ਈਰਾਨ ਨੇ ਅਮਰੀਕੀ ਜੰਗੀ

ਈਰਾਨ ਨੇ ਅਮਰੀਕੀ ਜੰਗੀ ਬੇੜੇ ’ਤੇ ਦਾਗੀਆਂ ਮਿਜ਼ਾਈਲਾਂ,
ਕਈ ਦੇਸ਼ਾਂ ਨੇ ਜਹਾਜ਼ਾਂ ਦੀ ਸੁਰੱਖਿਅਤ ਨਿਕਾਸੀ ਲਈ ਮੰਗੀ ਮਦਦ : ਟਰੰਪ
ਜਾਗਰਣ ਨਿਊਜ਼ ਨੈੱਟਵਰਕ
ਨਵੀਂ ਦਿੱਲੀ : ਪੱਛਮੀ ਏਸ਼ੀਆ ’ਚ ਜਾਰੀ ਤਣਾਅ ਵਿਚਾਲੇ ਅਮਰੀਕਾ ਨੇ ਸੋਮਵਾਰ ਨੂੰ ਹੋਰਮੁਜ ਸਟ੍ਰੇਟ ’ਚ ਫਸੇ ਮਾਲਵਾਹਕ ਜਹਾਜ਼ਾਂ ਨੂੰ ਕੱਢਣ ਲਈ ਪ੍ਰਾਜੈਕਟ ਫ੍ਰੀਡਮ ਸ਼ੁਰੂ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਨੁਸਾਰ ਇਸ ਮੁਹਿੰਮ ਦੇ ਤਹਿਤ ਅਮਰੀਕੀ ਜਲ ਸੈਨਾ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਮਾਰਗਦਰਸ਼ਨ ਦੇਵੇਗੀ। ਹਾਲਾਂਕਿ ਇਸ ਕਦਮ ਦੇ ਨਾਲ ਹੀ ਖੇਤਰ ’ਚ ਤਣਾਅ ਹੋਰ ਵਧਣ ਦੇ ਸੰਕੇਤ ਮਿਲ ਰਹੇ ਹਨ। ਈਰਾਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਜਾਸਕ ਬੰਦਰਗਾਹ ਸ਼ਹਿਰ ਵੱਲੋਂ ਹੋਰਮੁਜ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ਅਮਰੀਕੀ ਜੰਗੀ ਬੇੜੇ ’ਤੇ ਦੋ ਮਿਜ਼ਾਈਲਾਂ ਦਾਗੀਆਂ ਤੇ ਇਕ ਜਹਾਜ਼ ਨੂੰ ਵੀ ਨਿਸ਼ਾਨਾ ਬਣਾਇਆ। ਹਾਲਾਂਕਿ ਅਮਰੀਕੀ ਸੈਂਟਰਲ ਕਮਾਂਡ (ਸੇਂਟਕਾਮ) ਨੇ ਅਜਿਹੇ ਕਿਸੇ ਹਮਲੇ ਤੋਂ ਸਾਫ ਨਾਂਹ ਕੀਤੀ ਹੈ। ਘਟਨਾਵਾਂ ਵਿਚਾਲੇ ਕੁਝ ਜਹਾਜ਼ਾਂ ਦੇ ਜ਼ਬਤ ਕੀਤੇ ਜਾਣ ਦੀਆਂ ਵੀ ਖਬਰਾਂ ਹਨ ਜਦਕਿ ਪ੍ਰਭਾਵਿਤ ਜਹਾਜ਼ ਦੇ ਚਾਲਕ ਦਲ ਨੂੰ ਸੁਰੱਖਿਅਤ ਦੱਸਿਆ ਗਿਆ ਹੈ। ਯੂਕੇ ਐੱਮਟੀਓ ਨੇ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ ਦੇ ਫੁਜੈਰਾਹ ਦੇ ਉੱਤਰ ’ਚ 78 ਨਾਟੀਕਲ ਮੀਲ ਦੂਰ ਸਥਿਤ ਇਕ ਟੈਂਕਰ ’ਤੇ ਅਣਜਾਣ ਪ੍ਰਾਜੈਕਟਾਈਲ ਤੋਂ ਹਮਲਾ ਹੋਇਆ ਹੈ। ਹਾਲਾਂਕਿ ਇਸ ’ਤੇ ਸਵਾਰ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ।
