ਸੀਵਰਮੈਨ-ਕੌਂਸਲਰ ਵਿਵਾਦ, ਚਾਰ ਦਿਨਾਂ ਤੱਕ ਕਾਰਵਾਈ ਨਾ ਹੋਣ ’ਤੇ ਭੜਕੇ ਕਰਮਚਾਰੀ, ਲਗਾਇਆ ਧਰਨਾ
-ਪੁਲਿਸ ਨੇ ਦਿੱਤਾ ਜਾਂਚ
Publish Date: Sun, 03 May 2026 10:53 PM (IST)
Updated Date: Mon, 04 May 2026 04:17 AM (IST)

-ਪੁਲਿਸ ਨੇ ਦਿੱਤਾ ਜਾਂਚ ਦਾ ਭਰੋਸਾ ਜਾਗਰਣ ਸੰਵਾਦਦਾਤਾ, ਜਲੰਧਰ : ਬੀਤੇ ਦਿਨ ਸੀਵਰਮੈਨ ਤੇ ਪਾਰਸ਼ਦ ਦੇ ਪਰਿਵਾਰਾਂ ਵਿਚਕਾਰ ਹੋਇਆ ਝਗੜਾ ਇਕ ਵੱਡੇ ਵਿਵਾਦ ਵਿਚ ਬਦਲ ਗਿਆ, ਜਿਸ ਕਾਰਨ ਵਿਰੋਧ ਪ੍ਰਦਰਸ਼ਨ, ਧਰਨਾ ਤੇ ਟ੍ਰੈਫਿਕ ਜਾਮ ਵਰਗੀਆਂ ਸਥਿਤੀਆਂ ਪੈਦਾ ਹੋ ਗਈਆਂ। ਮਾਮਲਾ ਵਾਰਡ ਨੰਬਰ 20 ਦਾ ਹੈ, ਜਿੱਥੇ ਸੀਵਰ ਦੀ ਸਮੱਸਿਆ ਠੀਕ ਕਰਨ ਪਹੁੰਚੇ ਸੀਵਰਮੈਨ ਰਾਕੀ ਗਿੱਲ ਦੀ ਕੌਂਸਲਰ ਮਨਮੋਹਨ ਰਾਜੂ ਦੇ ਪੁੱਤਰ ਨਾਲ ਕਿਹਾ-ਸੁਣੀ ਹੋ ਗਈ। ਸੀਵਰਮੈਨ ਦਾ ਦੋਸ਼ ਸੀ ਕਿ ਉਸਦੇ ਨਾਲ ਮਾਰਕੁੱਟ ਤੇ ਗਾਲੀ-ਗਲੋਚ ਕੀਤੀ ਗਈ। ਇਸ ਘਟਨਾ ਦੇ ਬਾਅਦ ਨਗਰ ਨਿਗਮ ਦੇ ਸੀਵਰਮੈਨ ਕਰਮਚਾਰੀਆਂ ਵਿਚ ਰੋਸ ਫੈਲ ਗਿਆ। ਕਰਮਚਾਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਸਾਥੀ ਨਾਲ ਬੇਇਨਸਾਫ਼ੀ ਹੋਈ ਹੈ ਪਰ ਪੁਲਿਸ ਕਾਰਵਾਈ ਕਰਨ ’ਚ ਦੇਰੀ ਕਰ ਰਹੀ ਹੈ। ਵਿਵਾਦ ਉਸ ਵੇਲੇ ਹੋਰ ਵਧ ਗਿਆ ਜਦੋਂ ਭਗਵਾਨ ਵਾਲਮੀਕਿ ਉਤਸਵ ਕਮੇਟੀ ਦੇ ਯੂਥ ਪ੍ਰਧਾਨ ਵਿੱਕੀ ਗਿੱਲ ਆਪਣੇ ਸਮਰਥਕਾਂ ਨਾਲ ਪੀੜਤ ਦੇ ਸਮਰਥਨ ’ਚ ਉਤਰ ਆਏ। ਉਨ੍ਹਾਂ ਭਗਵਾਨ ਵਾਲਮੀਕਿ ਚੌਕ ’ਤੇ ਧਰਨਾ ਲਗਾ ਦਿੱਤਾ ਤੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਨਾਰਾਜ਼ਗੀ ਜਤਾਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਘਟਨਾ ਨੂੰ ਚਾਰ ਦਿਨ ਹੋ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਧਰਨੇ ਦੌਰਾਨ ਵਿੱਕੀ ਗਿੱਲ ਨੇ ਇਹ ਵੀ ਦੋਸ਼ ਲਾਇਆ ਕਿ ਜੇਕਰ ਸੀਵਰਮੈਨ ਦੀ ਜਗ੍ਹਾ ਕੌਂਸਲਰ ਦੇ ਪੁੱਤਰ ਤੇ ਹਮਲਾ ਹੁੰਦਾ, ਤਾਂ ਹੁਣ ਤੱਕ ਤੁਰੰਤ ਐੱਫਆਈਆਰ ਦਰਜ ਹੋ ਚੁੱਕੀ ਹੁੰਦੀ। ਉਨ੍ਹਾਂ ਪੁਲਿਸ ਤੇ ਪੱਖਪਾਤ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਨਿਆਂ ਨਹੀਂ ਮਿਲ ਰਿਹਾ। ਮੌਕੇ ’ਤੇ ਲੱਗਾ ਲੰਬਾ ਜਾਮ ਧਰਨੇ ਦੇ ਕਾਰਨ ਭਗਵਾਨ ਵਾਲਮੀਕਿ ਚੌਕ ਦੇ ਆਸਪਾਸ ਲੰਬਾ ਟ੍ਰੈਫਿਕ ਜਾਮ ਲੱਗ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਿਤੀ ਨੂੰ ਸੰਭਾਲਣ ਲਈ ਥਾਣਾ ਨੰਬਰ 4 ਦੀ ਮੁਖੀ ਅਨੁ ਪਲਿਆਲ ਮੌਕੇ ਤੇ ਪਹੁੰਚੀ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਯੋਗ ਕਾਰਵਾਈ ਦਾ ਭਰੋਸਾ ਦਿੱਤਾ। ਪੁਲਿਸ ਦੇ ਭਰੋਸੇ ਦੇ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਖਤਮ ਕਰ ਦਿੱਤਾ ਪਰ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦੀ ਕਾਰਵਾਈ ਨਾ ਹੋਈ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।