ਯਾਤਰੀਆਂ ਦੀ ਸੁਰੱਖਿਆ ਤੇ ਸੁਵਿਧਾ ਸਭ ਤੋਂ ਵੱਡੀ ਤਰਜੀਹ
ਕੋਹਰੇ ਨਾਲ ਨਜਿੱਠਣ ਲਈ ਤਿਆਰੀਆਂ, ਆਦਮਪੁਰ ਹਵਾਈ ਅੱਡਾ ਅਥਾਰਟੀ ਵੱਲੋਂ ਸਮੀਖਿਆ ਮੀਟਿੰਗ
Publish Date: Sat, 13 Dec 2025 07:19 PM (IST)
Updated Date: Sat, 13 Dec 2025 08:18 PM (IST)
-ਕੋਹਰੇ ਨਾਲ ਨਜਿੱਠਣ ਲਈ ਆਦਮਪੁਰ ਹਵਾਈ ਅੱਡਾ ਅਥਾਰਟੀ ਵੱਲੋਂ ਸਮੀਖਿਆ
-ਸਬੰਧਤ ਵਿਭਾਗਾਂ ਨੂੰ ਲੋੜ ਅਨੁਸਾਰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਆਦਮਪੁਰ ਹਵਾਈ ਅੱਡੇ ’ਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਵੱਲੋਂ ਸਾਰੇ ਹਿੱਸੇਦਾਰਾਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਕੋਹਰੇ ਦੇ ਪ੍ਰਭਾਵ ਨਾਲ ਜੁੜੇ ਵੱਖ-ਵੱਖ ਪੱਖਾਂ ਜਿਵੇਂ ਕਿ ਫਲਾਈਟ ਆਪ੍ਰੇਸ਼ਨ, ਰਨਵੇ ਦੀ ਸਥਿਤੀ, ਨੈਵੀਗੇਸ਼ਨ ਸਿਸਟਮ, ਗ੍ਰਾਊਂਡ ਹੈਂਡਲਿੰਗ, ਏਟੀਸੀ ਨਾਲ ਤਾਲਮੇਲ ਤੇ ਯਾਤਰੀ ਸੁਵਿਧਾਵਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਤੇ ਸੁਚਾਰੂ ਬਣਾਉਣ ਲਈ ਸਬੰਧਤ ਵਿਭਾਗਾਂ ਨੂੰ ਲੋੜ ਅਨੁਸਾਰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ। ਕੋਹਰੇ ਦੀ ਸਥਿਤੀ ’ਚ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ, ਇਸ ਲਈ ਖਾਸ ਪ੍ਰਬੰਧਾਂ, ਸੂਚਨਾ ਪ੍ਰਣਾਲੀ, ਆਪਸੀ ਤਾਲਮੇਲ ਤੇ ਐਮਰਜੈਂਸੀ ਯੋਜਨਾਵਾਂ ’ਤੇ ਵੀ ਵਿਸਤ੍ਰਿਤ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਯਾਤਰੀਆਂ ਦੀ ਸੁਰੱਖਿਆ ਤੇ ਸੁਵਿਧਾ ਸਭ ਤੋਂ ਵੱਡੀ ਤਰਜੀਹ ਰਹੇਗੀ। ਮੀਟਿੰਗ ਤੋਂ ਬਾਅਦ ਅਧਿਕਾਰੀਆਂ ਵੱਲੋਂ ਹਵਾਈ ਅੱਡੇ ਦੀਆਂ ਵੱਖ-ਵੱਖ ਸੇਵਾਵਾਂ ਤੇ ਯਾਤਰੀ ਸੁਵਿਧਾਵਾਂ ਦਾ ਸਥਲੀਆਂ ਨਿਰੀਖਣ ਵੀ ਕੀਤਾ ਗਿਆ। ਨਿਰੀਖਣ ਦੌਰਾਨ ਇਹ ਪਾਇਆ ਗਿਆ ਕਿ ਆਦਮਪੁਰ ਹਵਾਈ ਅੱਡਾ ਕੋਹਰੇ ਦੀ ਸਥਿਤੀ ’ਚ ਵੀ ਫਲਾਈਟ ਓਪਰੇਸ਼ਨ ਤੇ ਯਾਤਰੀ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਭਰੋਸਾ ਦਿੱਤਾ ਕਿ ਕੋਹਰੇ ਕਾਰਨ ਕਿਸੇ ਵੀ ਯਾਤਰੀ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ, ਇਸ ਲਈ ਸਾਰੇ ਲੋੜੀਂਦੇ ਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਹਨ। ਇਸ ਮੀਟਿੰਗ ’ਚ ਹਵਾਈ ਅੱਡਾ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨਿਰਾਲਾ, ਏਅਰਪੋਰਟ ਅਥਾਰਟੀ ਆਫ਼ ਇੰਡੀਆ ਤੋਂ ਸੂਰਜ ਯਾਦਵ (ਪ੍ਰਬੰਧਕ-ਵਿਦਿਊਤ), ਸੂਰਜ ਪ੍ਰਤਾਪ ਸਿੰਘ (ਜੇਈ ਓਪਰੇਸ਼ਨ), ਭਾਰਤੀ ਹਵਾਈ ਫੌਜ ਤੋਂ ਮਨੋਹਰ ਕੁਮਾਰ (ਜੇਡਬਲਯੂਓ), ਸਟਾਰ ਏਅਰ ਤੋਂ ਅਬਦੁਲ ਲਤੀਫ (ਏਪੀਐੱਮ) ਤੇ ਪਰਮੇਸ਼ਵਰੀ (ਸੁਰੱਖਿਆ ਇੰਚਾਰਜ), ਇੰਡੀਗੋ ਤੋਂ ਕਰਨਵੀਰ ਸਿੰਘ (ਏਪੀਐੱਮ), ਇੰਡੀਅਨ ਆਇਲ ਤੋਂ ਤਰੁਣ ਪਾਂਡੇ (ਪ੍ਰਬੰਧਕ), ਜੋਹਲ ਹਸਪਤਾਲ ਤੋਂ ਅਮਨਦੀਪ ਕੌਰ (ਚਿਕਿਤਸਾ ਇੰਚਾਰਜ) ਤੇ ਫੂਡ ਸ਼ਾਪ ਤੋਂ ਗੁਰੂਚਰਨ ਸਿੰਘ (ਪ੍ਰਬੰਧਕ) ਹਾਜ਼ਰ ਸਨ।