ਤਨਖਾਹਾਂ ਜਾਰੀ ਕਰਵਾਉਣ ਲਈ 4 ਘੰਟੇ ਬੱਸਾਂ ਦਾ ਚੱਕਾ ਕੀਤਾ ਜਾਮ
ਪੰਜਾਬ ਰੋਡਵੇਜ਼/ ਪਨਬਸ ਕੰਟਰੈਕਟ ਵਰਕਰਜ ਯੂਨੀਅਨ ਨੇ ਤਨਖਾਹਾਂ ਜਾਰੀ ਕਰਾਉਣ ਲਈ 4 ਘੰਟੇ ਬੱਸਾਂ ਦਾ ਚੱਕਾ ਕੀਤਾ ਜਾਮ
Publish Date: Tue, 16 Sep 2025 09:10 PM (IST)
Updated Date: Tue, 16 Sep 2025 09:11 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰੋਡਵੇਜ਼/ਪਨਬਸ ਵਰਕਰਜ਼ ਯੂਨੀਅਨ ਨੇ ਅਗਸਤ ਮਹੀਨੇ ਦੀਆਂ ਤਨਖਾਹਾਂ ਜਾਰੀ ਕਰਾਉਣ ਲਈ 12 ਵਜੇ ਤੋਂ ਲੈ ਕੇ 5 ਵਜੇ ਤੱਕ ਬੱਸਾਂ ਦਾ ਚੱਕਾ ਜਾਮ ਕੀਤਾ। ਪੰਜਾਬ ਰੋਡਵੇਜ਼ ਐੱਸਸੀ/ਬੀਸੀ ਇੰਪਲਾਈਜ਼ ਯੂਨੀਅਨ ਵੱਲੋਂ ਹੜਤਾਲ ਦਾ ਸਮਰਥਨ ਕੀਤਾ ਗਿਆ। ਇਹ ਬੰਦ ਵਰਕਰਾਂ ਨੂੰ ਤਨਖਾਹਾਂ ਨਾ ਮਿਲਣ ਕਰ ਕੇ ਕੀਤਾ ਗਿਆ ਤਕਰੀਬਨ ਹਰ ਮਹੀਨੇ ਹੀ ਪੰਜਾਬ ਰੋਡਵੇਜ਼ ’ਚ ਕੰਮ ਕਰਦੇ ਇਨ੍ਹਾਂ ਵਰਕਰਾਂ ਦੀ ਤਨਖਾਹ ਦਾ ਕੋਈ ਨਾ ਕੋਈ ਰੌਲਾ ਪੈ ਜਾਂਦਾ ਹੈ ਜਿਸ ਕਾਰਨ ਬੇਲੋੜੀ ਦੇਰੀ ਹੋ ਜਾਂਦੀ ਹੈ। ਇਸ ਦਾ ਮੁੱਖ ਕਾਰਨ ਡਾਇਰੈਕਟਰ ਰੈਕਟਰ ਦਫਤਰ ਚੰਡੀਗੜ੍ਹ ਹੈ ਕਿਉਂਕਿ ਅਫਸਰ ਸ਼ਾਹੀ ਇਨਾਂ ਦੀਆਂ ਤਨਖਾਹਾਂ ਠੇਕੇਦਾਰ ਨਾ ਹੋਣ ਕਾਰਨ ਕੋਈ ਢੁੱਕਵਾਂ ਪ੍ਰਬੰਧ ਨਹੀਂ ਕਰਦੀ ਜਦਕਿ ਪਨਬਸ ਦੇ ਅਦਾਰੇ ਨੂੰ ਆਪਣੇ ਅਕਾਊਂਟ ’ਚੋਂ ਹੀ ਇਨ੍ਹਾਂ ਵਰਕਰਾਂ ਨੂੰ ਤਨਖਾਹ ਦੇਣੀ ਚਾਹੀਦੀ ਹੈ, ਜਿਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਵਰਕਰਜ਼ ਲਗਾਤਾਰ ਡਿਊਟੀ ਕਰਦੇ ਹਨ ਤੇ ਫਿਰ ਵੀ ਤਨਖਾਹਾਂ ਲਈ ਸੰਘਰਸ਼ ਕਰਨਾ ਪੈਂਦਾ ਹੈ, ਜਿਸ ਕਰ ਕੇ ਨਾ ਤਾਂ ਮਹਿਕਮਾ ਇਸ ਬਾਰੇ ਕੁਝ ਸੋਚਦਾ ਹੈ ਤੇ ਨਾ ਹੀ ਟਰਾਂਸਪੋਰਟ ਮੰਤਰੀ ਕੋਈ ਫੈਸਲਾ ਲੈ ਰਿਹਾ ਹੈ। ਜੇ ਬੁੱਧਵਾਰ 12 ਵਜੇ ਤੱਕ ਤਨਖਾਹਾਂ ਨਾ ਪਾਈਆਂ ਗਈਆਂ ਤਾਂ ਵਰਕਰ ਕੋਈ ਵੱਡਾ ਐਕਸ਼ਨ ਲੈਣ ਨੂੰ ਮਜਬੂਰ ਹੋਣਗੇ। ਇਸ ਐਕਸ਼ਨ ਦਾ ਐੱਸਸੀਬੀਸੀ ਯੂਨੀਅਨ ਸਮਰਥਨ ਕਰਦੀ ਹੈ ਤੇ ਕਰਦੀ ਰਹੇਗੀ, ਕਿਉਂਕਿ ਸਰਕਾਰਾਂ ਮੁਲਾਜ਼ਮ ਮਾਰੂ ਨੀਤੀ ਅਪਣਾ ਰਹੀਆਂ ਹਨ। ਚੱਕਾ ਜਾਮ ਮੌਕੇ ਦਲਜੀਤ ਸਿੰਘ ਚੇਅਰਮੈਨ, ਸਤਪਾਲ ਸਿੰਘ ਸੱਤਾ ਪ੍ਰਧਾਨ, ਹਰਜਿੰਦਰ ਸਿੰਘ ਸੂਬਾ ਮੀਤ ਪ੍ਰਧਾਨ, ਰਾਣਾ ਰਣਜੀਤ ਸਿੰਘ ਸੈਕਟਰੀ, ਕੁਲਵਿੰਦਰ ਸਿੰਘ ਸੈਕਟਰੀ, ਅਭਿਨਵ ਸੂਦ ਜਲੰਧਰ ਡਿਪੂ-1 ਤੇ ਬਲਜੀਤ ਸਿੰਘ ਪ੍ਰਧਾਨ ਤੇ ਹੋਰ ਆਗੂ ਹਾਜ਼ਰ ਸਨ। ਦੇਰ ਸ਼ਾਮ ਇਨ੍ਹਾਂ ਵਰਕਰਾਂ ਦੀਆਂ ਤਨਖਾਹਾਂ ਦਾ 35,53,709 ਰੁਪਏ ਦਾ ਚੈੱਕ ਜਾਰੀ ਕਰ ਦਿੱਤਾ ਗਿਆ।