ਈਰਾਨ ਦੀ ਏਕੀਕ੍ਰਿਤ ਕਮਾਨ ਨੇ ਵਪਾਰਕ ਜਹਾਜ਼ਾਂ ਤੇ ਤੇਲ ਟੈਂਕਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਉਸ ਦੀ ਫ਼ੌਜ ਨਾਲ ਤਾਲਮੇਲ ਤੋਂ ਬਿਨਾਂ ਕੋਈ ਗਤੀਵਿਧੀ ਨਾ ਕਰਨ। ਉੱਧਰ ਵ੍ਹਾਈਟ ਹਾਊਸ ਨੇ ਪ੍ਰਾਜੈਕਟ ਫ੍ਰੀਡਮ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਹੀ। ਜ਼ਿਕਰਯੋਗ ਹੈ ਕਿ 28 ਫਰਵਰੀ ਤੋਂ ਸ਼ੁਰੂ ਸੰਘਰਸ਼ ਦੇ ਬਾਅਦ ਤੋਂ ਹੋਰਮੁਜ ’ਚ ਕਈ ਜਹਾਜ਼ ਫਸੇ ਹੋਏ ਹਨ। ਨਿਊਯਾਰਕ ਟਾਈਮਜ਼ ਅਨੁਸਾਰ ਟਰੰਪ ਨੇ ਐਤਵਾਰ ਨੂੰ ਕਿਹਾ ਸੀ ਕਿ ਸੋਮਵਾਰ ਤੋਂ ਅਮਰੀਕੀ ਜਲ ਸੈਨਾ ਹੋਰਮੁਜ ’ਚ ਫਸੇ ਵਪਾਰਕ ਜਹਾਜ਼ਾਂ ਨੂੰ ਮਨੁੱਖਤਾ ਦੇ ਆਧਾਰ ’ਤੇ ਸੁਰੱਖਿਅਤ ਬਾਹਰ ਕੱਢਣ ’ਚ ਮਾਰਗਦਰਸ਼ਨ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਕਈ ਦੇਸ਼ਾਂ ਨੇ ਆਪਣੇ ਜਹਾਜ਼ਾਂ ਦੀ ਨਿਕਾਸੀ ਲਈ ਅਮਰੀਕਾ ਤੋਂ ਮਦਦ ਮੰਗੀ ਹੈ। ਨਾਲ ਹੀ ਚੇਤਾਵਨੀ ਦਿੱਤੀ ਕਿ ਇਸ ਮੁਹਿੰਮ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਹਾਲਾਂਕਿ ਸੇਂਟਕਾਮ ਦੇ ਸੰਕੇਤਾਂ ਅਨੁਸਾਰ ਅਮਰੀਕਾ ਸਿੱਧੇ ਸੁਰੱਖਿਆ ਦੇਣ ਦੀ ਬਜਾਇ ਕਨਵੀਨਰ ਦੀ ਭੂਮਿਕਾ ਨਿਭਾਏਗਾ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਫਸੇ ਜਹਾਜ਼ਾਂ ’ਤੇ ਸਵਾਰ ਚਾਲਕ ਦਲ ਦੇ ਸਾਹਮਣੇ ਖੁਰਾਕ ਤੇ ਜ਼ਰੂਰੀ ਸਾਮਾਨ ਦੀ ਕਮੀ ਗੰਭੀਰ ਹੁੰਦੀ ਜਾ ਰਹੀ ਹੈ। ਇਸ ਦੌਰਾਨ ਸੇਂਟਕਾਮ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਨਿਗਰਾਨੀ ’ਚ ਦੋ ਅਮਰੀਕੀ ਝੰਡੇ ਵਾਲੇ ਜਹਾਜ਼ ਸੁਰੱਖਿਅਤ ਤੌਰ ’ਤੇ ਹੋਰਮੁਜ ਤੋਂ ਬਾਹਰ ਨਿਕਲ ਚੁੱਕੇ ਹਨ। ਮਾਹਰਾਂ ਦਾ ਮੰਣਨਾ ਹੈ ਕਿ ਜੇ ਇਹ ਮੁਹਿੰਮ ਸਫਲ ਰਹਿੰਦੀ ਹੈ ਤਾਂ ਹੋਰਮੁਜ ’ਤੇ ਈਰਾਨ ਦੀ ਪਕੜ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਉਸ ਵੱਲੋਂ ਸਖ਼ਤ ਪ੍ਰਤੀਕਿਰਿਆ ਜਾਂ ਪਲਟਵਾਰ ਦਾ ਖਦਸ਼ਾ ਵਧ ਸਕਦਾ ਹੈ।
ਸੇਂਟਕਾਮ ਅਨੁਸਾਰ ਇਸ ਮੁਹਿੰਮ ’ਚ ਗਾਈਡਿਡ ਮਿਜ਼ਾਈਲ ਡੇਸਟ੍ਰਾਇਰ, ਜ਼ਮੀਨ ਤੇ ਸਮੁੰਦਰ ਆਧਾਰਿਤ ਲਗਪਗ 100 ਜਹਾਜ਼ ਤੇ ਡ੍ਰੋਨ ਤੇ 15 ਹਜ਼ਾਰ ਫ਼ੌਜੀ ਸ਼ਾਮਲ ਹਨ। ਰਾਇਟਰ ਅਨੁਸਾਰ ਕਮਾਂਡਰ ਐਡਮਿਰਲ ਬ੍ਰੈਡ ਕੂਪਰ ਨੇ ਇਸ ਨੂੰ ਖੇਤਰੀ ਸੁਰੱਖਿਆ ਤੇ ਗਲੋਬਲ ਅਰਥਵਿਵਸਥਾ ਲਈ ਜ਼ਰੂਰੀ ਦੱਸਿਆ ਹੈ। ਇਸ ਦੌਰਾਨ ਯੂਏਈ ਨੇ ਮਿਜ਼ਾਈਲ ਹਮਲੇ ਦਾ ਐਮਰਜੈਂਸੀ ਅਲਰਟ ਵੀ ਜਾਰੀ ਕੀਤਾ, ਜਿਸ ਨੂੰ ਜੰਗਬੰਦੀ ਤੋਂ ਬਾਅਦ ਪਹਿਲੀ ਅਜਿਹੀ ਘਟਨਾ ਮੰਨਿਆ ਜਾ ਰਿਹਾ ਹੈ।
ਈਰਾਨ ਦੀ ਸਖ਼ਤ ਪ੍ਰਤੀਕਿਰਿਆ
ਸੇਂਟਕਾਮ ਦੇ ਐਲਾਨ ’ਤੇ ਈਰਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਏਕੀਕ੍ਰਿਤ ਕਮਾਨ ਦੇ ਮੁਖੀ ਅਲੀ ਅਪਦੁਲਾਹੀ ਨੇ ਕਿਹਾ ਕਿ ਹੋਰਮੁਜ ’ਤੇ ਈਰਾਨ ਦਾ ਕੰਟ੍ਰੋਲ ਹੈ ਤੇ ਉਥੋਂ ਲੰਘਣ ਲਈ ਜਹਾਜ਼ਾਂ ਨੂੰ ਉਸ ਦੀ ਫ਼ੌਜ ਨਾਲ ਤਾਲਮੇਲ ਕਰਨਾ ਪਵੇਗਾ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਵਿਦੇਸ਼ੀ ਫ਼ੌਜੀ ਬਲ, ਖ਼ਾਸ ਤੌਰ ’ਤੇ ਅਮਰੀਕੀ ਫ਼ੌਜ ਦੇ ਦਾਖਲੇ ’ਤੇ ਹਮਲਾ ਕੀਤਾ ਜਾਵੇਗਾ। ਰਿਵੋਲਿਊਸ਼ਨਰੀ ਗਾਰਡ ਦੇ ਬੁਲਾਰੇ ਸਰਦਾਰ ਹੁਸੈਨ ਮੋਹਿਬੀ ਨੇ ਕਿਹਾ ਕਿ ਈਰਾਨ ਕੋਲ ਜਵਾਬ ਦੇਣ ਲਈ ਸਾਰੇ ਸਾਧਨ ਮੌਜੂਦ ਹਨ। ਉੱਧਰ ਸਰਕਾਰੀ ਪ੍ਰਸਾਰਕ ਆਈਆਈਆਈਬੀ ਨੇ ਪ੍ਰਾਜੈਕਟ ਫ੍ਰੀਡਮ ਨੂੰ ਟਰੰਪ ਦੀ ਬੜਬੜਾਹਟ ਦੱਸਿਆ। ਸੰਸਦ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੁਖੀ ਅਬ੍ਰਾਹਿਮ ਅਜ਼ੀਜ਼ੀ ਨੇ ਇਸ ਨੂੰ ਜੰਗਬੰਦੀ ਦੀ ਉਲੰਘਣਾ ਕਰਾਰ ਦਿੱਤਾ ਹੈ।
ਸ਼ਿਪਿੰਗ ਕੰਪਨੀਆਂ ਦੇ ਸਾਹਮਣੇ ਜ਼ੋਖਮ
ਏਐੱਨਆਈ ਅਨੁਸਾਰ ਕੌਮਾਂਤਰੀ ਸਮੁੰਦਰੀ ਸੰਗਠਨ (ਆਈਐੱਮਓ) ਅਨੁਸਾਰ ਸੈਂਕੜੇ ਵਪਾਰਕ ਜਹਾਜ਼ ਤੇ ਲਗਪਗ 20 ਹਜ਼ਾਰ ਨਾਵਿਕ ਹੁਣ ਵੀ ਹੋਰਮੁਜ ’ਚ ਫਸੇ ਹੋਏ ਹਨ। ਸੰਗਠਨ ਦਾ ਕਹਿਣਾ ਹੈ ਕਿ ਫ਼ੌਜੀ ਨਿਗਰਾਨੀ ’ਚ ਆਵਾਜਾਈ ਨੂੰ ਆਮ ਵਪਾਰਕ ਗਤੀਵਿਧੀ ਨਹੀਂ ਮੰਨਿਆ ਜਾ ਸਕਦਾ ਤੇ ਸ਼ਿਪਿੰਗ ਕੰਪਨੀਆਂ ਇਸ ਨੂੰ ਸੁਰੱਖਿਅਤ ਬਦਲ ਨਹੀਂ ਮੰਨ ਰਹੀ। ਈਰਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਿਹਾ ਕਿ ਅਮਰੀਕਾ ਇੰਨੀ ਆਸਾਨੀ ਨਾਲ ਆਪਣੀਆਂ ਵੱਧ ਤੇ ਗੈਰ-ਤਰਕ ਵਾਲੀਆਂ ਮੰਗਾਂ ਦੀ ਆਦਤ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਅਸੀਂ ਇਕ ਅਜਿਹੀ ਧਿਰ ਦੇ ਨਾਲ ਜੂਝ ਰਹੇ ਹਾਂ, ਜੋ ਲਗਾਤਾਰ ਆਪਣਾ ਨਜ਼ਰੀਆ ਬਦਲਦਾ ਹੈ ਤੇ ਅਜਿਹੇ ਮੁੱਦੇ ਚੁੱਕਦਾ ਹੈ, ਜੋ ਕੂਟਨੀਤਿਕ ਪ੍ਰਕਿਰਿਆ ਨੂੰ ਕੂਟਨੀਤਿਕ ਪ੍ਰਕਿਰਿਆ ਨੂੰ ਗੁੰਝਲਦਾਰ ਬਣਾ ਦਿੰਦਾ ਹੈ। ਏਐੱਨਆਈ ਅਨੁਸਾਰ ਯੂਕੇਐੱਮਟੀਓ ਨੇ ਫੁਜੈਰਾਹ ਕੋਲ ਇਕ ਟੈਂਕਰ ’ਤ ਪ੍ਰਾਜੈਕਟਾਈਲ ਨਾਲ ਹਮਲੇ ਦੀ ਪੁਸ਼ਟੀ ਕੀਤੀ, ਹਾਲਾਂਕਿ ਚਾਲਕ ਦਲ ਸੁਰੱਖਿਅਤ ਹੈ।
