ਪੀਐੱਸਈਬੀ 12ਵੀਂ ਨਤੀਜਾ: ਸੱਤ ਮੈਰਿਟ ਨਾਲ ਜਲੰਧਰ 13ਵੇਂ, ਓਵਰਆਲ ਨਤੀਜੇ ’ਚ ਜ਼ਿਲ੍ਹਾ 17ਵੇਂ ਸਥਾਨ ’ਤੇ

-ਸੱਤ ਮੈਰਿਟ ’ਚ ਦੋ ਮੁੰਡੇ ਅਤੇ ਪੰਜ ਕੁੜੀਆਂ, ਪਹਿਲੀ ਵਾਰ ਬੋਰਡ ਨੇ ਟਾਪ-10 ਵਿਦਿਆਰਥੀਆਂ ਦੀ ਸੂਚੀ ਵੀ ਜਾਰੀ ਕੀਤੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ’ਚ ਜਲੰਧਰ ਦੇ ਸੱਤ ਵਿਦਿਆਰਥੀਆਂ ਨੇ ਮੈਰਿਟ ਹਾਸਲ ਕੀਤੀ ਹੈ। ਇਨ੍ਹਾਂ ’ਚ ਦੋ ਮੁੰਡੇ ਤੇ ਪੰਜ ਕੁੜੀਆਂ ਸ਼ਾਮਲ ਹਨ। ਜ਼ਿਲ੍ਹੇ ਤੋਂ 19013 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 17138 ਵਿਦਿਆਰਥੀ ਪਾਸ ਹੋਏ ਹਨ। ਇਸ ਹਿਸਾਬ ਨਾਲ 90.14 ਫੀਸਦੀ ਨਤੀਜੇ ਨਾਲ ਜਲੰਧਰ ਜ਼ਿਲ੍ਹਾ ਸੂਬੇ ’ਚ ਓਵਰਆਲ 17ਵੇਂ ਸਥਾਨ ’ਤੇ ਰਿਹਾ, ਜਦਕਿ ਸੱਤ ਮੈਰਿਟ ਵਿਦਿਆਰਥੀਆਂ ਨਾਲ ਜ਼ਿਲ੍ਹਾ ਸੂਬੇ ’ਚ 13ਵੇਂ ਸਥਾਨ ’ਤੇ ਰਿਹਾ ਹੈ। ਇਸ ਦੇ ਨਾਲ ਹੀ ਬੋਰਡ ਵੱਲੋਂ ਪਹਿਲੀ ਵਾਰ ਮੈਰਿਟ ਦੇ ਨਾਲ-ਨਾਲ ਹਰ ਜ਼ਿਲ੍ਹੇ ਦੇ ਟਾਪ-10 ਵਿਦਿਆਰਥੀਆਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਜੇ ਮੈਰਿਟ ਦੀ ਗੱਲ ਕਰੀਏ ਤਾਂ ਬਲਿਸ ਪਬਲਿਕ ਸਕੂਲ ਸਰਾਭਾ ਨਗਰ ਸੰਤੋਖਪੁਰਾ ਦੀ ਸਵਰਨ ਰਾਣੀ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਦੀ ਤੀਰਥ ਕੌਰ ਨੇ 500 ਵਿੱਚੋਂ 487 ਅੰਕ ਤੇ 97.40 ਫੀਸਦੀ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ।
ਜਦਕਿ ਐੱਚਐੱਮਵੀ ਕਾਲੇਜੀਏਟ ਦੀ ਪਲਕ ਸੁਮਨ ਅਤੇ ਸਕੂਲ ਆਫ ਐਮੀਨੈਂਸ ਕਰਤਾਰਪੁਰ ਦੇ ਗੁਰਪ੍ਰੀਤ ਸਿੰਘ ਨੇ 486 ਅੰਕ ਤੇ 97.20 ਫੀਸਦੀ ਨਾਲ ਦੂਜਾ ਸਥਾਨ ਹਾਸਲ ਕੀਤਾ। ਸਕੂਲ ਆਫ ਐਮੀਨੈਂਸ ਆਦਮਪੁਰ ਦੇ ਪਵਨ ਕੁਮਾਰ ਨੇ 485 ਅੰਕ ਅਤੇ 97 ਫੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ। ਦੇਵਰਾਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਤੀਕਸ਼ਾ ਤੇ ਮੈਰੀਟੋਰੀਅਸ ਸਕੂਲ ਦੀ ਖੁਸ਼ਬੂ ਨੇ 484 ਅੰਕ ਅਤੇ 96.80 ਫੀਸਦੀ ਨਾਲ ਚੌਥਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਟਾਪ-10 ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਂਧੀ ਕੈਂਪ ਦੇ ਪ੍ਰਥਮ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਦੀ ਕ੍ਰਿਤਿਕਾ ਨੇ 483 ਅੰਕ ਤੇ 96.60 ਫੀਸਦੀ, ਜਦਕਿ ਨਹਿਰੂ ਗਾਰਡਨ ਸਕੂਲ ਦੀ ਚਾਹਤ ਨੇ 482 ਅੰਕ ਤੇ 96.40 ਫੀਸਦੀ ਨਾਲ ਜਗ੍ਹਾ ਬਣਾਈ।
