ਪੰਜਾਬ ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਕੀਤਾ ਸੰਘਰਸ਼ ਦਾ ਐਲਾਨ
ਪੰਜਾਬ ਸਟੇਟ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਨੇ ਕੀਤਾ ਸੰਘਰਸ਼ ਦਾ ਐਲਾਨ
Publish Date: Sat, 08 Nov 2025 08:37 PM (IST)
Updated Date: Sat, 08 Nov 2025 08:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਿੰਘ ਸਭਾ ਗੋਲਡਨ ਐਵੀਨਿਊ ਨੰਦਨਪੁਰ ਰੋਡ ਮਕਸੂਦਾਂ ਵਿਖੇ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਤੇ ਮੈਂਬਰਾਂ ਤੋਂ ਸੁਝਾਅ ਵੀ ਲਏ ਗਏ। ਇਸ ਤੋਂ ਇਲਾਵਾ ਅਗਲੇ ਮਹੀਨੇ ਮਨਾਏ ਜਾ ਰਹੇ ਪੈਨਸ਼ਨਰਜ਼ ਦਿਵਸ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ ਤੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਦੇ ਨਾਲ ਹੀ 16 ਨਵੰਬਰ ਨੂੰ ਸਾਂਝਾ ਫਰੰਟ ਵੱਲੋਂ ਧੂਰੀ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ’ਚ ਸ਼ਿਰਕਤ ਕਰਨ ਸਬੰਧੀ ਵੀ ਫ਼ੈਸਲਾ ਕੀਤਾ ਗਿਆ। ਪ੍ਰਧਾਨ ਪਿਆਰਾ ਸਿੰਘ, ਜਨਰਲ ਸਕੱਤਰ ਮਨੋਹਰ ਲਾਲ, ਜਸਪਾਲ ਸਿੰਘ ਕਰਤਾਰਪੁਰ, ਪ੍ਰਿੰਸੀਪਲ ਕਸ਼ਮੀਰੀ ਲਾਲ, ਜੋਗਿੰਦਰ ਬਿਜਲੀ ਬੋਰਡ, ਅਵਤਾਰ ਕਾਨੂੰਨਗੋ, ਚਰਨ ਮਸੀਹ, ਕੈਸ਼ੀਅਰ ਮਹੇਸ਼ ਚੰਦਰ, ਜੋਗਿੰਦਰ ਸਿੰਘ ਤੇ ਹੋਰਨਾਂ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ ਨਹੀਂ ਤਾਂ ਮੰਗਾਂ ਨੂੰ ਲੈ ਕੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।