ਕੰਮ ਨਾ ਕਰਨ ’ਤੇ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਤਿਆਰੀ
ਕਰਤਾਰਪੁਰ ਨਾਲ ਲਗਦੇ ਨਿਗਮ ਦੇ ਹਲਕਿਆਂ ’ਚ ’ਕੰਮ ਨਾ ਕਰਨ ਤੇ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਤਿਆਰੀ
Publish Date: Thu, 16 Apr 2026 08:32 PM (IST)
Updated Date: Thu, 16 Apr 2026 08:36 PM (IST)
-ਵਿਧਾਇਕ ਬਲਕਾਰ ਸਿੰਘ ਨਾਲ ਨਿਗਮ ਅਧਿਕਾਰੀਆਂ ਦੀ ਮੀਟਿੰਗ ’ਚ ਹੋਇਆ ਫ਼ੈਸਲਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਕਰਤਾਰਪੁਰ ਵਿਧਾਨ ਸਭਾ ਹਲਕੇ ਨਾਲ ਲੱਗਦੇ ਨਗਰ ਨਿਗਮ ਜਲੰਧਰ ਦੇ ਹਲਕਿਆਂ ’ਚ ਵਿਕਾਸ ਕੰਮ ਨਾ ਕਰਨ ਵਾਲੀ ਜੁਬਲੀ ਠੇਕਾ ਕੰਪਨੀ ਨੂੰ ਨਗਰ ਨਿਗਮ ਨੇ ਬਲੈਕ ਲਿਸਟ ਕਰਨ ਦੀ ਤਿਆਰੀ ਕਰ ਲਈ ਹੈ। ਉਕਤ ਫ਼ੈਸਲਾ ਵੀਰਵਾਰ ਨੂੰ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨਾਲ ਨਿਗਮ ਅਧਿਕਾਰੀਆਂ ਦੀ ਹੋਈ ਮੀਟਿੰਗ ’ਚ ਕੀਤਾ ਗਿਆ। ਮੀਟਿੰਗ ’ਚ ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ, ਐੱਸਈ ਰਜਨੀਸ਼ ਡੋਗਰਾ ਅਤੇ ਓਐਂਡਐੱਮ ਦੇ ਐੱਸਈ ਤੇ ਸੀਵਰੇਜ ਬੋਰਡ ਦੇ ਹੋਰ ਅਧਿਕਾਰੀ ਸ਼ਾਮਲ ਹੋਏ। ਇਸ ਸਬੰਧੀ ਮੇਅਰ ਵਨੀਤ ਧੀਰ ਨੇ ਕਿਹਾ ਕਿ ਵਿਧਾਇਕ ਨੇ ਕਰਤਾਰਪੁਰ ਹਲਕੇ ਨਾਲ ਲੱਗਦੇ ਵੈਸਟ ਤੇ ਨਾਰਥ ਵਿਧਾਨ ਸਭਾ ਦੇ ਇਲਾਕਿਆਂ ’ਚ ਸੜਕਾਂ ਦੇ ਕੰਮ ਨਾ ਕਰਨ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਣ ਦੀ ਸ਼ਿਕਾਇਤ ਕੀਤੀ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਕੰਮ ਨਹੀਂ ਕਰ ਰਿਹਾ ਅਤੇ ਉਸ ਦਾ ਕੰਮ ਪੂਰਾ ਕਰਨ ਦਾ ਨਿਰਧਾਰਤ ਸਮਾਂ ਵੀ ਖਤਮ ਹੋ ਚੁੱਕਾ ਹੈ। ਉਕਤ ਠੇਕਦਾ ਕੰਪਨੀ ਨੂੰ ਬੁਲੰਦਪੁਰ ਪੁਲੀ ਦਾ ਕੰਮ ਦਿੱਤਾ ਗਿਆ ਸੀ, ਜਿਸ ਨੂੰ ਉਸ ਨੇ ਹਾਲੇ ਤੱਕ ਪੂਰਾ ਨਹੀਂ ਕੀਤਾ, ਜਿਸ ’ਤੇ ਉਕਤ ਠੇਕਾ ਕੰਪਨੀ ਜੁਬਲੀ ਨੂੰ ਬਲੈਕ ਲਿਸਟ ਕਰਨ ਦਾ ਫੈਸਲਾ ਕੀਤਾ ਗਿਆ। ਵਿਧਾਇਕ ਨੇ ਕਿਹਾ ਕਿ ਰਮਣੀਕ ਐਵੀਨਿਊ ਅਤੇ ਮਲਕੋ ਪਿੰਡ ’ਚ ਸੀਵਰੇਜ ਪੈਣਾ ਹੈ। ਉਸ ਦਾ ਸੀਵਰੇਜ ਬੋਰਡ ਐਸਟੀਮੇਟ ਬਣਾ ਕੇ ਭੇਜੇ ਤੇ ਉਸ ਦਾ ਭੁਗਤਾਨ ਨਗਰ ਨਿਗਮ ਕਰ ਦੇਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਕਾਸ ਕੰਮਾਂ ’ਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਤੇ ਕਿਹਾ ਕਿ ਉਹ ਠੇਕੇਦਾਰਾਂ ਦੇ ਪਿੱਛੇ ਪੈ ਕੇ ਵਿਕਾਸ ਕੰਮਾਂ ਦੀ ਰਫਤਾਰ ਵਧਾਉਣ ਅਤੇ ਕੰਮ ਛੇਤੀ ਖਤਮ ਕਰਵਾਉਣ। ਕਾਬਿਲੇਗ਼ੌਰ ਹੈ ਕਿ ਕਿ ਸਰਕਾਰ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਕਾਸ ਕੰਮ ਕਰਵਾ ਕੇ ਲੋਕਾਂ ’ਤੇ ਵੋਟਾਂ ਪਾਉਣ ਦਾ ਪ੍ਰਭਾਵ ਪੈਦਾ ਕਰਨਾ ਚਾਹੁੰਦੀ ਹੈ ਪਰ ਮੌਸਮ ਦੀ ਖਰਾਬੀ ਕਾਰਨ ਵਿਕਾਸ ਕੰਮਾਂ ਦੀ ਰਫਤਾਰ ਮੱਠੀ ਚੱਲ ਰਹੀ ਹੈ। ਉਨ੍ਹਾਂ ਨੇ ਮੇਅਰ ਤੇ ਕਮਿਸ਼ਨਰ ਨੂੰ ਕਿਹਾ ਕਿ ਉਹ ਅਧਿਕਾਰੀਆਂ ਨੂੰ ਠੇਕੇਦਾਰਾਂ ਤੋਂ ਕੰਮ ਲੈਣ ਲਈ ਸਰਗਰਮ ਕਰਨ ਅਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਂਦੇ ਰਹਿਣ।