ਜ਼ੈੱਬਰਾ ਕ੍ਰਾਸਿੰਗ ਤੇ ਟ੍ਰੈਫਿਕ

ਜ਼ੈੱਬਰਾ ਕ੍ਰਾਸਿੰਗ ਤੇ ਟ੍ਰੈਫਿਕ ਲਾਈਟਾਂ ਦੀ ਖਰਾਬ ਹਾਲਤ ਬਣੀ ਵੱਡੀ ਚੁਣੌਤੀ
ਸੁਕਰਾਂਤ, ਜਾਗਰਣ, ਜਲੰਧਰ
ਸ਼ਹਿਰ ’ਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਟ੍ਰੈਫਿਕ ਪੁਲਿਸ ਆਨਲਾਈਨ ਚਾਲਾਨ (ਈ-ਚਾਲਾਨ) ਪ੍ਰਣਾਲੀ ਦਾ ਦਾਇਰਾ ਵਧਾਉਣ ਦੀ ਤਿਆਰੀ ਕਰ ਰਹੀ ਹੈ। ਪਹਿਲੀ ਜੂਨ ਤੋਂ ਕਈ ਨਵੇਂ ਚੌਕਾਂ 'ਚ ਈ-ਚਾਲਾਨ ਦੀ ਪ੍ਰਣਾਲੀ ਸ਼ੁਰੂ ਹੋਣ ਜਾ ਰਹੀ ਹੈ। ਸ਼ਹਿਰ ਦੇ ਕਈ ਪ੍ਰਮੁੱਖ ਚੌਕਾਂ 'ਤੇ ਪਹਿਲਾਂ ਹੀ ਕੈਮਰਿਆਂ ਜ਼ਰੀਏ ਚਾਲਾਨ ਕੀਤੇ ਜਾ ਰਹੇ ਹਨ, ਜਦਕਿ ਹੁਣ ਕੁਝ ਹੋਰ ਅਹਿਮ ਚੌਕਾਂ ਨੂੰ ਇਸ ਨੈੱਟਵਰਕ ਨਾਲ ਜੋੜਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਨਾਲ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਮਜਬੂਰ ਕੀਤਾ ਜਾਵੇਗਾ, ਜਿਸ ਨਾਲ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਸਕੇਗੀ। ਹਾਲਾਂਕਿ, ਇਸ ਪ੍ਰਣਾਲੀ ਦੇ ਵਿਸਥਾਰ ਤੋਂ ਪਹਿਲਾਂ ਸੜਕੀ ਢਾਂਚੇ ਤੇ ਟ੍ਰੈਫਿਕ ਸੰਕੇਤਾਂ ਨਾਲ ਜੁੜੀਆਂ ਕਈ ਖਾਮੀਆਂ ਵੀ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਨਗਰ ਨਿਗਮ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਸ ਸਮੇਂ ਆਨਲਾਈਨ ਚਾਲਾਨ ਪ੍ਰਣਾਲੀ ਤਹਿਤ ਮੁੱਖ ਤੌਰ 'ਤੇ ਟ੍ਰਿਪਲ ਰਾਈਡਿੰਗ, ਬਿਨਾਂ ਹੈਲਮੈਟ ਦੋਪਹੀਆ ਵਾਹਨ ਚਲਾਉਣ, ਸੀਟ ਬੈਲਟ ਨਾ ਲਾਉਣ ਅਤੇ ਤੈਅ ਰਫ਼ਤਾਰ ਹੱਦ ਤੋਂ ਵੱਧ ਸਪੀਡ 'ਤੇ ਵਾਹਨ ਚਲਾਉਣ ਵਾਲਿਆਂ ਦੇ ਚਾਲਾਨ ਕੱਟੇ ਜਾ ਰਹੇ ਹਨ। ਟ੍ਰੈਫਿਕ ਪੁਲਿਸ ਦਾ ਮੰਨਣਾ ਹੈ ਕਿ ਇਸ ਨਾਲ ਸੜਕੀ ਹਾਦਸਿਆਂ ’ਚ ਕਮੀ ਆਏਗੀ ਤੇ ਲੋਕਾਂ ਵਿਚ ਨਿਯਮਾਂ ਪ੍ਰਤੀ ਜਾਗਰੂਕਤਾ ਵਧੇਗੀ। ਹਾਲਾਂਕਿ, ਇਸ ਮਾਮਲੇ ’ਚ ਖਰਾਬ ਟ੍ਰੈਫਿਕ ਲਾਈਟਾਂ, ਫਿੱਕੀ ਜਾਂ ਨਾਂਹ ਬਰਾਬਰ ਜ਼ੈੱਬਰਾ ਕ੍ਰਾਸਿੰਗ, ਸਪਾਟ ਲਾਈਨਾਂ ਪੁਲਿਸ ਲਈ ਚੁਣੌਤੀ ਬਣੀਆਂ ਹੋਈਆਂ ਹਨ। ਟ੍ਰੈਫਿਕ ਪੁਲਿਸ ਦਾ ਦਾਅਵਾ ਹੈ ਕਿ ਨਗਰ ਨਿਗਮ ਨੂੰ ਇਸ ਬਾਰੇ ਕਈ ਵਾਰੀ ਲਿਖਿਆ ਗਿਆ ਹੈ ਕਿ ਇਨ੍ਹਾਂ ਖਾਮੀਆਂ ਨੂੰ ਦੂਰ ਕੀਤਾ ਜਾਵੇ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ।
---
ਇਨ੍ਹਾਂ ਚੌਕਾਂ ’ਚ ਪਹਿਲਾਂ ਹੀ ਹੋ ਰਹੇ ਹਨ ਆਨਲਾਈਨ ਚਾਲਾਨ
-ਪੀਏਪੀ ਚੌਕ
-ਬੀਐੱਸਐੱਫ ਚੌਕ
-ਸੰਵਿਧਾਨ ਚੌਕ (ਬੀਐੱਮਸੀ ਚੌਕ)
-ਗੁਰੂ ਨਾਨਕ ਮਿਸ਼ਨ ਚੌਕ
ਇਨ੍ਹਾਂ ਸਥਾਨਾਂ ’ਤੇ ਲੱਗੇ ਹਾਈ-ਰਿਜ਼ੋਲਿਊਸ਼ਨ ਕੈਮਰਿਆਂ ਦੀ ਮਦਦ ਨਾਲ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੀ ਪਛਾਣ ਕਰ ਕੇ ਸਿੱਧਾ ਈ-ਚਾਲਾਨ ਜਾਰੀ ਕੀਤਾ ਜਾ ਰਿਹਾ ਹੈ। ਹਾਲਾਂਕਿ, ਟ੍ਰੈਫਿਕ ਪ੍ਰਣਾਲੀ ਦੀ ਜ਼ਮੀਨੀ ਹਕੀਕਤ ਕਈ ਸਵਾਲ ਵੀ ਖੜ੍ਹੇ ਕਰ ਰਹੀ ਹੈ, ਜਿਨ੍ਹਾਂ ਚੌਕਾਂ 'ਚ ਈ-ਚਾਲਾਨ ਪ੍ਰਣਾਲੀ ਲਾਗੂ ਹੈ ਜਾਂ ਲਾਗੂ ਹੋਣ ਵਾਲੀ ਹੈ, ਉੱਥੇ ਕਈ ਥਾਈਂ ਜ਼ੈੱਬਰਾ ਕ੍ਰਾਸਿੰਗ ਫਿੱਕੀ ਪੈ ਗਈ ਹੈ, ਸਟਾਪ ਲਾਈਨ ਸਪੱਸ਼ਟ ਨਹੀਂ ਹਨ ਤੇ ਕੁਝ ਥਾਵਾਂ 'ਤੇ ਸੜਕ ਮਾਰਕਿੰਗ ਲਗਪਗ ਗਾਇਬ ਹੋ ਚੁੱਕੀ ਹੈ।
---
ਇਨ੍ਹਾਂ ਚੌਕਾਂ 'ਚ ਜ਼ੈੱਬਰਾ ਲਾਈਨ ਮੌਜੂਦ ਪਰ ਨਵੀਨੀਕਰਨ ਦੀ ਲੋੜ
-ਫੁੱਟਬਾਲ ਚੌਕ
-ਕਪੂਰਥਲਾ ਚੌਕ
-ਗੁਰੂ ਅਮਰਦਾਸ ਚੌਕ
-ਮਾਡਲ ਟਾਊਨ ਚੌਕ
--
ਇਨ੍ਹਾਂ ਚੌਕਾਂ 'ਚ ਜ਼ੈੱਬਰਾ ਲਾਈਨ ਫਿੱਕੀ ਪਈ