ਅਮਰੀਕਾ ਨੇ 22 ਈਰਾਨੀ ਚਾਲਕ ਦਲ ਮੈਂਬਰਾਂ ਨੂੰ ਛੱਡਿਆ
ਅਲ ਜ਼ਜ਼ੀਰਾ ਅਨੁਸਾਰ ਖਾੜੀ ’ਚ ਤਣਾਅ ਵਿਚਾਲੇ ਰਾਹਤ ਭਰੀਆਂ ਖਬਰਾਂ ਵੀ ਆ ਰਹੀਆਂ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਦਸਿਆ ਕਿ ਅਮਰੀਕਾ ਨੇ ਈਰਾਨ ਦੇ ਜ਼ਬਤ ਇਕ ਤੇਲ ਟੈਂਕਰ ਦੇ 22 ਚਾਲਕ ਦਲ ਮੈਂਬਰਾਂ ਨੂੰ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਨੂੰ ਪਾਕਿਸਤਾਨ ਲਿਆਂਦਾ ਗਿਆ, ਜਿਥੋਂ ਈਰਾਨੀ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਨਾਲ ਹੀ ਅਮਰੀਕਾ ਨੇ ਈਰਾਨੀ ਤੇਲ ਟੈਂਕਰ ਨੂੰ ਵੀ ਛੱਡ ਦਿੱਤਾ ਹੈ। ਪਾਕਿਸਤਾਨ ਅਨੁਸਾਰ ਇਸ ਕਦਮ ਨਾਲ ਦੋਵਾਂ ਧਿਰਾਂ ਵਿਚਾਲੇ ਭਰੋਸਾ ਵਧਾਉਣ ’ਚ ਮਦਦ ਮਿਲ ਸਕਦੀ ਹੈ।
ਇਕ ਹੋਰ ਈਰਾਨੀ ਜਹਾਜ਼ ਨੇ ਪਾਰ ਕੀਤੀ ਨਾਕੇਬੰਦੀ
ਏਪੀ ਅਨੁਸਾਰ ਅਮਰੀਕੀ ਜਲ ਸੈਨਾ ਦੀ ਨਾਕੇਬੰਦੀ ਦੇ ਬਾਵਜੂਦ ਈਰਾਨ ਦਾ ਇਕ ਹੋਰ ਤੇਲ ਸੁਪਰਟੈਂਕਰ ਹੋਰਮੁਜ ਤੋਂ ਨਿਕਲਣ ’ਚ ਸਫਲ ਹੋ ਗਿਆ। ਟੈਂਕਰ ਟ੍ਰੈਕਰਜ਼ ਨੇ ਵੀ ਐਕਸ ’ਤੇ ਇਸ ਦੀ ਪੁਸ਼ਟੀ ਕੀਤੀ ਹੈ। ਡੇਰਯਾ ਨਾਮ ਦਾ ਸੁਪਰ ਟੈਂਕਰ ਇੰਡੋਨੇਸ਼ੀਆ ਦੇ ਲੋਂਬੋਕ ਸਟ੍ਰੇਟ ਨੂੰ ਪਾਰ ਕਰ ਗਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਹਿਊਜ਼ ਨਾਮ ਦੇ ਇਕ ਹੋਰ ਸੁਪਰ ਟੈਂਕਰ ਦੇ ਅਮਰੀਕੀ ਜਲ ਸੈਨਾ ਨੂੰ ਚਕਮਾ ਦੇ ਕੇ ਨਿਕਲ ਜਾਣ ਦੀ ਸੂਚਨਾ ਆਈ ਸੀ। ਅੰਕੜਿਆਂ ਅਨੁਸਾਰ ਅਪ੍ਰੈਲ ’ਚ ਲਗਪਗ 25 ਤੇਲ ਟੈਂਕਰਾਂ ਨੇ ਅਮਰੀਕੀ ਜਲ ਸੈਨਾ ਦੀ ਨਾਕੇਬੰਦੀ ਨੂੰ ਫੇਲ੍ਹ ਕੀਤਾ ਜਦਕਿ ਸਿਰਫ ਦੋ ਟੈਂਕਰ ਅਮਰੀਕੀ ਦਸਤਿਆਂ ਦੇ ਕਬਜ਼ੇ ’ਚ ਆਏ।