ਕਿੱਲੋਮੀਟਰ ਯੋਜਨਾ ਖ਼ਿਲਾਫ਼ ਪੀਏਪੀ ’ਚ ਧਰਨਾ, ਲੋਕ ਪਰੇਸ਼ਾਨ
ਕਿਲੋਮੀਟਰ ਯੋਜਨਾ ਦਾ ਵਿਰੋਧ, ਪੀਏਪੀ ਵਿਖੇ ਧਰਨਾ, ਲੋਕ ਪਰੇਸ਼ਾਨ
Publish Date: Tue, 14 Oct 2025 10:14 PM (IST)
Updated Date: Tue, 14 Oct 2025 10:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਇਕ ਵਾਰ ਫਿਰ ਸਰਕਾਰੀ ਬੱਸ ਚਾਲਕਾਂ ਤੇ ਕਰਮਚਾਰੀਆਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮੰਗਲਵਾਰ ਨੂੰ ਪੰਜਾਬ ਰੋਡਵੇਜ਼, ਪੀਆਰਟੀਸੀ ਤੇ ਪਨਬਸ ਕਾਂਟ੍ਰੈਕਟ ਵਰਕਰਜ਼ ਯੂਨੀਅਨ ਨਾਲ ਸਬੰਧਤ ਕਰਮਚਾਰੀਆਂ ਨੇ ਕਿਲੋਮੀਟਰ ਬੱਸ ਯੋਜਨਾ ਦੇ ਵਿਰੋਧ ’ਚ ਜਲੰਧਰ ਬੱਸ ਅੱਡੇ ਤੇ ਪੀਏਪੀ ਚੌਕ ‘ਤੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ। ਬੱਸ ਅੱਡੇ ’ਤੇ ਕੀਤੇ ਗਏ ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਜਲੰਧਰ-ਦਿੱਲੀ ਨੇਸ਼ਨਲ ਹਾਈਵੇ ਨੂੰ ਕੁਝ ਘੰਟਿਆਂ ਲਈ ਜਾਮ ਕਰ ਦਿੱਤਾ, ਜਿਸ ਕਾਰਨ ਦੋਹੀਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਟ੍ਰੈਫ਼ਿਕ ਪੂਰੀ ਤਰ੍ਹਾਂ ਠੱਪ ਹੋ ਗਿਆ। ਇਹ ਪ੍ਰਦਰਸ਼ਨ ਦੁਪਹਿਰ 12 ਵਜੇ ਸ਼ੁਰੂ ਕੀਤਾ ਗਿਆ, ਜਿਸ ’ਚ ਪਹਿਲੇ ਦੋ ਘੰਟੇ ਬੱਸ ਅੱਡੇ ’ਤੇ ਤੇ ਬਾਅਦ ’ਚ ਪੀਏਪੀ ਚੌਕ ’ਤੇ ਪ੍ਰਦਰਸ਼ਨ ਕੀਤਾ ਗਿਆ। ਕੁੱਲ ਮਿਲਾਕੇ ਇਹ ਪ੍ਰਦਰਸ਼ਨ ਕਰੀਬ ਚਾਰ ਘੰਟੇ ਤੱਕ ਚੱਲਿਆ। ਧਰਨੇ ’ਚ ਸ਼ਾਮਲ ਯੂਨੀਅਨ ਨੇਤਾਵਾਂ ਨੇ ਕਿਹਾ ਕਿ ਸਰਕਾਰ ਦੀ ਕਿਲੋਮੀਟਰ ਬੱਸ ਯੋਜਨਾ ਨਿੱਜੀ ਕੰਪਨੀਆਂ ਨੂੰ ਗੈਰ-ਜਾਇਜ਼ ਫ਼ਾਇਦਾ ਪਹੁੰਚਾਉਣ ਵਾਲੀ ਨੀਤੀ ਹੈ। ਉਨ੍ਹਾਂ ਮੁਤਾਬਕ, ਸਰਕਾਰ ਨਿੱਜੀ ਬੱਸ ਆਪ੍ਰੇਟਰਾਂ ਤੋਂ ਬੱਸਾਂ ਕਿਰਾਏ ’ਤੇ ਲੈ ਕੇ ਚਲਾਉਂਦੀ ਹੈ ਤੇ ਪ੍ਰਤੀ ਕਿੱਲੋਮੀਟਰ ਭੁਗਤਾਨ ਕਰਦੀ ਹੈ, ਜਦਕਿ ਡਰਾਈਵਰ, ਮੁਰੰਮਤ ਤੇ ਤੇਲ ਦੀ ਜ਼ਿੰਮੇਵਾਰੀ ਕੰਪਨੀ ਦੀ ਹੁੰਦੀ ਹੈ। ਇਸ ਨਾਲ ਸਰਕਾਰੀ ਬੱਸ ਬੇੜੇ ਦੀ ਹਾਲਤ ਕਮਜ਼ੋਰ ਹੋ ਰਹੀ ਹੈ ਤੇ ਹਜ਼ਾਰਾਂ ਡਰਾਈਵਰਾਂ ਤੇ ਕੰਡਕਟਰਾਂ ਦਾ ਭਵਿੱਖ ਖ਼ਤਰੇ ’ਚ ਹੈ। ਯੂਨੀਅਨ ਨੇ ਆਪਣੀਆਂ ਮੁੱਖ ਮੰਗਾਂ ਦੁਹਰਾਉਂਦਿਆਂ ਕਿਹਾ ਕਿ ਕੱਚੇ ਕਰਮਚਾਰੀਆਂ ਨੂੰ ਸਰਵਿਸ ਰੂਲਜ਼ ਅਧੀਨ ਪੱਕਾ ਕੀਤਾ ਜਾਵੇ, ਕਿਲੋਮੀਟਰ ਸਕੀਮ ਹੇਠ ਜਾਰੀ ਨਿੱਜੀ ਬੱਸਾਂ ਦੇ ਟੈਂਡਰ ਤੁਰੰਤ ਰੱਦ ਕੀਤੇ ਜਾਣ, ਠੇਕੇਦਾਰੀ ਪ੍ਰਣਾਲੀ ਨੂੰ ਖਤਮ ਕੀਤਾ ਜਾਵੇ ਤੇ “ਬਰਾਬਰ ਕੰਮ, ਬਰਾਬਰ ਤਨਖ਼ਾਹ” ਦੀ ਨੀਤੀ ਲਾਗੂ ਕੀਤੀ ਜਾਵੇ। ਇਸ ਦੇ ਨਾਲ ਹੀ ਨਿਕਾਲੇ ਗਏ ਕਰਮਚਾਰੀਆਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ, ਨਵੀਆਂ ਸਰਕਾਰੀ ਬੱਸਾਂ ਚਲਾਈਆਂ ਜਾਣ ਤੇ ਟ੍ਰਾਂਸਪੋਰਟ ਵਿਭਾਗ ਦੇ ਨਿੱਜੀਕਰਨ ਦੀ ਪ੍ਰਕਿਰਿਆ ’ਤੇ ਤੁਰੰਤ ਰੋਕ ਲਗਾਈ ਜਾਵੇ। ਯੂਨੀਅਨ ਨੇਤਾਵਾਂ ਨੇ ਇਹ ਵੀ ਕਿਹਾ ਕਿ ਫ਼ਰੀ ਯਾਤਰਾ ਯੋਜਨਾ ਦਾ ਬਕਾਇਆ ਭੁਗਤਾਨ ਵਿਭਾਗ ਨੂੰ ਦਿੱਤਾ ਜਾਵੇ, ਤਾਂ ਜੋ ਪੰਜਾਬ ਰੋਡਵੇਜ਼ ਦੀ ਵਿੱਤੀ ਹਾਲਤ ਸੁਧਰ ਸਕੇ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਤਾਂ ਇਹ ਪ੍ਰਦਰਸ਼ਨ ਪੰਜਾਬ ਭਰ ’ਚ ਵੱਡੇ ਪੱਧਰ ’ਤੇ ਕੀਤਾ ਜਾਵੇਗਾ। ਧਰਨੇ ਦੇ ਕਾਰਨ ਸ਼ਹਿਰ ’ਚ ਕਈ ਥਾਵਾਂ ’ਤੇ ਟ੍ਰੈਫ਼ਿਕ ਜਾਮ ਦੀ ਸਥਿਤੀ ਬਣੀ ਰਹੀ ਤੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੱਸ ਅੱਡਿਆਂ ’ਤੇ ਸਵੇਰੇ ਤੋਂ ਹੀ ਯਾਤਰੀਆਂ ਦੀ ਭੀੜ ਉਮੜ ਪਈ, ਪਰ ਸਰਕਾਰੀ ਬੱਸਾਂ ਦੇ ਸੰਚਾਲਨ ’ਤੇ ਰੋਕ ਹੋਣ ਕਾਰਨ ਲੋਕਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਘੰਟਿਆਂ ਇੰਤਜ਼ਾਰ ਕਰਨਾ ਪਿਆ। ਮਜਬੂਰਨ ਕਈ ਲੋਕਾਂ ਨੂੰ ਨਿੱਜੀ ਬੱਸਾਂ ਜਾਂ ਮਹਿੰਗੀਆਂ ਟੈਕਸੀਆਂ ਦਾ ਸਹਾਰਾ ਲੈਣਾ ਪਿਆ। ਲੁਧਿਆਣਾ ਜਾਣ ਲਈ ਬੱਸ ਅੱਡੇ ’ਤੇ ਇੰਤਜ਼ਾਰ ਕਰ ਰਹੀ ਇਕ ਮਹਿਲਾ ਯਾਤਰੀ ਹਰਜੋਤ ਨੇ ਕਿਹਾ ਕਿ ਉਹ ਤਿੰਨ ਘੰਟਿਆਂ ਤੋਂ ਬੱਸ ਦੀ ਉਡੀਕ ਕਰ ਰਹੀ ਹੈ ਪਰ ਕੋਈ ਸਰਕਾਰੀ ਬੱਸ ਨਹੀਂ ਮਿਲੀ। ਨਿੱਜੀ ਬੱਸਾਂ ਮਨਮਾਨਾ ਕਿਰਾਇਆ ਵਸੂਲ ਰਹੀਆਂ ਹਨ। ਇਸੇ ਤਰ੍ਹਾਂ ਕਈ ਯਾਤਰੀਆਂ ਨੇ ਕਿਹਾ ਕਿ ਅਚਾਨਕ ਬੱਸ ਸੇਵਾ ਬੰਦ ਹੋਣ ਨਾਲ ਆਮ ਜਨਤਾ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਪੂਰਥਲਾ ਦੀ ਇਕ ਵਿਦਿਆਰਥਣ ਨੇ ਦੱਸਿਆ ਕਿ ਉਸ ਨੂੰ ਅੱਜ ਕਾਲਜ ’ਚ ਦਸਤਾਵੇਜ਼ ਜਮ੍ਹਾਂ ਕਰਵਾਉਣ ਜਾਣਾ ਸੀ ਪਰ ਬੱਸਾਂ ਨਾ ਚਲਣ ਕਰਕੇ ਹੁਣ ਨਿੱਜੀ ਬੱਸ ਨਾਲ ਜਾਣਾ ਪਵੇਗਾ। ਧਰਨੇ ਦੇ ਕਾਰਨ ਹਾਈਵੇ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜਾਮ ਦੇ ਚਲਦੇ ਐਂਬੂਲੈਂਸਾਂ ਤੇ ਸਕੂਲੀ ਵਾਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਟ੍ਰੈਫ਼ਿਕ ਨੂੰ ਡਾਈਵਰਟ ਕਰਕੇ ਵਿਕਲਪੀ ਮਾਰਗਾਂ ਤੋਂ ਚਲਾਇਆ, ਪਰ ਕਈ ਘੰਟਿਆਂ ਤੱਕ ਸ਼ਹਿਰ ਦੇ ਮੁੱਖ ਰਸਤੇ ਜਾਮ ਰਹੇ।