ਜਾਸ, ਜਲੰਧਰ : ਗਰਮੀ

ਜਾਸ, ਜਲੰਧਰ : ਗਰਮੀ ਕਾਰਨ ਬਿਜਲੀ ਦੀ ਮੰਗ ’ਚ ਵਾਧਾ ਹੋਣ ਦੇ ਨਾਲ ਪਾਵਰਕਾਮ ਨੇ ਬਿਜਲੀ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ। ਪਾਵਰਕਾਮ ਨੇ ਬਿਜਲੀ ਦੀ ਵਾਧੂ ਉਪਲੱਬਧਤਾ ਦਾ ਦਾਅਵਾ ਕੀਤਾ ਹੈ ਪਰ ਮੰਗ ਨੂੰ ਪੂਰਾ ਨਾ ਕਰ ਸਕਣ ਕਾਰਨ 2 ਤੋਂ 3 ਘੰਟੇ ਤੱਕ ਬਿਜਲੀ ਕੱਟ ਲਾਏ ਜਾ ਰਹੇ ਹਨ। ਇਨ੍ਹਾਂ ਬਿਜਲੀ ਕੱਟ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ, ਜਿਸ ਨਾਲ ਲੋਕਾਂ ’ਚ ਗੁੱਸਾ ਵਧ ਰਿਹਾ ਹੈ। ਇਕ ਪਾਸੇ ਪਾਵਰਕਾਮ ਰੱਖ-ਰਖਾਅ ਕਾਰਨ ਬਿਜਲੀ ਬੰਦ ਰੱਖ ਰਿਹਾ ਹੈ, ਜਿਸ ਨਾਲ 3 ਤੋਂ 5 ਘੰਟੇ ਤੱਕ ਬਿਜਲੀ ਬੰਦ ਰਹਿੰਦੀ ਹੈ। ਸ਼ੁੱਕਰਵਾਰ ਨੂੰ ਪਾਵਰਕਾਮ ਨੇ ਰਾਤ 9 ਤੋਂ 11 ਵਜੇ ਤੇ 2:30 ਤੋਂ 4:30 ਵਜੇ ਤੱਕ ਬਿਜਲੀ ਕੱਟ ਲਾਇਆ। ਬਿਨ੍ਹਾਂ ਬਿਜਲੀ ਦੇ ਘਰਾਂ ’ਚ ਬੈਠਣਾ ਵੀ ਮੁਸ਼ਕਲ ਹੋ ਰਿਹਾ ਹੈ। ਪਾਵਰਕਾਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਬਿਜਲੀ ਦੀ ਮੰਗ ਅਚਾਨਕ ਵਧ ਜਾਣ ਕਾਰਨ ਸ਼ੁੱਕਰਵਾਰ ਰਾਤ ਨੂੰ ਬਿਜਲੀ ਕੱਟ ਲਾਇਆ ਗਿਆ ਸੀ। ਇਸ ਸਮੇਂ ਮੁਰੰਮਤ ਦੇ ਨਾਂ 'ਤੇ ਸਵੇਰੇ ਬਿਜਲੀ ਬੰਦ ਰੱਖੀ ਜਾ ਰਹੀ ਹੈ।
---
ਜਲੰਧਰ ਸਰਕਲ ਦੀ ਬਿਜਲੀ ਮੰਗ ਵਧੀ
ਪਿਛਲੇ ਪੰਜ ਦਿਨਾਂ ’ਚ 570 ਮੈਗਾਵਾਟ ਬਿਜਲੀ ਦੀ ਮੰਗ ਰਹੀ ਸੀ, ਜੋ ਹੁਣ 630 ਦੇ ਨੇੜੇ ਪੁੱਜ ਗਈ ਹੈ। ਇਸ ਵਿਚ 60 ਮੈਗਾਵਾਟ ਦਾ ਵਾਧਾ ਹੋ ਚੁੱਕਾ ਹੈ। ਜਿਵੇਂ ਜਿਵੇਂ ਗਰਮੀ ਵਧੇਗੀ, ਬਿਜਲੀ ਦੀ ਮੰਗ ਵੀ ਵਧੇਗੀ। ਜਾਣਕਾਰੀ ਮਿਲੀ ਹੈ ਕਿ ਪਾਵਰਕਾਮ ਨੂੰ ਬਿਜਲੀ ਕੱਟ ਲਾਉਣ ਦੀ ਸੂਚਨਾ ਪੰਜਾਬ ਦੇ ਸਰਕਲਾਂ ਨੂੰ ਪੰਜ ਮਿੰਟ ਪਹਿਲਾਂ ਮਿਲਦੀ ਹੈ, ਜਿਸ ’ਚ ਕਿੰਨੇ ਘੰਟੇ ਦਾ ਬਿਜਲੀ ਕੱਟ ਲਾਉਣਾ ਹੈ, ਉਸ ਦੇ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ।
---
ਇਨ੍ਹਾਂ ਇਲਾਕਿਆਂ ਦੇ ਲੋਕ ਰਹੇ ਪਰੇਸ਼ਾਨ
