ਟ੍ਰਾਂਸਫਾਰਮਰ ’ਚ ਵਾਰ-ਵਾਰ ਫਾਲਟ ਆਉਣ ’ਤੇ ਪਾਵਰਕਾਮ ਕਰੇਗਾ ਘਰਾਂ ਦੇ ਲੋਡ ਦੀ ਜਾਂਚ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੇ ਜਿਨ੍ਹਾਂ ਇਲਾਕਿਆਂ ’ਚ ਟ੍ਰਾਂਸਫਾਰਮਰ ’ਚ ਵਾਰ-ਵਾਰ ਖਰਾਬੀ ਆ ਰਹੀ ਹੈ, ਪਾਵਰਕਾਮ ਉਨ੍ਹਾਂ ਇਲਾਕਿਆਂ ਦੇ ਘਰਾਂ ਦੇ ਲੋਡ ਦੀ ਜਾਂਚ ਕਰਵਾਉਣ ਜਾ ਰਿਹਾ ਹੈ। ਪਾਵਰਕਾਮ ਵੱਲੋਂ ਇਸ ਲਈ ਟੀਮ ਬਣਾਈ ਗਈ ਹੈ। ਟੀਮ ਵਿੱਚ ਐਸਡੀਓ, ਜੇਈ ਅਤੇ ਲਾਈਨਮੈਨ ਨੂੰ ਸ਼ਾਮਲ ਕੀਤਾ ਗਿਆ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ‘ਚ ਆਈਆਂ ਸ਼ਿਕਾਇਤਾਂ ਵਿੱਚੋਂ 40 ਫੀਸਦੀ ਸ਼ਿਕਾਇਤਾਂ ਟ੍ਰਾਂਸਫਾਰਮਰ ਦੀ ਖਰਾਬੀ ਨਾਲ ਸੰਬੰਧਿਤ ਸਨ। ਹਰ ਰੋਜ਼ ਆ ਰਹੀਆਂ 200 ਸ਼ਿਕਾਇਤਾਂ ਵਿੱਚੋਂ ਲਗਭਗ 40 ਫੀਸਦੀ ਸ਼ਿਕਾਇਤਾਂ ਟ੍ਰਾਂਸਫਾਰਮਰ ਫਾਲਟ ਨਾਲ ਜੁੜੀਆਂ ਹੁੰਦੀਆਂ ਹਨ। ਫਾਲਟ ਆਉਣ ਕਾਰਨ ਇੱਕ ਤੋਂ ਦੋ ਘੰਟੇ ਲਈ ਇਲਾਕੇ ਵਿੱਚ ਬਿਜਲੀ ਬੰਦ ਰਹਿੰਦੀ ਹੈ। ਪਾਵਰਕਾਮ ਘਰਾਂ ਦੀ ਜਾਂਚ ਤੋਂ ਬਾਅਦ ਜੇ ਲੋਡ ਵੱਧ ਮਿਲਦਾ ਹੈ ਤਾਂ ਜੁਰਮਾਨਾ ਲਗਾਇਆ ਜਾਵੇਗਾ। ਜੁਰਮਾਨਾ ਲਗਾਉਣ ਤੋਂ ਬਾਅਦ ਪਾਵਰਕਾਮ ਉਸ ਟ੍ਰਾਂਸਫਾਰਮਰ ਦੀ ਸਮਰੱਥਾ ਵਧਾਉਣ ਦਾ ਕੰਮ ਕਰੇਗਾ ਤਾਂ ਜੋ ਵੱਧਦੇ ਲੋਡ ਨਾਲ ਕਿਸੇ ਤਰ੍ਹਾਂ ਦਾ ਫਾਲਟ ਨਾ ਆਵੇ। ਕਈ ਖਪਤਕਾਰ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਬਿਜਲੀ ਵਰਤ ਰਹੇ ਹਨ, ਜਿਸ ਦੀ ਜਾਣਕਾਰੀ ਪਾਵਰਕਾਮ ਕੋਲ ਨਹੀਂ ਹੁੰਦੀ। ਪਾਵਰਕਾਮ ਨੂੰ ਇਸ ਦੀ ਜਾਣਕਾਰੀ ਤਦੋਂ ਮਿਲਦੀ ਹੈ ਜਦੋਂ ਕਿਸੇ ਇਲਾਕੇ ਦੇ ਟ੍ਰਾਂਸਫਾਰਮਰ ਵਿੱਚ ਵਾਰ-ਵਾਰ ਫਾਲਟ ਆਉਣ ਲੱਗਦੇ ਹਨ। ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਟ੍ਰਾਂਸਫਾਰਮਰ ‘ਤੇ ਲੋਡ ਵੱਧ ਹੈ।
------------------------------
ਤਿੰਨ ਸਾਲਾਂ ਵਿੱਚ ਵੱਧ ਰਿਹਾ ਹੈ ਲੋਡ