-ਚੁਨਮੁਨ ਚੌਕ
-ਵਰਕਸ਼ਾਪ ਚੌਕ
ਇਨ੍ਹਾਂ ਚੌਕਾਂ 'ਚ ਜ਼ੈੱਬਰਾ ਲਾਈਨ ਨਹੀਂ
-ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ)
-ਡਾ. ਬੀ.ਆਰ. ਅੰਬੇਡਕਰ ਚੌਕ (ਨਕੋਦਰ ਚੌਕ)
---
ਆਨਲਾਈਨ ਚਾਲਾਨ ਪ੍ਰਣਾਲੀ ਉਦੋਂ ਹੀ ਪੂਰੀ ਤਰ੍ਹਾਂ ਸਫਲ ਹੋ ਸਕਦੀ ਹੈ ਜਦੋਂ ਸੜਕ 'ਤੇ ਟ੍ਰੈਫਿਕ ਸੰਕੇਤ ਸਪੱਸ਼ਟ ਹੋਣ। ਜੇ ਕਿਸੇ ਚੌਕ 'ਤੇ ਸਟਾਪ ਲਾਈਨ, ਲੇਨ ਮਾਰਕਿੰਗ ਜਾਂ ਜ਼ੈੱਬਰਾ ਕ੍ਰਾਸਿੰਗ ਸਾਫ਼ ਦਿਖਾਈ ਨਹੀਂ ਦੇਵੇਗੀ ਤਾਂ ਵਾਹਨ ਚਾਲਕਾਂ ਲਈ ਸਹੀ ਥਾਂ 'ਤੇ ਰੁਕਣਾ ਮੁਸ਼ਕਲ ਹੋ ਸਕਦਾ ਹੈ, ਜਿਸ ਨਾਲ ਵਿਵਾਦ ਦੇ ਹਾਲਾਤ ਪੈਦਾ ਹੋ ਸਕਦੇ ਹਨ। ਜਲੰਧਰ ਜਿਹੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਸ਼ਹਿਰ ’ਚ ਸਮਾਰਟ ਟ੍ਰੈਫਿਕ ਸਿਸਟਮ ਦੀ ਲੋੜ ਲਗਾਤਾਰ ਵਧ ਰਹੀ ਹੈ। ਅਜਿਹੇ ’ਚ ਆਨਲਾਈਨ ਚਲਾਨ ਪ੍ਰਣਾਲੀ ਇਕ ਅਹਿਮ ਕਦਮ ਸਾਬਤ ਹੋ ਸਕਦੀ ਹੈ ਪਰ ਇਸ ਦੀ ਸਫਲਤਾ ਲਈ ਨਗਰ ਨਿਗਮ, ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਰਲ ਕੇ ਸੜਕੀ ਢਾਂਚੇ ਦੀਆਂ ਖਾਮੀਆਂ ਨੂੰ ਦੂਰ ਕਰਨਾ ਹੋਵੇਗਾ। ਉਦੋਂ ਹੀ ਈ-ਚਲਾਨ ਪ੍ਰਣਾਲੀ ਪਾਰਦਰਸ਼ੀ, ਪ੍ਰਭਾਵਸ਼ਾਲੀ ਤੇ ਆਮ ਜਨਤਾ ਲਈ ਪ੍ਰਵਾਨਗੀ ਯੋਗ ਬਣ ਸਕੇਗੀ।
ਵਿਨੋਦ ਅਗਰਵਾਲ, ਸਟੇਟ ਰੋਡ ਸੇਫਟੀ ਕਮੇਟੀ ਦੇ ਮੈਂਬਰ
---
ਆਨਲਾਈਨ ਚਲਾਨ ਪ੍ਰਣਾਲੀ ਦੀਆਂ ਮੁੱਖ ਖਾਮੀਆਂ
-ਕਈ ਚੌਕਾਂ 'ਚ ਜ਼ੈੱਬਰਾ ਕ੍ਰਾਸਿੰਗ ਦੀ ਘਾਟ
-ਕਈ ਥਾਵਾਂ 'ਤੇ ਫਿੱਕੀ ਪੈ ਚੁੱਕੀ ਸੜਕੀ ਮਾਰਕਿੰਗ
-ਰਾਤ ਦੇ ਸਮੇਂ ਸੰਕੇਤ ਸਪੱਸ਼ਟ ਨਾ ਦਿਖਾਈ ਦੇਣਾ
-ਕੁਝ ਕੈਮਰਿਆਂ ਦਾ ਐਂਗਲ ਪ੍ਰਭਾਵਸ਼ਾਲੀ ਨਹੀਂ
-ਟ੍ਰੈਫਿਕ ਸਾਈਨ ਬੋਰਡਾਂ ਦੀ ਕਮੀ
-ਬਾਰਿਸ਼ ਦੌਰਾਨ ਮਾਰਕਿੰਗ ਦਾ ਲਗਪਗ ਗਾਇਬ ਹੋ ਜਾਣਾ
---
ਮਾਹਰਾਂ ਦੀ ਸਲਾਹ
-ਸਾਰੇ ਮੁੱਖ ਚੌਕਾਂ 'ਚ ਨਵੀਂ ਜ਼ੈੱਬਰਾ ਕ੍ਰਾਸਿੰਗ ਸਹੀ ਤੇ ਸਪੱਸ਼ਟ ਬਣਾਈ ਜਾਵੇ
- ਹਰ ਛੇ ਮਹੀਨੇ ’ਚ ਰੋਡ ਮਾਰਕਿੰਗ ਦਾ ਦੁਬਾਰਾ ਰੰਗ-ਰੋਗਨ ਹੋਵੇ
- ਟ੍ਰੈਫਿਕ ਕੈਮਰਿਆਂ ਦੀ ਨਿਯਮਿਤ ਜਾਂਚ ਕੀਤੀ ਜਾਵੇ
- ਟ੍ਰੈਫਿਕ ਸਾਈਨ ਬੋਰਡਾਂ ਦੀ ਗਿਣਤੀ ਵਧਾਈ ਜਾਵੇ
- ਰਿਫਲੈਕਟਿਵ ਪੇਂਟ ਦੀ ਵਰਤੋਂ ਕੀਤੀ ਜਾਵੇ
- ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ
--
ਈ ਚਲਾਨ ਪ੍ਰਣਾਲੀ ਲੋਕਾਂ ਲਈ ਕਾਫੀ ਫਾਇਦੇਮੰਦ ਹੈ। ਇਸ ਨਾਲ ਨਾ ਸਿਰਫ ਆਵਾਜਾਈ ’ਚ ਸੁਧਾਰ ਆਏਗਾ ਬਲਕਿ ਲੋਕ ਨਿਯਮਾਂ ਨੂੰ ਲੈ ਕੇ ਜਾਗਰੂਕ ਹੋਣਗੇ ਤੇ ਪਾਲਣਾ ਕਰਨਗੇ। ਜ਼ੈੱਬਰਾ ਕ੍ਰਾਸਿੰਗ, ਖਰਾਬ ਟ੍ਰੈਫਿਕ ਲਾਈਟਾਂ ਸਬੰਧੀ ਨਗਰ ਨਿਗਮ ਨੂੰ ਕਈ ਵਾਰੀ ਪੱਤਰ ਲਿਖੇ ਜਾ ਚੁੱਕੇ ਹਨ। ਵਿਭਾਗ ਨੇ ਟ੍ਰੈਫਿਕ ਲਾਈਟਾਂ ਦੀ ਮੁਰੰਮਤ, ਨਵੀਂ ਜ਼ੈੱਬਰਾ ਕ੍ਰਾਸਿੰਗ ਬਣਾਉਣ, ਫਿੱਕੀ ਪੈ ਚੁੱਕੀ ਰੋਡ ਮਾਰਕਿੰਗ ਨੂੰ ਦੁਬਾਰਾ ਪੇਂਟ ਕਰਨ ਤੇ ਸੜਕ ਸੰਕੇਤਾਂ ਨੂੰ ਦਰੁਸਤ ਕਰਨ ਦੀ ਮੰਗ ਕੀਤੀ ਹੈ।
ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ
----
ਜ਼ੈੱਬਰਾ ਕ੍ਰਾਸਿੰਗ, ਟ੍ਰੈਫਿਕ ਸਿਗਨਲ ਸਮੇਤ ਬਾਕੀ ਕੰਮਾਂ ਦੇ ਟੈਂਡਰ ਲੱਗ ਚੁੱਕੇ ਹਨ। ਜਲਦੀ ਹੀ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇਗਾ ਤਾਂ ਜੋ ਟ੍ਰੈਫਿਕ ਪੁਲਿਸ ਆਪਣਾ ਕੰਮ ਸਹੀ ਢੰਗ ਨਾਲ ਕਰ ਸਕੇ ਤੇ ਸ਼ਹਿਰ ’ਚ ਆਵਾਜਾਈ ਸਿਸਟਮ ਸਹੀ ਢੰਗ ਨਾਲ ਕੰਮ ਕਰੇ।
ਮੇਅਰ ਵਨੀਤ ਧੀਰ।