ਵੱਡੀ ਖ਼ਬਰ: ਪੰਜਾਬ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਆਨਲਾਈਨ ਪ੍ਰਕਿਰਿਆ ਦਾ ਐਲਾਨ
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਲ 2026 ਲਈ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ ਦੀਆਂ ਬਦਲੀਆਂ ਸਬੰਧੀ ਆਨਲਾਈਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਨੇ ਸਾਲ 2026 ਦੀਆਂ ਬਦਲੀਆਂ ਲਈ ਅਧਿਕਾਰਤ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਟਰਾਂਸਫਰ ਪਾਲਿਸੀ ਦੇ ਦਾਇਰੇ ਵਿੱਚ ਆਉਣ ਵਾਲੇ ਕਰਮਚਾਰੀ 4 ਮਈ ਤੋਂ 14 ਮਈ 2026 ਤੱਕ ਆਨਲਾਈਨ ਅਰਜ਼ੀਆਂ ਦੇ ਸਕਣਗੇ।
Publish Date: Thu, 07 May 2026 03:49 PM (IST)
Updated Date: Thu, 07 May 2026 03:52 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਲ 2026 ਲਈ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ ਦੀਆਂ ਬਦਲੀਆਂ ਸਬੰਧੀ ਆਨਲਾਈਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਨੇ ਸਾਲ 2026 ਦੀਆਂ ਬਦਲੀਆਂ ਲਈ ਅਧਿਕਾਰਤ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਟਰਾਂਸਫਰ ਪਾਲਿਸੀ ਦੇ ਦਾਇਰੇ ਵਿੱਚ ਆਉਣ ਵਾਲੇ ਕਰਮਚਾਰੀ 4 ਮਈ ਤੋਂ 14 ਮਈ 2026 ਤੱਕ ਆਨਲਾਈਨ ਅਰਜ਼ੀਆਂ ਦੇ ਸਕਣਗੇ।
ਬਦਲੀ ਕਰਵਾਉਣ ਦੇ ਚਾਹਵਾਨ ਕਰਮਚਾਰੀਆਂ ਨੂੰ e-Punjabschool ਪੋਰਟਲ ’ਤੇ ਆਪਣੀ ਨਿੱਜੀ ਲੌਗਿਨ ਆਈ.ਡੀ. ਰਾਹੀਂ ਵੇਰਵੇ ਅਪਡੇਟ ਕਰਨੇ ਹੋਣਗੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਆਫਲਾਈਨ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਬਿਨੈਕਾਰਾਂ ਲਈ ਹੇਠ ਲਿਖੇ ਤਿੰਨ ਮਾਡਿਊਲ ਭਰਨੇ ਲਾਜ਼ਮੀ ਹਨ:
ਜਨਰਲ ਵੇਰਵੇ: ਨਿੱਜੀ ਜਾਣਕਾਰੀ ਅਤੇ ਮੌਜੂਦਾ ਤਾਇਨਾਤੀ।
ਨਤੀਜੇ: ਪਿਛਲੇ ਸਾਲਾਂ ਦੇ ਅਕਾਦਮਿਕ ਨਤੀਜੇ।
