ਮਾਡਲ ਟਾਊਨ ਗੁਰਦੁਆਰਾ ਨੇੜਲੇ ਡੰਪ ਦਾ ਵਿਰੋਧ
ਮਾਡਲ ਟਾਊਨ ਗੁਰਦੁਆਰਾ ਨੇੜੇ ਡੰਪ ਦਾ ਵਿਰੋਧ,ਮੇਅਰ ਤੇ ਕਮਿਸ਼ਨਰ ਹਾਉਸ ਦੇ ਨੇੜੇ ਹੈ ਡੰਡ
Publish Date: Wed, 06 May 2026 08:47 PM (IST)
Updated Date: Wed, 06 May 2026 08:50 PM (IST)
-ਲੋਕਾਂ ਵੱਲੋਂ ਮਾਮਲਾ ਅਦਾਲਤ ’ਚ ਲਿਜਾਣ ਦੀ ਚਿਤਾਵਨੀ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਮਾਡਲ ਟਾਊਨ ਦੇ ਵਸਨੀਕਾਂ ਨੇ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਥਿਤ ਪਲਾਟ ਨੰਬਰ 185 'ਤੇ ਕਈ ਸਾਲਾਂ ਤੋਂ ਮੌਜੂਦ ਇਕ ਗੈਰ-ਕਾਨੂੰਨੀ ਕੂੜੇ ਦੇ ਡੰਪ ਵਿਰੁੱਧ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਮਾਡਲ ਟਾਊਨ ’ਚ ਗੁਰਦੁਆਰਾ ਸਿੰਘ ਸਭਾ ਦੇ ਬਿਲਕੁਲ ਸਾਹਮਣੇ ਸਥਿਤ ਇਸ ਪਲਾਟ ਤੋਂ ਨਿਕਲਣ ਵਾਲੀ ਬਦਬੂ ਤੇ ਗੰਦਗੀ ਕਾਰਨ ਪੂਰਾ ਇਲਾਕਾ ਪ੍ਰਭਾਵਿਤ ਹੈ। ਇਹ ਵਿਰੋਧ ਮਾਡਲ ਟਾਊਨ ਦੀ ਸਾਂਝੀ ਐਕਸ਼ਨ ਕਮੇਟੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਮੁਜ਼ਾਹਰੇ ’ਚ ਪ੍ਰਧਾਨ ਮਨਮੀਤ ਸਿੰਘ ਸੋਢੀ, ਮਹਿੰਦਰਜੀਤ ਸਿੰਘ ਅਤੇ ਜਸਵਿੰਦਰ ਸਾਹਨੀ, ਵਰਿੰਦਰ ਮਲਿਕ, ਜਸਪ੍ਰੀਤ ਸਿੰਘ ਸੇਠੀ, ਸਤਪਾਲ ਸਿੰਘ, ਅਮਨ ਸੇਤੀਆ, ਨਿਤੀਸ਼ ਭਗਤ, ਰਵਿੰਦਰ ਸਿੰਘ, ਸੁਨੀਲ ਚੋਪੜਾ, ਲਲਿਤ ਤ੍ਰਿਖਾ, ਕੌਂਸਲਰ ਅਰੁਣਾ ਅਰੋੜਾ, ਮਾਰਕੀਟ ਪ੍ਰਧਾਨ ਰਾਜੀਵ ਦੁੱਗਲ ਅਤੇ ਹਰਜਾਪ ਸੰਘਾ ਵੀ ਮੌਜੂਦ ਸਨ। ਡੰਪ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਮੁਜ਼ਾਹਰਾਕਾਰੀਆਂ ਨੇ ਪ੍ਰਸ਼ਾਸਨ ਦੇ ਕੰਮਕਾਜ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਵਾਰ-ਵਾਰ ਸ਼ਿਕਾਇਤਾਂ ਤੇ ਨਿਰਦੇਸ਼ਾਂ ਦੇ ਬਾਵਜੂਦ ਕੂੜਾ ਬਿਨਾਂ ਕਿਸੇ ਰੁਕਾਵਟ ਦੇ ਇਸ ਸਥਾਨ 'ਤੇ ਸੁੱਟਿਆ ਜਾ ਰਿਹਾ ਹੈ। ਪਲਾਟ ਤੋਂ ਕੂੜੇ ਨੂੰ ਤੁਰੰਤ ਹਟਾਉਣ ਦੀ ਮੰਗ ਰੱਖੀ ਗਈ। ਉਨ੍ਹਾਂ ਅੱਗੇ ਕਿਹਾ ਪਲਾਟ ਦੇ ਆਲੇ-ਦੁਆਲੇ ਇੱਕ ਚਾਰਦੀਵਾਰੀ ਬਣਾਈ ਜਾਵੇ। ਇਸ ਸਥਾਨ 'ਤੇ ਕੂੜਾ ਸੁੱਟਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ 'ਤੇ ਜ਼ੋਰ ਦਿੱਤਾ। ਵਾਤਾਵਰਨ ਕਾਰਕੁੰਨ ਤੇਜਸਵੀ ਮਿਨਹਾਸ ਨੇ ਕਿਹਾ ਕਿ ਪਿਛਲੇ ਸਾਲ, ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਜਾਰੀ ਕੀਤੇ ਸਨ ਕਿ ਪਲਾਟਾਂ ਦੀ ਸਫਾਈ ਦੀ ਜ਼ਿੰਮੇਵਾਰੀ ਮਾਲਕਾਂ ਦੀ ਹੋਵੇਗੀ। ਪਾਲਣਾ ਨਾ ਕਰਨ 'ਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023, ਵਾਤਾਵਰਨ ਸੁਰੱਖਿਆ ਐਕਟ 1986, ਕੂੜਾ ਪ੍ਰਬੰਧਨ ਨਿਯਮ 2016 ਅਤੇ ਪੰਜਾਬ ਨਗਰ ਨਿਗਮ ਐਕਟ 1976 ਤਹਿਤ ਕਾਰਵਾਈ ਕੀਤੀ ਜਾਵੇਗੀ ਪਰ ਅਜੇ ਤਕ ਕੁਝ ਨਹੀ ਹੋਇਆ। ਕੂੜੇ ਦਾ ਇਹ ਢੇਰ ਮੇਅਰ ਤੇ ਨਗਰ ਕਮਿਸ਼ਨਰ ਦੇ ਨਿਵਾਸ ਸਥਾਨਾਂ ਤੋਂ 100 ਮੀਟਰ ਤੋਂ ਵੀ ਘੱਟ ਦੂਰੀ 'ਤੇ ਸਥਿਤ ਹੈ, ਫਿਰ ਵੀ ਇਸ ਨੂੰ ਹੱਲ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਹਨ। ਵਸਨੀਕਾਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਜੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਦਾ ਅੰਦੋਲਨ ਤੇਜ਼ ਹੋ ਜਾਵੇਗਾ ਤੇ ਮਾਮਲਾ ਅਦਾਲਤ ਅਤੇ ਵਾਤਾਵਰਨ ਰੈਗੂਲੇਟਰੀ ਸੰਸਥਾਵਾਂ ਕੋਲ ਉਠਾਇਆ ਜਾਵੇਗਾ।