ਫ਼ੌਜੀ ਵਿਹਾਰ, ਅਜੀਤ ਨਗਰ, ਪਿੰਡ ਬੱਲਾਂ, ਪਿੰਡ ਰਾਏਪੁਰ, ਰਸੂਲਪੁਰ, ਪਿੰਡ ਕਾਹਨਪੁਰ, ਲਾਂਬੜਾ, ਭਗਵਾਨਪੁਰ, ਤਾਜਪੁਰ, ਗਾਜ਼ੀ ਗੁੱਲਾ, ਸੰਤ ਨਗਰ, ਦੀਨਦਿਆਲ ਉਪਾਧਿਆਏ ਨਗਰ ਤੇ ਨਾਲ ਲੱਗਦੇ ਇਲਾਕਿਆਂ ’ਚ ਬਿਜਲੀ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੀ। ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਲਾਕੇ ਦੇ ਨਿਵਾਸੀ ਵਿਪਨ ਕੁਮਾਰ ਨੇ ਦੱਸਿਆ ਕਿ ਮੁਰੰਮਤ ਦੇ ਨਾਂ 'ਤੇ ਬਿਜਲੀ ਬੰਦ ਰੱਖੀ ਜਾ ਰਹੀ ਹੈ। ਹੁਣ ਤਾਂ ਰਾਤ ਨੂੰ ਵੀ ਬਿਜਲੀ ਕੱਟ ਲਾਇਆ ਜਾ ਰਿਹਾ ਹੈ। ਗਰਮੀ ’ਚ ਨੀਂਦ ਪੂਰੀ ਕਰਨਾ ਮੁਸ਼ਕਲ ਹੋ ਜਾਂਦਾ ਹੈ। ਦਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਨਵਰਟਰ ਨਹੀਂ ਹੈ, ਜਿਸ ਨਾਲ ਬਿਨਾਂ ਪੱਖੇ ਦੇ ਨੀਂਦ ਪੂਰੀ ਨਹੀਂ ਹੁੰਦੀ। ਅਗਲੇ ਦਿਨ ਕੰਮ 'ਤੇ ਜਾਣਾ ਹੁੰਦਾ ਹੈ।
---
26 ਅਪ੍ਰੈਲ ਨੂੰ ਇਨ੍ਹਾਂ ਇਲਾਕਿਆਂ ’ਚ ਬਿਜਲੀ ਬੰਦ ਰਹੇਗੀ
26 ਅਪ੍ਰੈਲ ਨੂੰ ਆਬਾਦਪੁਰਾ, ਨਿਊ ਮਾਡਲ ਟਾਊਨ, ਜੰਡੂ ਸਿੰਘਾਂ ਮਾਰਕੀਟ, ਥਾਪਰਾਂ ਮੁਹੱਲਾ, ਕਰਾਰ ਖਾਂ ਮੁਹੱਲਾ, ਟ੍ਰੀਟਮੈਂਟ ਪਲਾਂਟ, ਨਿਵੀਆ ਸਪੋਰਟਸ ਤੇ ਲੈਦਰ ਕੰਪਲੈਕਸ ’ਚ ਬਿਜਲੀ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ।
---
ਟਿਊਬਵੈੱਲ ਨਾ ਚੱਲਣ ਕਾਰਨ ਵਧੀ ਪਾਣੀ ਦੀ ਕਿੱਲਤ
ਜਾਸ, ਜਲੰਧਰ : ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਬਿਜਲੀ ਦੀ ਮੰਗ ਵਧ ਗਈ ਹੈ ਪਰ ਸਪਲਾਈ ਘੱਟ ਹੋਣ ਤੇ ਕਈ ਥਾਵਾਂ ’ਤੇ ਫਾਲਟ ਆਉਣ ਕਾਰਨ ਲੰਬੇ-ਲੰਬੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਇਲਾਕਿਆਂ ’ਚ ਬਿਜਲੀ ਦੇ ਕੱਟ ਲੱਗ ਰਹੇ ਹਨ, ਉੱਥੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ, ਕਿਉਂਕਿ ਟਿਊਬਵੈੱਲ ਨਹੀਂ ਚੱਲ ਰਹੇ।
