ਸਵੈ-ਜਨਗਣਨਾ ਫਾਰਮ ’ਚ ਓਬੀਸੀ ਸ਼੍ਰੇਣੀ ਦਾ ਜ਼ਿਕਰ ਨਾ ਹੋਣ ’ਤੇ ਰੋਸ
ਸਵੈ ਜਨਗਣਨਾ ਫਾਰਮ ’ਚ ਓਬੀਸੀ ਸ਼੍ਰੇਣੀ ਦਾ ਜ਼ਿਕਰ ਨਾ ਹੋਣ ’ਤੇ ਰੋਸ
Publish Date: Sun, 10 May 2026 07:02 PM (IST)
Updated Date: Mon, 11 May 2026 04:09 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : 2026 ਦੀ ਜਨਗਣਨਾ ਲਈ ਸੈਲਫ-ਇਨਿਊਮਰੇਸ਼ਨ (ਸਵੈ-ਜਨਗਣਨਾ) ਦੇ ਆਨਲਾਈਨ ਫਾਰਮ ’ਚ ਓਬੀਸੀ/ਪੱਛੜੀਆਂ ਸ਼੍ਰੇਣੀਆਂ ਦਾ ਕੋਈ ਜ਼ਿਕਰ ਨਾ ਹੋਣ ਕਾਰਨ ਪੱਛੜੇ ਵਰਗਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸ਼ਵ ਪ੍ਰਸਿੱਧ ਦੇਹਰਾ ਬਾਬਾ ਸੈਣ ਭਗਤ ਪ੍ਰਤਾਬਪੁਰਾ ਵਿਖੇ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ’ਚ ਦੇਹਰਾ ਬਾਬਾ ਸੈਣ ਭਗਤ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਸਮਾਜਿਕ ਆਗੂ ਸ਼ਾਮਲ ਹੋਏ। ਮੀਟਿੰਗ ਦੌਰਾਨ ਸੈਣ ਸਮਾਜ ਵੈੱਲਫੇਅਰ ਬੋਰਡ ਪੰਜਾਬ ਸਰਕਾਰ ਦੇ ਚੇਅਰਮੈਨ ਮੱਖਣ ਪੱਲਣ ਨੇ ਭਾਰਤ ਸਰਕਾਰ ਦੇ ਇਸ ਕਦਮ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਹ ਪੱਛੜੀਆਂ ਜਾਤੀਆਂ ਨਾਲ ਵੱਡਾ ਧੋਖਾ ਹੈ ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਤੀ ਆਧਾਰਿਤ ਜਨਗਣਨਾ ਸਮੇਂ ਦੀ ਮਹੱਤਵਪੂਰਨ ਲੋੜ ਹੈ, ਜਿਸ ਨਾਲ ਦੇਸ਼ ਦੇ ਵੱਖ-ਵੱਖ ਵਰਗਾਂ ਦੀ ਸਮਾਜਿਕ, ਆਰਥਿਕ ਤੇ ਸਿੱਖਿਆ ਸੰਬੰਧੀ ਸਥਿਤੀ ਸਪੱਸ਼ਟ ਹੋ ਸਕਦੀ ਹੈ। ਮੱਖਣ ਪੱਲਣ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਜਾਤੀ ਆਧਾਰਿਤ ਜਨਗਣਨਾ ਤੋਂ ਪਾਸਾ ਵੱਟ ਰਹੀ ਹੈ, ਕਿਉਂਕਿ ਸਰਕਾਰ ਨੂੰ ਡਰ ਹੈ ਕਿ ਪਿੱਛੜੇ ਵਰਗ ਆਪਣੀ ਅਸਲ ਗਿਣਤੀ ਤੇ ਤਾਕਤ ਬਾਰੇ ਜਾਗਰੂਕ ਹੋ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਸਵੈ-ਜਨਗਣਨਾ ਫਾਰਮ ’ਚ ਓਬੀਸੀ/ਪੱਛੜੀਆਂ ਜਾਤੀਆਂ ਲਈ ਵੱਖਰਾ ਕਾਲਮ ਸ਼ਾਮਲ ਕਰੇ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਯੋਗ ਪ੍ਰਤੀਨਿਧਤਾ ਮਿਲ ਸਕੇ। ਇਸ ਮੌਕੇ ਸਰਵਣ ਸਿੰਘ ਫੌਜੀ, ਚਰਨਜੀਤ ਸਿੰਘ, ਜਸਵੰਤ ਸਿੰਘ, ਸਰਵਣ ਸਿੰਘ ਮੁੱਲਾਂਪੁਰ, ਮੁਖਤਿਆਰ ਸਿੰਘ, ਖੁਸ਼ਪਾਲ ਸਿੰਘ, ਸ਼ਰਨਜੀਤ ਸਿੰਘ, ਮਹਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਮਾਸਟਰ ਜਸਵਿੰਦਰ ਸਿੰਘ, ਡਾ. ਗੁਰਤੇਜ ਭੀਖੀ ਸਮੇਤ ਹੋਰ ਆਗੂ ਮੌਜੂਦ ਸਨ।