ਕਿਸਾਨਾਂ ‘ਤੇ ਹੋਏ ਤਸ਼ੱਦਦ ਵਿਰੁੱਧ ਰਾਜਪਾਲ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
ਗਿਆਨ ਸੈਦਪੁਰੀ, ਪੰਜਾਬੀ ਜਾਗਰਣ,
Publish Date: Sat, 16 May 2026 08:11 PM (IST)
Updated Date: Sun, 17 May 2026 04:13 AM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਬੀਤੇ ਕੱਲ੍ਹ ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਕਿਸਾਨ ਜਥੇਬੰਦੀਆਂ ’ਤੇ ਹੋਏ ਪੁਲਿਸ ਤਸ਼ੱਦਦ ਦੇ ਰੋਸ ਵਜੋਂ ਅੱਜ ਕਸਬਾ ਸ਼ਾਹਕੋਟ ’ਚ ਐੱਸਕੇਐੱਮ ਦੇ ਪ੍ਰੋਗਰਾਮ ਅਨੁਸਾਰ ਪੰਜਾਬ ਦੇ ਰਾਜਪਾਲ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਐੱਸਕੇਐੱਮ ’ਚ ਸ਼ਾਮਿਲ ਜਥੇਬੰਦੀਆਂ ਕੱਲ ਪਾਣੀ ਦੇ ਮੁੱਦੇ ਤੇ ਬੀਬੀਐਮਬੀ ਵਿੱਚੋਂ ਪੰਜਾਬ ਦੇ ਕੋਟੇ ਦੇ ਪ੍ਰਬੰਧਕ ਨੂੰ ਮੈਨੇਜਮੈਂਟ ਵਿੱਚੋਂ ਬਾਹਰ ਕਰਨ ਵਿਰੁੱਧ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੀਆਂ ਸਨ ਪਰ ਰਾਜਪਾਲ ਦੇ ਅੜੀਅਲ ਰਵੱਈਏ ਤੇ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਕਿਸਾਨ ਵਿਰੋਧੀ ਨੀਤੀ ਕਾਰਨ ਕਿਸਾਨਾਂ ਨੂੰ ਰਾਜਪਾਲ ਭਵਨ ਵੱਲ ਜਾਣ ਤੋਂ ਰੋਕਿਆ ਗਿਆ ਅਤੇ ਮੁਹਾਲੀ-ਚੰਡੀਗੜ੍ਹ ਬਾਰਡਰ ’ਤੇ ਕਿਸਾਨਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿਸਾਨਾਂ ’ਤੇ ਹਲਕਾ ਬਲ ਪ੍ਰਯੋਗ ਕੀਤਾ ਗਿਆ, ਜਿਸ ਨਾਲ ਬਹੁਤ ਸਾਰੇ ਕਿਸਾਨ ਜ਼ਖ਼ਮੀ ਹੋ ਗਏ। ਇਸ ਘਟਨਾ ਦੇ ਰੋਸ ਵਜੋਂ ਅੱਜ ਸਵੇਰੇ ਬੱਸ ਸਟੈਂਡ ਸ਼ਾਹਕੋਟ ਵਿਖੇ ਐੱਸਕੀਐੱਮ ’ਚ ਸ਼ਾਮਲ ਵੱਖ-ਵੱਖ ਜਥੇਬੰਦੀਆ ਦੇ ਵਰਕਰ ਅਤੇ ਅਹੁਦੇਦਾਰ ਸ਼ਾਮਿਲ ਹੋਏ। ਇਕੱਠ ਨੂੰ ਵਰਿੰਦਰ ਪਾਲ ਸਿੰਘ ਕਾਲਾ, ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ, ਰਣਜੀਤ ਸਿੰਘ ਮਲਸੀਆਂ, ਸੁਖਜਿੰਦਰ ਲਾਲੀ , ਗੁਰਚਰਨ ਸਿੰਘ ਚਾਹਲ ਤੇ ਬਲਕਾਰ ਸਿੰਘ ਨੇ ਸੰਬੋਧਨ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਕਿਸ ਤਰ੍ਹਾਂ ਰਾਜ ਅਤੇ ਦੇਸ਼ ਆਰਥਿਕ ਮੰਦਵਾੜੇ ਵਿੱਚ ਘਿਰ ਚੁੱਕਾ ਹੈ। ਇਸ ਦਾ ਨਿਰੋਲ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਉਹ ਨੀਤੀਆਂ ਹਨ, ਜਿਨਾਂ ਅਧੀਨ ਖੇਤੀ ਖੇਤਰ ਸਮੇਤ ਸਾਰੇ ਅਦਾਰਿਆਂ ਨੂੰ ਕਾਰਪੋਰੇਟ ਨੂੰ ਸੌਂਪਿਆ ਜਾ ਰਿਹਾ ਹੈ। ਵੱਖ-ਵੱਖ ਪਬਲਿਕ ਅਦਾਰੇ ਪਹਿਲਾਂ ਹੀ ਦੇਸੀ-ਵਿਦੇਸ਼ੀ ਕਾਰਪੋਰੇਟ ਨੂੰ ਸੌਂਪੇ ਜਾ ਚੁੱਕੇ ਹਨ। ਪਾਣੀ ਨੂੰ ਵੀ ਇੱਕ ਵਪਾਰਕ ਵਸਤੂ ਘੋਸ਼ਿਤ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਣੀ ਦੇ ਕੁਦਰਤੀ ਸੋਮਿਆਂ ਤੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਕੀਤਾ ਜਾ ਰਿਹਾ ਹੈ। ਇੱਕ ਪਾਸੇ ਪੀਣ ਯੋਗ ਪਾਣੀ ਸਮੇਤ ਸਿੰਚਾਈ ਲਈ ਪਾਣੀ ਦੀ ਘਾਟ ਹੈ ,ਦੂਜੇ ਪਾਸੇ ਬਰਸਾਤ ਦੇ ਸੀਜਨ ਵਿੱਚ ਵਾਧੂ ਪਾਣੀ ਹੜਾਂ ਰਾਹੀਂ ਤਬਾਹੀ ਮਚਾਉਂਦਾ ਹੈ। ਪਾਣੀ ਦੇ ਪ੍ਰਬੰਧਨ ਦੀ ਕੋਈ ਠੋਸ ਨੀਤੀ ਨਾ ਹੋਣ ਕਰ ਕੇ ਬਹੁਤ ਸਾਰਾ ਪਾਣੀ ਅਜਾਈ ਪਾਕਿਸਤਾਨ ਵੱਲ ਜਾ ਰਿਹਾ ਹੈ, ਜਦੋਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬ-ਦਿਨ ਹੋਰ ਨੀਵਾਂ ਹੁੰਦਾ ਜਾ ਰਿਹਾ ਹੈ। ਸ਼ਹਿਰ ’ਚ ਰੋਸ ਮੁਜ਼ਾਹਰਾ ਕਰਦੇ ਹੋਏ ਪੰਜਾਬ ਦੇ ਰਾਜਪਾਲ, ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਅੱਜ ਦੇ ਰੋਸ ਪ੍ਰਦਰਸ਼ਨ ਕਰਨ ਤੇ ਪੁਤਲਾ ਸਾੜਨ ਦੇ ਪ੍ਰੋਗਰਾਮ ਵਿੱਚ ਬਲਕਾਰ ਸਿੰਘ ਫਾਜਲਵਾਲ, ਜਸਪਾਲ ਸਿੰਘ ਸੰਢਾਵਾਲ, ਰਣਜੀਤ ਸਿੰਘ, ਬਿੱਟੂ ਰੂਪੇਵਾਲੀ, ਪਾਲ ਬਾਗਪੁਰ, ਸੁਖਜਿੰਦਰ ਲਾਲੀ, ਜੱਸਾ ਮਲਸੀਆਂ, ਸਾਬਾ ਢਿੱਲੋਂ, ਨਿਰਮਲ ਸਿੰਘ ਕਾਂਗਣਾ, ਇੰਦਰਪਾਲ ਸਿੰਘ ਰਾਜੇਵਾਲ, ਜਸਮੇਲ ਸਿੰਘ ਚੀਮਾ, ਸੋਨੀ ਰਾਮੇ, ਰਣਜੀਤ ਸਿੰਘ , ਬਲਰਾਜ ਸਿੰਘ ਕਾਹਲੋ , ਦਵਿੰਦਰ ਸਿੰਘ ਹੁੰਦਲ, ਸੁਰਿੰਦਰ ਸਿੰਘ, ਜਸਬੀਰ ਸਿੰਘ, ਬਲਕਾਰ ਸਿੰਘ ਪੂਨੀਆ, ਬਲਦੇਵ ਸਿੰਘ ਗੱਟੀ, ਸੁਖਚੈਨ ਸਿੰਘ ਤਲਵੰਡੀ, ਗੁਰਪ੍ਰੀਤ ਸਿੰਘ ਰਾਜੇਵਾਲ, ਮਾਸਟਰ ਪਰਮਿੰਦਰ ਸਿੰਘ, ਕਾਮਰੇਡ ਧਰਮਿੰਦਰ ਸਿੰਘ, ਵਰਿੰਦਰ ਪਾਲ ਸਿੰਘ ਕਾਲਾ, ਮੱਖਣ ਸਿੰਘ, ਬਗੀਚਾ ਸਿੰਘ, ਕਸ਼ਮੀਰ ਸਿੰਘ, ਲਖਬੀਰ ਸਿੰਘ ਲੋਹੀਆਂ, ਜਗੀਰ ਜੋਸ਼ਨ, ਮਾਸਟਰ ਕੁਲਦੀਪ ਸਿੰਘ, ਨੰਬਰਦਾਰ ਹਰਜਿੰਦਰ ਸਿੰਘ ਤੇ ਸਾਧੂ ਸਿੰਘ ਬਾਹਮਣੀਆਂ ਸਮੇਤ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰ ਸ਼ਾਮਿਲ ਸਨ। ਥੋੜੇ ਸਮੇਂ ਦੇ ਨੋਟਿਸ ਤੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਤੇ ਗੁਰਚਰਨ ਸਿੰਘ ਚਾਹਲ ਨੇ ਸਭ ਦਾ ਵਿਸ਼ੇਸ਼ ਧੰਨਵਾਦ ਕੀਤਾ।