ਪ੍ਰੀ-ਐੱਸਆਈਆਰ ਮੈਪਿੰਗ ’ਚ ਹੋਰ ਤੇਜ਼ੀ ਲਿਆਂਦੀ ਜਾਵੇ : ਵਾਲੀਆ
ਪ੍ਰੀ-ਐੱਸਆਈਆਰ ਮੈਪਿੰਗ ’ਚ ਹੋਰ ਤੇਜ਼ੀ ਲਿਆਂਦੀ ਜਾਵੇ-ਜ਼ਿਲ੍ਹਾ ਚੋਣ ਅਫ਼ਸਰ
Publish Date: Thu, 30 Apr 2026 07:11 PM (IST)
Updated Date: Thu, 30 Apr 2026 07:13 PM (IST)

--ਮੀਟਿੰਗ ਦੌਰਾਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਚੱਲ ਰਹੀ ਪ੍ਰਕਿਰਿਆ ਦਾ ਲਿਆ ਜਾਇਜ਼ਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਅੱਜ ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਸਬੰਧੀ ਚੱਲ ਰਹੀ ਮੈਪਿੰਗ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਮੈਪਿੰਗ ਦੇ ਕੰਮ ’ਚ ਹੋਰ ਤੇਜ਼ੀ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰੀ ਐੱਸਆਈਆਰ ਸਬੰਧੀ ਸ਼ੁਰੂ ਕੀਤੀ ਪ੍ਰਕਿਰਿਆ ਤਹਿਤ ਮੌਜੂਦਾ ਵੋਟਰ ਸੂਚੀ ਦੇ ਵੋਟਰਾਂ ਦਾ ਮਿਲਾਣ/ਮੈਪਿੰਗ 2003 ਦੀ ਵੋਟਰ ਸੂਚੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜਲੰਧਰ ਜ਼ਿਲ੍ਹੇ ਦੇ ਕੁੱਲ 16,56,549 ਵੋਟਰ ਹਨ, ਜਿਸ ’ਚੋਂ 13,01,302 (ਕੁੱਲ (78.55 ਫ਼ੀਸਦੀ) ਵੋਟਰਾਂ ਦਾ ਮਿਲਾਣ ਬੀਐੱਲਓਜ਼ ਵੱਲੋਂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿਚ ਆਦਮਪੁਰ ਵਿਖੇ 87.97 ਫ਼ੀਸਦੀ, ਕਰਤਾਰਪੁਰ ਵਿਖੇ 87.15 ਫ਼ੀਸਦੀ, ਫਿਲੌਰ 86.48 ਫ਼ੀਸਦੀ, ਸ਼ਾਹਕੋਟ 86.18 ਫ਼ੀਸਦੀ, ਨਕੋਦਰ 85.92, ਜਲੰਧਰ ਕੈਂਟ 75.53 ਫ਼ੀਸਦੀ, ਜਲੰਧਰ ਵੈਸਟ 66.90 ਫ਼ੀਸਦੀ, ਜਲੰਧਰ ਉੱਤਰੀ ਵਿਖੇ 65.30 ਫ਼ੀਸਦੀ ਅਤੇ ਵਿਧਾਨ ਸਭਾ ਹਲਕਾ ਜਲੰਧਰ ਸੈਂਟਰਲ ਵਿਖੇ 64.70 ਫ਼ੀਸਦੀ ਪ੍ਰੀ-ਐੱਸ.ਆਈ.ਆਰ ਮੈਪਿੰਗ (ਕੁੱਲ 78.55 ਫ਼ੀਸਦੀ) ਹੋ ਚੁੱਕੀ ਹੈ। ਵਾਲੀਆ ਨੇ ਈਆਰਓਜ਼ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਸ ਕਾਰਜ ਵਿਚ ਹੋਰ ਤੇਜ਼ੀ ਲਿਆਂਦੀ ਜਾਵੇ ਤੇ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼) ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਬੀਐੱਲਓਜ਼ ਵੱਲੋਂ ਆਪਣੇ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਤੇ ਨਾਲ ਹੀ ਘਰ-ਘਰ ਜਾ ਕੇ 2003 ਦੀ ਵੋਟਰ ਸੂਚੀ ਨਾਲ ਮਿਲਾਣ/ਮੈਪਿੰਗ ਕਰਨ ਲਈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।