ ਅੱਗੇ ਵਧਾ ਰਹੇ ਸਨ ਤੇ ਜਲੰਧਰ ’ਚ ਰਾਜੇਸ਼ ਲਲੋਟੀਆ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ। ਹਾਲਾਂਕਿ ਇਸ ਵਾਰ ਮੰਨਿਆ ਜਾ ਰਿਹਾ ਸੀ ਕਿ ਜਲੰਧਰ ਸ਼ਹਿਰੀ ਤੇ ਦਿਹਾਤੀ ਇਕਾਈ ’ਚ ਪਾਰਟੀ ਹਾਈ ਕਮਾਨ ਪ੍ਰਧਾਨ ਬਦਲ ਸਕਦੀ ਹੈ ਪਰ ਪਾਰਟੀ ਨੇ ਇਕ ਵਾਰ ਫਿਰ ਰਾਜਿੰਦਰ ਬੇਰੀ ਤੇ ਲਾਡੀ ਸ਼ੇਰੋਵਾਲੀਆ ’ਤੇ ਭਰੋਸਾ ਪ੍ਰਗਟਾਇਆ ਹੈ।
ਜਲੰਧਰ ਸ਼ਹਿਰੀ ਇਕਾਈ ਲਈ ਕੌਂਸਲਰ ਪਵਨ ਕੁਮਾਰ, ਮਨੋਜ ਮਨੂ ਬੜਿੰਗ, ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਡਾ. ਜਸਲੀਨ ਸੇਠੀ, ਦੀਪਕ ਖੋਸਲਾ ਅਤੇ ਰਾਜੇਸ਼ ਭੱਟੀ ਮੁੱਖ ਦਾਅਵੇਦਾਰ ਸਨ, ਜਦਕਿ ਦਿਹਾਤੀ ਇਕਾਈ ’ਚ ਰਾਜਿੰਦਰ ਪਾਲ ਸਿੰਘ ਰਾਣਾ ਰੰਧਾਵਾ, ਡਾ. ਨਵਜੋਤ ਦਹੀਆ, ਚੌਧਰੀ ਸੁਰਿੰਦਰ ਸਿੰਘ ਅਤੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਮੁੱਖ ਦਾਅਵੇਦਾਰ ਸਨ ਪਰ ਪਾਰਟੀ ਨੇ ਕਈ ਸਰਵੇਖਣਾਂ ਤੇ ਅੰਦਰੂਨੀ ਰਿਪੋਰਟਾਂ ਦੇ ਆਧਾਰ 'ਤੇ ਰਾਜਿੰਦਰ ਬੇਰੀ ਤੇ ਲਾਡੀ ਸ਼ੇਰੋਵਾਲੀਆ ਨੂੰ ਹੀ ਦੁਬਾਰਾ ਜ਼ਿੰਮੇਵਾਰੀ ਦਿੱਤੀ ਹੈ।
ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਦੁਬਾਰਾ ਮਿਲਣ ’ਤੇ ਰਾਜਿੰਦਰ ਬੇਰੀ ਨੇ ਕਿਹਾ ਕਿ ਪਾਰਟੀ ਨੇ ਜੋ ਵਿਸ਼ਵਾਸ ਪ੍ਰਗਟਾਇਆ ਹੈ, ਉਸ ਨੂੰ ਹਰ ਹਾਲਾਤ ਵਿਚ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਸਾਲ 2027 ਦੇ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ ਵੱਡੀ ਜਿੱਤ ਦਿਵਾਉਣੀ ਹੈ ਤੇ ਇਸ ਲਈ ਵਰਕਰਾਂ ਨੂੰ ਸੰਗਠਿਤ ਕਰਨਗੇ। ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਤੇ ਹਰ ਵਾਰਡ ’ਚ ਟੀਮ ਬਣਾਉਣੀ ਹੈ। ਰਾਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਹਰ ਵਰਗ ਪਰੇਸ਼ਾਨ ਹੈ ਤੇ ਸਾਰਿਆਂ ਦੀਆਂ ਨਜ਼ਰਾਂ ਹੁਣ ਕਾਂਗਰਸ ’ਤੇ ਹੈ।
ਸੰਗਠਨ ਸਿਰਜਣ ਮੁਹਿੰਮ ਤਹਿਤ ਇਸ ਵਾਰ ਪੰਜਾਬ ’ਚ ਕਈ ਜ਼ਿਲ੍ਹਾ ਪ੍ਰਧਾਨ ਬਦਲੇ ਗਏ ਹਨ। ਪਾਰਟੀ ਨੇ ਪ੍ਰਧਾਨ ਤੈਅ ਕਰਨ ਲਈ ਕੇਂਦਰ ਤੋਂ ਆਬਜ਼ਰਵਰ ਭੇਜੇ ਤੇ ਵਰਕਰਾਂ ਦੇ ਨਾਲ-ਨਾਲ ਜਨਤਾ ਤੇ ਸ਼ਹਿਰ ਦੇ ਮੁੱਖ ਲੋਕਾਂ ਤੋਂ ਵੀ ਸੁਝਾਅ ਲਏ। ਇਸ ਦੇ ਨਾਲ ਹੀ ਨਿੱਜੀ ਕੰਪਨੀਆਂ ਤੋਂ ਵੀ ਸਰਵੇ ਕਰਵਾਏ ਗਏ। ਇਸੇ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਹੁਦਾ ਦੀਆਂ ਨਵੀਂ ਨੀਤੀਆਂ ’ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਜੰਮੂ ਕਸ਼ਮੀਰ ਦੇ ਇੰਚਾਰਜ ਵਿਧਾਇਕ ਪਰਗਟ ਸਿੰਘ ਦਾ ਕਾਫੀ ਦਬਦਬਾ ਦਿਖਾਈ ਦਿੱਤਾ ਹੈ। ਰਾਜਿੰਦਰ ਬੇਰੀ ਤੇ ਲਾਡੀ ਸ਼ੇਰੋਵਾਲੀਆ ਨੂੰ ਦੁਬਾਰਾ ਜ਼ਿੰਮੇਵਾਰੀ ਮਿਲਣ ਦੇ ਪਿੱਛੇ ਪਰਗਟ ਸਿੰਘ ਦਾ ਦਬਾਅ ਰਿਹਾ ਹੈ। ਇਸ ਲਈ ਹਾਈ ਕਮਾਨ ਨੂੰ ਉਨ੍ਹਾਂ ਨੇ ਹੀ ਮਨਾਇਆ। ਇਸ ਤੋਂ ਇਲਾਵਾ ਕਈ ਹੋਰ ਜ਼ਿਲ੍ਹਿਆਂ ਵਿਚ ਵੀ ਵਿਧਾਇਕ ਪਰਗਟ ਸਿੰਘ ਦੇ ਕਰੀਬੀਆਂ ਨੂੰ ਪ੍ਰਧਾਨ ਬਣਾਇਆ ਗਿਆ ਹੈ।