ਜਿਨ੍ਹਾਂ ਮੁਹੱਲਿਆਂ ’ਚ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਉੱਥੇ ਲੋਕ ਬਾਲਟੀ, ਡ੍ਰੰਮ ਤੇ ਟੈਂਕੀਆਂ ’ਚ ਪਾਣੀ ਭਰ ਰਹੇ ਹਨ। ਲੋਕਾਂ ਦੀ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਬਿਜਲੀ ਦੇ ਕੱਟ ਹੁਣ ਉਸ ਸਮੇਂ ਵੀ ਲੱਗ ਰਹੇ ਹਨ ਜਦੋਂ ਸਰਕਾਰੀ ਟੂਟੀਆਂ ’ਚ ਪਾਣੀ ਆਉਣ ਦਾ ਸਮਾਂ ਹੁੰਦਾ ਹੈ। ਗਰਮੀਆਂ ’ਚ ਤਾਂ ਪਾਣੀ ਦੀ ਖਪਤ ਵਧ ਜਾਂਦੀ ਹੈ। ਨਗਰ ਨਿਗਮ ਨੇ ਬਿਜਲੀ ਕੱਟਾਂ ਨੂੰ ਦੇਖਦਿਆਂ ਸਵੇਰੇ ਤੇ ਸ਼ਾਮ ਨੂੰ ਪਾਣੀ ਦੀ ਸਪਲਾਈ ’ਚ ਇਕ-ਇਕ ਘੰਟੇ ਦਾ ਵਾਧਾ ਕੀਤਾ ਹੈ ਪਰ ਸ਼ੁੱਕਰਵਾਰ ਨੂੰ ਕਈ ਇਲਾਕਿਆਂ ’ਚ ਦੇਰ ਰਾਤ ਬਿਜਲੀ ਕੱਟ ਲੱਗਣ ਮਗਰੋਂ ਸਵੇਰੇ 5 ਵਜੇ ਤੱਕ ਬਿਜਲੀ ਨਹੀਂ ਆਈ। ਇਸ ਕਾਰਨ ਲੋਕ ਪਾਣੀ ਲਈ ਪਰੇਸ਼ਾਨ ਰਹੇ।
ਨਗਰ ਨਿਗਮ ਨੇ ਸ਼ਹਿਰ ’ਚ ਬੰਦ ਪਏ ਟਿਊਬਵੈੱਲਾਂ ਦੀ ਜਗ੍ਹਾ 35 ਨਵੇਂ ਟਿਊਬਵੈੱਲ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ, ਇਨ੍ਹਾਂ ਵਿੱਚੋਂ ਲਗਪਗ ਚਾਰ ਟਿਊਬਵੈਲਾਂ ਨੂੰ ਪਾਣੀ ਦੇ ਕੁਨੈਕਸ਼ਨ ਮਿਲ ਚੁੱਕੇ ਹਨ। ਟਿਊਬਵੈੱਲਾਂ ਦੇ ਰੱਖ-ਰਖਾਅ ਕਰਨ ਵਾਲੇ ਇਕ ਠੇਕੇਦਾਰ ਨੇ ਦੱਸਿਆ ਕਿ ਹਰ ਸਾਲ ਗਰਮੀ ਕਾਰਨ ਤੇ 15 ਸਾਲ ਪੁਰਾਣੇ ਟਿਊਬਵੈੱਲਾਂ ’ਚੋਂ ਪਾਣੀ ਨਾਲ ਰੇਤਾ ਆਉਣ ਲੱਗਦੀ ਹੈ। ਅਜਿਹੇ ਟਿਊਬਵੈੱਲਾਂ ਨੂੰ ਬੰਦ ਕਰਨਾ ਪੈਂਦਾ ਹੈ। ਸਾਲ ’ਚ ਲਗਪਗ 10 ਫੀਸਦੀ ਟਿਊਬਵੈੱਲਾਂ ਕਾਰਨ ਅਜਿਹੀ ਸਮੱਸਿਆ ਆਉਂਦੀ ਹੈ।
ਬਿਜਲੀ ਕੱਟਾਂ ਦਾ ਅਸਰ ਸਿੱਧਾ ਪਾਣੀ ਦੀ ਸਪਲਾਈ 'ਤੇ ਪੈ ਰਿਹਾ ਹੈ। ਕਈ ਇਲਾਕਿਆਂ ’ਚ ਟਿਊਬਵੈੱਲ ਨਾ ਚੱਲਣ ਕਾਰਨ ਪਾਣੀ ਨਹੀਂ ਪੁੱਜ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਦਿਨ ’ਚ ਕਈ ਵਾਰੀ ਬਿਜਲੀ ਜਾਣ ਕਾਰਨ ਨਾ ਤਾਂ ਕੂਲਰ-ਪੱਖੇ ਚੱਲ ਰਹੇ ਹਨ ਤੇ ਨਾ ਹੀ ਪਾਣੀ ਦੀਆਂ ਮੋਟਰਾਂ। ਗਰਮੀ ’ਚ ਪਾਣੀ ਦੀ ਮੰਗ ਵਧ ਗਈ ਹੈ ਪਰ ਸਪਲਾਈ ਦਾ ਸਮਾਂ ਬਿਜਲੀ ’ਤੇ ਨਿਰਭਰ ਹੈ।