ਪਾਵਰਕਾਮ ਮੁਤਾਬਕ ਸਾਲ 2023-24 ਵਿੱਚ 27.63 ਲੱਖ ਕਿਲੋਵਾਟ ਲੋਡ ਸੀ। ਸਾਲ 2024-25 ਵਿੱਚ ਇਹ ਵੱਧ ਕੇ 28.85 ਲੱਖ ਕਿਲੋਵਾਟ ਹੋ ਗਿਆ। ਸਾਲ 2025-26 ਵਿੱਚ ਲੋਡ 29 ਲੱਖ ਕਿਲੋਵਾਟ ਤੋਂ ਵੀ ਵੱਧ ਹੋ ਚੁੱਕਾ ਹੈ। ਜਲੰਧਰ ਸਰਕਲ ਦਾ ਲੋਡ ਇਸ ਤੋਂ ਵੀ ਵੱਧ ਚੱਲ ਰਿਹਾ ਹੈ। ਪਾਵਰਕਾਮ ਲਈ ਹਰ ਘਰ ਦੇ ਲੋਡ ਦੀ ਜਾਂਚ ਕਰਨਾ ਮੁਸ਼ਕਲ ਹੈ। ਹੁਣ ਸਿਰਫ਼ ਉਨ੍ਹਾਂ ਘਰਾਂ ਦੀ ਜਾਂਚ ਹੋਵੇਗੀ ਜਿੱਥੇ ਟ੍ਰਾਂਸਫਾਰਮਰ ਵਿੱਚ ਵਾਰ-ਵਾਰ ਫਾਲਟ ਆ ਰਹੇ ਹਨ। ਸ਼ਹਿਰ ਵਿੱਚ 8000 ਤੋਂ ਵੱਧ ਟ੍ਰਾਂਸਫਾਰਮਰ ਲੱਗੇ ਹੋਏ ਹਨ। ਇਲਾਕਿਆਂ ਵਿੱਚ 100, 200, 300 ਅਤੇ 500 ਕੇਵੀਏ ਦੇ ਟ੍ਰਾਂਸਫਾਰਮਰ ਲੱਗੇ ਹੋਏ ਹਨ।
-----------------------------
ਪਾਵਰਕਾਮ ਨੇ ਘਰਾਂ ਦੀ ਜਾਂਚ ਕਰਕੇ ਲਗਾਇਆ ਸੀ ਸੱਤ ਲੱਖ ਰੁਪਏ ਦਾ ਜੁਰਮਾਨਾ
ਫਰਵਰੀ 2026 ਵਿੱਚ ਪਾਵਰਕਾਮ ਨੇ ਵੱਖ-ਵੱਖ ਡਿਵੀਜ਼ਨਾਂ ਦੇ 1337 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਸੀ। ਇਸ ਦੌਰਾਨ 12 ਖਪਤਕਾਰ ਬਿਜਲੀ ਚੋਰੀ ਜਾਂ ਮਨਜ਼ੂਰ ਤੋਂ ਵੱਧ ਲੋਡ ਵਰਤਦੇ ਮਿਲੇ। ਇਨ੍ਹਾਂ ਉਪਭੋਗਤਾਵਾਂ ‘ਤੇ ਲਗਭਗ ਸੱਤ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।
----------------------------
ਮਨਜ਼ੂਰੀ ਤੋਂ ਵੱਧ ਲੋਡ ’ਤੇ ਲੱਗੇਗਾ ਜੁਰਮਾਨਾ : ਚੁਟਾਨੀ
ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਜੇ ਮਨਜ਼ੂਰੀ ਤੋਂ ਵੱਧ ਲੋਡ ਹੈ ਤਾਂ ਉਸ ਦੀ ਜਾਣਕਾਰੀ ਪਾਵਰਕਾਮ ਨੂੰ ਦੇਣੀ ਲਾਜ਼ਮੀ ਹੈ ਤਾਂ ਜੋ ਟ੍ਰਾਂਸਫਾਰਮਰ ‘ਤੇ ਵੱਧ ਲੋਡ ਕਾਰਨ ਫਾਲਟ ਨਾ ਆਉਣ। ਪਾਵਰਕਾਮ ਕੋਲ ਲੋਡ ਦੀ ਸਹੀ ਜਾਣਕਾਰੀ ਹੋਣ ਨਾਲ ਉਸ ਇਲਾਕੇ ਦੇ ਟ੍ਰਾਂਸਫਾਰਮਰ ਦੀ ਸਮਰੱਥਾ ਵਧਾਈ ਜਾ ਸਕਦੀ ਹੈ। ਹੁਣ ਜਿਹੜੇ ਇਲਾਕਿਆਂ ਵਿੱਚ ਵਾਰ-ਵਾਰ ਟ੍ਰਾਂਸਫਾਰਮਰ ਫਾਲਟ ਆਏਗਾ, ਉਥੇ ਘਰਾਂ ਦੀ ਜਾਂਚ ਕੀਤੀ ਜਾਵੇਗੀ। ਮਨਜ਼ੂਰ ਤੋਂ ਵੱਧ ਲੋਡ ’ਤੇ ਜੁਰਮਾਨਾ ਲਗਾਇਆ ਜਾਵੇਗਾ। ਇਸ ਲਈ ਲਾਜ਼ਮੀ ਹੈ ਕਿ ਲੋਕ ਆਪਣੇ ਘਰਾਂ ਦੇ ਲੋਡ ਦੀ ਜਾਣਕਾਰੀ ਪਾਵਰਕਾਮ ਨੂੰ ਦੇਣ।