ਪ੍ਰਿੰਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ
ਹਾਈ ਕੋਰਟ ਨੇ ਸਾਬਕਾ ਸੰਸਦ ਮੈਂਬਰ ਕੇਪੀ ਦੇ ਪੁੱਤਰ ਰਿਚੀ ਦੀ ਮੌਤ ਦੇ ਮੁਲ਼ਜਮ ਪ੍ਰਿੰਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਰੱਦ
Publish Date: Mon, 13 Oct 2025 10:14 PM (IST)
Updated Date: Mon, 13 Oct 2025 10:17 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਮੌਤ ਨਾਲ ਜੁੜੇ ਸੜਕ ਹਾਦਸੇ ਦੇ ਮੁੱਖ ਮੁਲਜ਼ਮ ਗੁਰਸ਼ਰਨ ਸਿੰਘ ਉਰਫ਼ ਪ੍ਰਿੰਸ ਦੀ ਅਗਾਊਂ ਜ਼ਮਾਨਤ ਅਰਜ਼ੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਖ਼ਾਰਜ ਕਰ ਦਿੱਤੀ ਹੈ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਪੁਲਿਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਪੁਲਿਸ ਵੱਲੋਂ ਸੰਕੇਤ ਦਿੱਤਾ ਗਿਆ ਹੈ ਕਿ ਜਲਦ ਹੀ ਉਸ ਨੂੰ ਹਿਰਾਸਤ ’ਚ ਲਿਆ ਜਾਵੇਗਾ। ਇਹ ਹਾਦਸਾ 13 ਸਤੰਬਰ ਦੀ ਰਾਤ ਜਲੰਧਰ ਦੇ ਮਾਡਲ ਟਾਊਨ ਇਲਾਕੇ ’ਚ ਹੋਇਆ ਸੀ। ਐੱਫ਼ਆਈਆਰ ਅਨੁਸਾਰ ਤੇਜ਼ ਰਫ਼ਤਾਰ ਕ੍ਰੇਟਾ ਕਾਰ, ਜਿਸ ਨੂੰ ਗੁਰਸ਼ਰਨ ਸਿੰਘ ਚਲਾ ਰਿਹਾ ਸੀ, ਨੇ ਰਿਚੀ ਕੇਪੀ ਦੀ ਫ਼ਾਰਚੂਨਰ ਕਾਰ ਨਾਲ ਜ਼ਬਰਦਸਤ ਟੱਕਰ ਮਾਰੀ ਸੀ। ਟੱਕਰ ਇਨੀ ਭਿਆਨਕ ਸੀ ਕਿ ਆਸ-ਪਾਸ ਖੜ੍ਹੀਆਂ ਹੋਰ ਚਾਰ ਗੱਡੀਆਂ ਵੀ ਨੁਕਸਾਨੀ ਗਈਆਂ। ਹਾਦਸੇ ’ਚ ਰਿਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਮੁਲਜ਼ਮ ਪ੍ਰਿੰਸ ਕਾਰ ਛੱਡ ਕੇ ਫਰਾਰ ਹੋ ਗਿਆ ਸੀ।