ਦਿਨ ਦਿਹਾੜੇ ਔਰਤ ਤੋਂ ਪਰਸ ਖੋਹਿਆ, ਥਾਣਾ-4 ਨੇੜੇ ਵਾਪਰੀ
-ਆਈਫੋਨ, ਨਕਦੀ ਤੇ ਜ਼ਰੂਰੀ
Publish Date: Sat, 09 May 2026 09:17 PM (IST)
Updated Date: Sat, 09 May 2026 09:20 PM (IST)
-ਆਈਫੋਨ, ਨਕਦੀ ਤੇ ਜ਼ਰੂਰੀ ਦਸਤਾਵੇਜ਼ ਲੈ ਕੇ ਭੱਜਿਆ ਬਾਈਕ ਸਵਾਰ ਨੌਜਵਾਨ
ਜਾਸ, ਜਲੰਧਰ : ਡਾਕਟਰ ਬੀ.ਆਰ.ਅੰਬੇਡਕਰ ਚੌਕ ਨੇੜੇ ਦਿਨ-ਦਿਹਾੜੇ ਇਕ ਔਰਤ ਤੋਂ ਪਰਸ ਖੋਹ ਕੇ ਲੁਟੇਰੇ ਫਰਾਰ ਹੋ ਗਏ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਔਰਤ ਕੰਮ ਖਤਮ ਕੇ ਆਟੋ ਰਿਕਸ਼ੇ ’ਚ ਆਪਣੇ ਘਰ ਵਾਪਸ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ, ਜਦਕਿ ਪੀੜਤ ਪਰਿਵਾਰ ਨੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਉਠਾਏ ਹਨ।
ਜਾਣਕਾਰੀ ਮੁਤਾਬਕ, ਭਗਵਾਨ ਵਾਲਮੀਕਿ ਚੌਕ ਨੇੜੇ ਸਥਿਤ ਇਕ ਜਿਊਲਰ ਦੀ ਦੁਕਾਨ 'ਤੇ ਕੰਮ ਕਰਨ ਵਾਲੀ ਔਰਤ ਪਾਇਲ ਰੋਜ਼ਾਨਾ ਦੀ ਤਰ੍ਹਾਂ ਕੰਮ ਖਤਮ ਹੋਣ ਤੋਂ ਬਾਅਦ ਆਟੋ ਰਿਕਸ਼ੇ ’ਚ ਘਰ ਜਾ ਰਹੀ ਸੀ। ਜਿਵੇਂ ਹੀ ਉਹ ਡਾਕਟਰ ਬੀ.ਆਰ. ਅੰਬੇਡਕਰ ਚੌਕ ਨੇੜੇ ਪੁੱਜੀ ਤਾਂ ਪਿੱਛਿਓਂ ਮੋਟਰਸਾਈਕਲ 'ਤੇ ਸਵਾਰ ਇਕ ਨੌਜਵਾਨ ਅਚਾਨਕ ਆਟੋ ਨੇੜੇ ਆਇਆ ਤੇ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਿਆ। ਇਹ ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਔਰਤ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ।
ਪੀੜਤ ਦੇ ਪਤੀ ਕਮਲ ਨੇ ਦੱਸਿਆ ਕਿ ਪਰਸ ’ਚ ਇਕ ਆਈਫੋਨ, ਲਗਪਗ ਪੰਜ ਹਜ਼ਾਰ ਰੁਪਏ ਦੀ ਨਕਦੀ ਕਈ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਘਟਨਾ ਫੌਰੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਸੀ ਤੇ ਮੋਬਾਈਲ ਦੀ ਲੋਕੇਸ਼ਨ ਟ੍ਰੇਸ ਕਰਨ ਦੀ ਮੰਗ ਵੀ ਕੀਤੀ ਗਈ ਸੀ ਪਰ ਪੁਲਿਸ ਨੇ ਸਮੇਂ 'ਤੇ ਕੋਈ ਗੰਭੀਰ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪੁਲਿਸ ਤੁਰੰਤ ਲੋਕੇਸ਼ਨ ਟ੍ਰੈਕ ਕਰਦੀ ਤਾਂ ਮੁਲਜ਼ਮ ਨੂੰ ਕੁਝ ਹੀ ਦੂਰੀ ’ਤੇ ਫੜਿਆ ਜਾ ਸਕਦਾ ਸੀ।
ਕਮਲ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਨੇ ਚਿਹਰਾ ਨਹੀਂ ਸੀ ਢੱਕਿਆ ਇਸ ਕਰਕੇ ਉਹ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਸਕਦਾ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾ ਥਾਣਾ ਨੰਬਰ 4 ਤੋਂ ਕੁਝ ਹੀ ਦੂਰੀ 'ਤੇ ਵਾਪਰੀ ਫਿਰ ਵੀ ਲੁਟੇਰਾ ਬੇਖੌਫ ਹੋ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਵੇਲੇ ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਦੀ ਭਾਲ ’ਚ ਲੱਗੀ ਹੋਈ ਹੈ।