ਪਰਚੇਜ਼ ਮੈਨੇਜਰ ਸ਼ਵੇਤਾ ਰਾਣੀ ਦੀ ਧੀ ਸਵਰਨ ਰਾਣੀ ਨੇ ਪੀਐੱਸਈਬੀ 12ਵੀਂ ਕਾਮਰਸ ’ਚੋਂ 97.40 ਫੀਸਦੀ ਅੰਕ ਹਾਸਲ ਕਰ ਕੇ ਸੂਬੇ ਵਿੱਚ 14ਵਾਂ ਤੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹ ਬਲਿਸ ਪਬਲਿਕ ਸਕੂਲ ਸੰਤੋਖਪੁਰਾ ਸਰਾਭਾ ਨਗਰ ਦੀ ਵਿਦਿਆਰਥਣ ਹੈ। ਹਰਜੀਤ ਨਗਰ ਦੀ ਰਹਿਣ ਵਾਲੀ ਸਵਰਨ ਨੇ ਦੱਸਿਆ ਕਿ ਉਹ ਰੋਜ਼ਾਨਾ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਦੁਪਹਿਰ ਨੂੰ ਦੋ ਘੰਟੇ ਤੇ ਰਾਤ ਸਮੇਂ ਤਿੰਨ ਘੰਟੇ ਨਿਯਮਿਤ ਤੌਰ ’ਤੇ ਪੜ੍ਹਾਈ ਕਰਦੀ ਸੀ। ਉਸ ਨੂੰ ਅਕਾਊਂਟਸ ਵਿਸ਼ਾ ਬਹੁਤ ਪਸੰਦ ਹੈ ਤੇ ਉਹ ਸੀਏ ਬਣਨਾ ਚਾਹੁੰਦੀ ਹੈ। ਉਸ ਨੂੰ ਮਿਊਜ਼ਿਕ ਸੁਣਨ ਤੇ ਡਰਾਇੰਗ ਕਰਨ ਦਾ ਵੀ ਸ਼ੌਕ ਹੈ।
ਨੰਬਰ : ਅਕਾਊਂਟਸ 99, ਇੰਗਲਿਸ਼ 99, ਪੰਜਾਬੀ 98, ਬਿਜ਼ਨੈੱਸ ਸਟੱਡੀਜ਼ 92, ਅਕਾਊਂਟੈਂਸੀ 99, ਇਕਨਾਮਿਕਸ 99
ਡਰਾਈਵਰ ਪਿਤਾ ਤੇ ਟੇਲਰ ਮਾਂ ਦੀ ਧੀ ਬਣੀ ਜ਼ਿਲ੍ਹੇ ਦੀ ਟਾਪਰ
ਗੋਰਾਇਆ ਦੇ ਡਰਾਈਵਰ ਚੰਦਰ ਮੋਹਨ ਤੇ ਟੇਲਰ ਮਾਂ ਨੀਰੂ ਦੀ ਧੀ ਤੀਰਥ ਕੌਰ ਨੇ 12ਵੀਂ ਕਾਮਰਸ ’ਚ 500 ਵਿੱਚੋਂ 487 ਅੰਕ ਹਾਸਲ ਕਰ ਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਸੂਬੇ ’ਚ 14ਵਾਂ ਅਤੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਦੀ ਵਿਦਿਆਰਥਣ ਹੈ। ਉਸ ਦਾ ਕਹਿਣਾ ਹੈ ਕਿ ਆਰਥਿਕ ਦਿੱਕਤਾਂ ਨੇ ਪੜ੍ਹਾਈ ਵਿੱਚ ਕਾਫ਼ੀ ਮੁਸ਼ਕਲਾਂ ਪੈਦਾ ਕੀਤੀਆਂ ਪਰ ਅਧਿਆਪਕਾਂ ਦਾ ਪੂਰਾ ਸਹਿਯੋਗ ਮਿਲਿਆ ਤੇ ਸਕਾਲਰਸ਼ਿਪ ਹਾਸਲ ਕਰਦੇ ਹੋਏ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਮੈਰਿਟ ਵਿੱਚ ਜਗ੍ਹਾ ਬਣਾਈ। ਮੈਰਿਟ ਹਾਸਲ ਕਰਨ ਲਈ ਉਹ ਰਾਤ 11 ਵਜੇ ਤੱਕ ਪੜ੍ਹਦੀ ਸੀ ਤੇ ਸਵੇਰੇ 4 ਵਜੇ ਉੱਠ ਕੇ ਮੁੜ ਪੜ੍ਹਾਈ ਕਰਦੀ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਅਕਾਊਂਟਸ ਵਿਸ਼ਾ ਬਹੁਤ ਪਸੰਦ ਹੈ ਤੇ ਉਹ ਸੀਏ ਬਣ ਕੇ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।
ਨੰਬਰ : ਇਕਨਾਮਿਕਸ 99, ਅਕਾਊਂਟਸ 99, ਬਿਜ਼ਨਸ 99, ਇੰਗਲਿਸ਼ 98, ਪੰਜਾਬੀ 92