ਬਦਹਾਲ ਕੌਮੀ ਰਾਜ ਮਾਰਗ ਸਬੰਧੀ ਰੋਸ ਮੁਜ਼ਾਹਰਾ
ਕੌਮੀ ਰਾਜ ਮਾਰਗ ਨੂੰ ਲੈ ਕੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
Publish Date: Mon, 18 May 2026 09:48 PM (IST)
Updated Date: Mon, 18 May 2026 09:51 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਫਿਰੋਜ਼ਪੁਰ-ਜਲੰਧਰ ਰਾਜ ਮਾਰਗ ਤੇ ਸਥਿਤ ਸੁਲਤਾਨ ਪੁਰ ਲੋਧੀ ਵਾਲੇ ਰੇਲਵੇ ਫਾਟਕ ਤੇ ਸੁਸਤ ਚਾਲ ਨਾਲ ਬਣ ਰਹੇ ਪੁਲ ਨੂੰ ਲੈ ਕੇ ਵਿਸ਼ਵ ਕਰਮਾ ਮਾਰਕੀਟ ਲੋਹੀਆਂ ਖ਼ਾਸ, ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ), ਨੌਜੁਆਨ ਭਾਰਤ ਸਭਾ, ਸ਼ਹੀਦ ਭਗਤ ਸਿੰਘ ਨੌਜੁਆਨ ਸਭਾ, ਭਾਰਤ ਮਿਸਤਰੀ ਨਿਰਮਾਣ ਯੂਨੀਅਨ (ਸੀਟੂ), ਸੀ ਪੀ ਆਈ ਐੱਮ ਕਮਿਊਨਿਸਟ ਪਾਰਟੀ , ਵਪਾਰ ਮੰਡਲ ਲੋਹੀਆਂ ਅਤੇ ਕਈ ਹੋਰ ਭਰਾਤਰੀ ਜੱਥੇਬੰਦੀਆਂ ਵੱਲੋਂ ਪ੍ਰਸ਼ਾਸਨ ਤੰਤਰ ਅਤੇ ਠੇਕੇਦਾਰੀ ਤੰਤਰ ਦੇ ਵਿਰੋਧ ਵਿਚ ਸਖ਼ਤ ਰੋਸ ਪ੍ਰਗਟ ਕਰਦਿਆਂ ਧਰਨਾ ਮਾਰ ਕੇ ਤਿੰਨਾਂ ਪਾਸਿਆਂ ਨੂੰ ਜਾਣ ਵਾਲਾ ਟ੍ਰੈਫਿਕ ਬੰਦ ਕਰਕੇ ਜ਼ੋਰਦਾਰ ਰੋਸ ਪ੍ਰਗਟ ਕੀਤਾ ਗਿਆ। ਵੱਖ-ਵੱਖ ਯੂਨੀਅਨਾਂ ਦੇ ਬੁਲਾਰਿਆਂ ਵੱਲੋਂ ਸਰਕਾਰ ਦੀ ਬੇਧਿਆਨੀ ਅਤੇ ਠੇਕੇਦਾਰ ਵੱਲੋਂ ਅਪਣਾਈ ਜਾ ਰਹੀ ਸੁਸਤ ਚਾਲ ਦੀ ਸਖ਼ਤ ਸ਼ਬਦਾਂ ਨਾਲ ਨਿਖੇਧੀ ਕੀਤੀ ਗਈ। ਕਰੀਬ ਦੋ ਸਾਲ ਪਹਿਲਾਂ ਸ਼ੁਰੂ ਹੋਏ ਇਸ ਕੰਮ ਕਰਕੇ ਠੇਕੇਦਾਰ ਵੱਲੋਂ ਬਣਾਈਆਂ ਗਈਆਂ ਦੋ ਸਰਵਿਸ ਰੋਡਜ਼ ਏਨੀਆਂ ਮਾੜੀਆਂ ਬਣਾਈਆਂ ਗਈਆਂ ਸਨ ਕਿ ਉਹ ਕੁੱਝ ਸਮੇਂ ਵਿਚ ਹੀ ਟੁੱਟ ਫੁੱਟ ਗਈਆਂ ਅਤੇ ਉਦੋਂ ਤੋਂ ਹੀ ਉਥੋਂ ਦੇ ਦੁਕਾਨਦਾਰ ਅਤੇ ਲੋਕ ਘੱਟਾ-ਮਿੱਟੀ ਫੱਕਣ ਨੂੰ ਮਜਬੂਰ ਹਨ। ਮੁਜ਼ਾਹਰਾਕਾਰੀਆਂ ਵੱਲੋਂ ਐਂਬੂਲੈਂਸ ਅਤੇ ਹੋਰ ਜ਼ਰੂਰੀ ਸੇਵਾਵਾਂ ਵਾਲਿਆਂ ਨੂੰ ਧਰਨੇ ਵਾਲੀ ਥਾਂ ਤੋਂ ਲੰਘਾਉਣ ਦੀ ਸਹੂਲਤ ਪ੍ਰਦਾਨ ਕੀਤੀ ਗਈ। ਧਰਨੇ ਦਾ ਪਤਾ ਲੱਗਦਿਆਂ ਹੀ ਸਰਵਣ ਸਿੰਘ ਬਲ ਉੱਪ ਪੁਲਿਸ ਕਪਤਾਨ ਸ਼ਾਹਕੋਟ, ਸੁਖਜਿੰਦਰ ਸਿੰਘ ਖਹਿਰਾ ਐੱਸਐੱਚਓ ਲੋਹੀਆਂ, ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਲੋਹੀਆਂ ਅਤੇ ਪ੍ਰੇਮ ਕਮਲ ਕਾਰਜ ਕਾਰੀ ਇੰਜੀਨੀਅਰ ਮੌਕੇ ’ਤੇ ਪਹੁੰਚੇ ਤੇ ਮੀਟਿੰਗ ਲਈ ਬੁਲਾਇਆ। ਰਣਜੀਤ ਸਿੰਘ ਅਲੀ ਵਾਲ ਜ਼ਿਲ੍ਹਾ ਆਗੂ ਕਿਸਾਨ ਯੂਨੀਅਨ (ਕੋਟ ਬੁੱਢਾ), ਸੋਨੂੰ ਅਰੋੜਾ ਨੌਜੁਆਨ ਭਾਰਤ ਸਭਾ ਅਤੇ ਕਈ ਹੋਰਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੜਕਾਂ ਦੇ ਮੁੱਦੇ ’ਤੇ ਗੱਲ ਕਰਦਿਆਂ ਪ੍ਰੇਮ ਕਮਲ ਐੱਕਸੀਅਨ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਆਉਂਦੇ 20 ਦਿਨਾਂ ਦੇ ਅੰਦਰ-ਅੰਦਰ ਦੋਵੇਂ ਸੜਕਾਂ ਉਮਦਾ ਕਿਸਮ ਦੀਆਂ ਬਣਾਈਆਂ ਜਾਣਗੀਆਂ ਅਤੇ ਪੁਲ ਨਾਲ ਸਬੰਧਤ ਹੋਰ ਕੰਮ ਵੀ ਤੇਜ਼ੀ ਨਾਲ ਕਰਵਾਏ ਜਾਣਗੇ। ਮੁਜ਼ਾਹਰਾਕਾਰੀਆਂ ਦੀ ਮੰਗ ’ਤੇ ਪ੍ਰੇਮ ਕਮਲ ਕਾਰਜਕਾਰੀ ਇੰਜੀਨੀਅਰ, ਸਰਵਣ ਸਿੰਘ ਬਲ ਡੀਐੱਸਪੀ ਸ਼ਾਹਕੋਟ ਅਤੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਵਿਸ਼ਵਾਸ਼ ਦਿਵਾਇਆ ਗਿਆ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਕੋਈ ਤਕਲੀਫ਼ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਜਦਕਿ ਡੀ ਐੱਸ ਪੀ ਵੱਲੋਂ ਆਪਣਾ ਫੋਨ ਨੰਬਰ ਵੀ ਦਿੱਤਾ ਗਿਆ ਕਿ ਖ਼ਾਸ ਤੌਰ ’ਤੇ ਨਸ਼ਿਆਂ ਨੂੰ ਮੁਕਾਉਣ ਦੇ ਮਾਮਲੇ ਵਿਚ ਉਨ੍ਹਾਂ ਨਾਲ ਜਦੋਂ ਮਰਜ਼ੀ ਗੱਲ ਕੀਤੀ ਜਾ ਸਕਦੀ ਹੈ। ਇਸ ਮੌਕੇ ਕੇਵਲ ਸਿੰਘ ਦਾਨੇਵਾਲ ਵੱਲੋਂ ਨਸ਼ਿਆਂ ਦੇ ਮਾਮਲੇ ਵਿਚ ਇਕ ਸਰਪੰਚ ਨੂੰ ਨਸ਼ੇ ਦੇ ਵਪਾਰੀਆਂ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤੇ ਜਾਣ ਦਾ ਮੁੱਦਾ ਚੁੱਕਿਆ ਗਿਆ, ਜਿਸਦੇ ਬਾਰੇ ਬੋਲਦਿਆਂ ਡੀ ਐੱਸ ਪੀ ਵੱਲੋਂ ਢੁੱਕਵੀਂ ਕਾਰਵਾਈ ਕੀਤੇ ਜਾਣ ਦਾ ਕਿਹਾ ਗਿਆ। ਮੌਕੇ ’ਤੇ ਲਖਵੀਰ ਸਿੰਘ ਕੰਗ, ਗੁਰਚਰਨ ਸਿੰਘ ਅਟਵਾਲ ਤਹਿਸੀਲ ਸਕੱਤਰ, ਕੁਲਦੀਪ ਸਿੰਘ ਗਿਆਨੀ ਸਵੀਟਸ, ਬਿਕਰਮ ਮੰਢਾਲਾ ਤੇ ਕੇਵਲ ਸਿੰਘ ਦਾਨੇਵਾਲ ਵੀ ਮੌਜੂਦ ਸਨ।