ਸੇਵਾ ਰਿਕਾਰਡ: ਨੌਕਰੀ ਦਾ ਮੁਕੰਮਲ ਵੇਰਵਾ।
ਬਿਨੈਕਾਰਾਂ ਨੂੰ ਜਨਰਲ ਵੇਰਵੇ, ਨਤੀਜੇ ਅਤੇ ਸੇਵਾ ਰਿਕਾਰਡ ਨਾਲ ਸਬੰਧਤ ਤਿੰਨ ਮੁੱਖ ਮਾਡਿਊਲ ਭਰਨੇ ਲਾਜ਼ਮੀ ਹੋਣਗੇ। ਵੇਰਵੇ ਭਰਨ ਤੋਂ ਬਾਅਦ ‘ਅਪ੍ਰੂਵ ਡਾਟਾ’ ਬਟਨ ’ਤੇ ਕਲਿੱਕ ਕਰਨਾ ਜ਼ਰੂਰੀ ਹੋਵੇਗਾ। ਹਾਲਾਂਕਿ 14 ਮਈ ਤੱਕ ਬਿਨੈਕਾਰ ਆਪਣੇ ਡਾਟੇ ਵਿੱਚ ਲੋੜ ਅਨੁਸਾਰ ਸੋਧ ਵੀ ਕਰ ਸਕਣਗੇ।
ਬਿਨੈਕਾਰਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼
ਵਿਭਾਗ ਨੇ ਪਾਰਦਰਸ਼ਤਾ ਬਣਾਈ ਰੱਖਣ ਲਈ ਕੁਝ ਸਖ਼ਤ ਸ਼ਰਤਾਂ ਵੀ ਰੱਖੀਆਂ ਹਨ:
ਸੇਵਾ ਵਿੱਚ ਅੰਤਰ: ਜੇਕਰ ਕਿਸੇ ਕਰਮਚਾਰੀ ਦੀ ਵੱਖ-ਵੱਖ ਜ਼ੋਨਾਂ ਵਿੱਚ ਸੇਵਾ ਦੌਰਾਨ ਕੋਈ ਗੈਪ ਹੈ ਤਾਂ ਉਸ ਦਾ 'ਰਿਮਾਰਕਸ' ਵਿੱਚ ਠੋਸ ਕਾਰਨ ਦੇਣਾ ਹੋਵੇਗਾ। ਅਜਿਹਾ ਨਾ ਕਰਨ ’ਤੇ ਬਦਲੀ ਦੀ ਅਰਜ਼ੀ ਰੱਦ ਹੋ ਸਕਦੀ ਹੈ।
ਵਿਸ਼ੇਸ਼ ਸ਼੍ਰੇਣੀ: ਜਿਹੜੇ ਕਰਮਚਾਰੀ ਵਿਸ਼ੇਸ਼ ਜਾਂ ਛੋਟ ਵਾਲੀ ਸ਼੍ਰੇਣੀ ਤਹਿਤ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਬੰਧਤ ਦਸਤਾਵੇਜ਼ ਆਨਲਾਈਨ ਅਪਲੋਡ ਕਰਨੇ ਹੋਣਗੇ।
ਏ.ਸੀ.ਆਰ. ਰਿਕਾਰਡ: ਸਾਲ 2024-25 ਦੀ ਏ.ਸੀ.ਆਰ. ਦੇ ਅੰਕ ਵਿਚਾਰੇ ਜਾਣਗੇ। ਜੇਕਰ ਇਹ ਉਪਲਬਧ ਨਹੀਂ ਹੈ, ਤਾਂ ਪਿਛਲੇ ਰਿਕਾਰਡ ਦੇ ਆਧਾਰ 'ਤੇ ਵੇਰਵੇ ਭਰੇ ਜਾ ਸਕਦੇ ਹਨ।
ਸਟੇਸ਼ਨ ਚੁਆਇਸ: ਜਿਨ੍ਹਾਂ ਨੇ ਜਨਵਰੀ 2026 ਵਿੱਚ ਡਾਟਾ ਅਪਡੇਟ ਕੀਤਾ ਸੀ, ਉਨ੍ਹਾਂ ਨੂੰ ਮੁੜ ਡਾਟਾ ਭਰਨ ਦੀ ਲੋੜ ਨਹੀਂ, ਪਰ ਸਟੇਸ਼ਨਾਂ ਦੀ ਚੋਣ ਨਵੇਂ ਸਿਰਿਓਂ ਕਰਨੀ ਪਵੇਗੀ।
ਸਹਾਇਤਾ ਲਈ ਸੰਪਰਕ
ਜੇਕਰ ਕਿਸੇ ਕਰਮਚਾਰੀ ਨੂੰ ਆਨਲਾਈਨ ਫਾਰਮ ਭਰਨ ਵਿੱਚ ਕੋਈ ਤਕਨੀਕੀ ਦਿੱਕਤ ਆਉਂਦੀ ਹੈ, ਤਾਂ ਉਹ ਤੁਰੰਤ ਆਪਣੇ ਜ਼ਿਲ੍ਹੇ ਦੇ ਐਮ.ਆਈ.ਐਸ. ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹਨ।
ਪੰਜਾਬ ਸਰਕਾਰ ਦੇ ਇਸ ਕਦਮ ਨਾਲ ਹਜ਼ਾਰਾਂ ਅਧਿਆਪਕਾਂ ਨੂੰ ਆਪਣੇ ਘਰਾਂ ਦੇ ਨੇੜੇ ਜਾਂ ਸੁਵਿਧਾਜਨਕ ਸਟੇਸ਼ਨਾਂ 'ਤੇ ਜਾਣ ਦਾ ਮੌਕਾ ਮਿਲੇਗਾ।