ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਜੰਗ ’ਤੇ ਵਿਚਾਰ-ਚਰਚਾ
ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਜੰਗ ’ਤੇ ਵਿਚਾਰ-ਚਰਚਾ
Publish Date: Fri, 08 May 2026 06:57 PM (IST)
Updated Date: Fri, 08 May 2026 06:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀਂ ਪ੍ਰਗਤੀਸ਼ੀਲ ਲੇਖਕ ਸੰਘ (ਜਲੰਧਰ ਇਕਾਈ) ਵੱਲੋਂ ਇਰਾਨ ਇਜ਼ਰਾਈਲ-ਅਮਰੀਕਾ ਜੰਗ ’ਤੇ ਵਿਚਾਰ-ਚਰਚਾ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਈ ਗਈ। ਇਸ ਚਰਚਾ ਦੇਸ਼ਾਂ ਦੀ ਖ਼ੁਦਮੁਖਤਿਆਰੀ ਦਾ ਸਵਾਲ ਦੇ ਪ੍ਰਸੰਗ ਵਿੱਚ ਹੋਈ। ਇਸ ਵਿਸ਼ੇ ’ਤੇ ਬੋਲਣ ਵਾਲੇ ਮੁੱਖ ਬੁਲਾਰੇ ਡਾ. ਜਗਜੀਤ ਸਿੰਘ ਚੀਮਾ ਸਨ। ਜਲੰਧਰ ਇਕਾਈ ਦੇ ਜਨਰਲ ਸਕੱਤਰ ਭਗਵੰਤ ਰਸੂਲਪੁਰੀ ਨੇ ਵਿਚਾਰ ਚਰਚਾ ਵਿੱਚ ਪਹੁੰਚੇ ਸਾਰੇ ਬੁੱਧੀਜੀਵੀਆਂ ਦਾ ਸਵਾਗਤ ਕੀਤਾ। ਇਸ ਵਿਚਾਰ ਚਰਚਾ ਦੇ ਕਨਵੀਨਰ ਡਾ. ਸ਼ੈਲੇਸ਼ ਨੇ ਇਸ ਚਰਚਾ ਦੇ ਉਦੇਸ਼ ਬਾਰੇ ਦੱਸਿਆ। ਮੁੱਖ ਬੁਲਾਰੇ ਡਾ. ਚੀਮਾ ਨੇ ਆਪਣੇ ਇਕ ਘੰਟੇ ਦੇ ਲੈਕਚਰ ਵਿੱਚ ਕਿਹਾ ਕਿ ਇਸ ਜੰਗ ਦਾ ਅਸਲੀ ਕਾਰਨ ਕੁਦਰਤੀ ਸਰੋਤਾਂ ’ਤੇ ਅਮਰੀਕਾ ਵੱਲੋਂ ਕਾਬਜ਼ ਹੋਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਅਸਿੱਧੇ ਤੌਰ ’ਤੇ ਭਾਰਤ ਦੇ ਕੁਦਰਤੀ ਸਰੋਤਾਂ ਨੂੰ ਵੀ ਹੱਥਾਂ ’ਚ ਲੈਣ ਲਈ ਭਾਰਤ ’ਤੇ ਦਬਾਅ ਪਾ ਰਿਹਾ ਹੈ। ਉਨ੍ਹਾਂ ਅਮਰੀਕਾ ਖਿਲਾਫ਼ ਸਭ ਨੂੰ ਡੱਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ। ਚਰਚਾ ਨੂੰ ਅੱਗੇ ਤੋਰਦਿਆਂ ਡਾ. ਸ਼ੈਲੇਸ਼ ਨੇ ਕਿਹਾ ਕਿ ਜੰਗ ਨਾਲ ਮਨੁੱਖਤਾ ਦੀ ਤਬਾਹੀ ਤਾਂ ਹੁੰਦੀ ਹੈ ਨਾਲ-ਨਾਲ ਜਨ ਸਧਾਰਨ ਲੋਕਾਂ ’ਤੇ ਵੀ ਬੋਝ ਪੈਂਦਾ ਹੈ। ਤਸਕੀਨ ਨੇ ਬਹਿਸ ਨੂੰ ਅੱਗੇ ਤੋਰਦਿਆਂ ਦੋ ਮਹਾਂ ਸ਼ਕਤੀਆਂ ਬਣ ਬੈਠੇ ਦੇਸ਼ਾਂ ਅਮਰੀਕਾ-ਚੀਨ ਨੂੰ ਸਵਾਲਾਂ ਦੇ ਘੇਰੇ ’ਚ ਲਿਆਂਦਾ। ਹਰਵਿੰਦਰ ਭੰਡਾਲ ਨੇ ਜੰਗ ਬਾਰੇ ਆਪਣੀਆਂ ਧਾਰਨਾਵਾਂ ਦਿੰਦਿਆਂ ਕਿਹਾ ਕਿ ਜੰਗਾਂ ਹਰ ਤਰ੍ਹਾਂ ਦੀ ਤਬਾਹੀ ਦਾ ਕਾਰਨ ਬਣਦੀਆਂ ਹਨ। ਚਰਚਾ ’ਚ ਡਾ. ਗੋਪਾਲ ਬੁੱਟਰ, ਜੋਗਿੰਦਰ ਸਿੰਘ ਸੰਧੂ ਤੇ ਹੋਰਨਾ ਨੇ ਹਿੱਸਾ ਲਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਇਕਾਈ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਸਾਡਾ ਮੀਡੀਆ ਇਰਾਨ-ਇਜ਼ਰਾਇਲ ਜੰਗ ਸਬੰਧੀ ਜੋ ਬਿਰਤਾਂਤ ਘੜ ਰਿਹਾ ਹੈ ਉਹ ਪੂਰਾ ਸੱਚਾ ਨਹੀਂ। ਇਰਾਨ ਧਾਰਮਿਕ ਤੌਰ ’ਤੇ ਕੱਟੜ ਹੁੰਦਾ ਹੋਇਆ ਸਿੱਖਿਆ ਤੇ ਜੰਗੀ ਹਥਿਆਰ ਬਣਾਉਣ ’ਚ ਅਮਰੀਕਾ ਦੀ ਬਰਾਬਰ ਟੱਕਰ ਦੇ ਰਿਹਾ ਹੈ। ਉੱਥੋਂ ਦੀਆਂ ਯੂਨੀਵਰਸਿਟੀਆਂ ਦਾ ਵਿਸ਼ਵ ਵਿੱਚ ਉੱਚਾ ਮਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਨੂੰ ਪਤਾ ਲੱਗ ਗਿਆ ਹੈ ਕਿ ਇਰਾਨ ਨੂੰ ਹਰਾਉਣਾ ਐਨਾ ਆਸਾਨ ਨਹੀਂ ਹੈ। ਫਿਰ ਵੀ ਪਿੱਛੇ ਨਹੀਂ ਹੱਟ ਰਿਹਾ। ਸੰਘ ਦੇ ਸੀਨੀਅਰ ਵਾਇਸ ਪ੍ਰਧਾਨ ਮੱਖਣ ਮਾਨ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਕਿਹਾ ਕਿ ਜੰਗ ਨਾਲ ਪੀੜਤ ਦੇਸ਼ ਦੇ ਕਲਚਰ, ਇਤਿਹਾਸ, ਮਨੁੱਖਤਾ ਦਾ ਘਾਣ ਹੁੰਦਾ ਹੈ। ਇਸ ਵਿਚਾਰ-ਚਰਚਾ ਦਾ ਸਟੇਜ ਸੰਚਾਲਨ ਰਾਕੇਸ਼ ਆਨੰਦ ਨੇ ਕੀਤਾ। ਵਿਚਾਰ ਚਰਚਾ ਵਿੱਚ ਹੋਰਨਾ ਤੋਂ ਇਲਾਵਾ ਕਾ. ਗੁਰਮੀਤ, ਤਰਲੋਕ ਬੀਰ, ਨਰਿੰਦਰ ਸੱਤੀ, ਕਾ ਕੇਸਰ, ਰਮੇਸ਼ ਚੋਹਕਾ, ਨਰਿੰਦਰ ਲੇਖ, ਜੀਵਤ ਰਾਏ ਤੇ ਹੋਰਨਾਂ ਨੇ ਹਿੱਸਾ ਲਿਆ।