ਸਿਟੀ ਰੇਲਵੇ ਸਟੇਸ਼ਨ ’ਤੇ ਪਸਰਿਆ ਹਨੇਰਾ
ਸਿਟੀ ਰੇਲਵੇ ਸਟੇਸ਼ਨ ’ਤੇ ਬਿਜਲੀ ਗੁਲ, ਮੈਨੁਅਲ ਅਨਾਊਂਸਮੈਂਟ ਰਾਹੀਂ ਯਾਤਰੀਆਂ ਨੂੰ ਦੱਸੀ ਗਈ ਸ਼ਤਾਬਦੀ ਐਕਸਪ੍ਰੈਸ ਦੀ ਕੋਚ ਪੋਜ਼ੀਸ਼ਨ
Publish Date: Tue, 05 May 2026 10:04 PM (IST)
Updated Date: Tue, 05 May 2026 10:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : “ਮੁਸਾਫਰ ਕਿਰਪਾ ਕਰਕੇ ਧਿਆਨ ਦੇਣ... ਸ਼ਤਾਬਦੀ ਐਕਸਪ੍ਰੈੱਸ ਦੇ ਕੋਚ ਸੀ-1, ਸੀ-2 ਅੱਗੇ ਆਉਣਗੇ ਤੇ ਬਾਕੀ ਉਸਦੇ ਪਿੱਛੇ ਹਨ...” ਮੰਗਲਵਾਰ ਨੂੰ ਸਿਟੀ ਰੇਲਵੇ ਸਟੇਸ਼ਨ ‘ਤੇ ਬਿਜਲੀ ਗੁਲ ਹੋਣ ਕਾਰਨ ਕੋਚ ਪੋਜ਼ੀਸ਼ਨ ਡਿਸਪਲੇ ਵੀ ਬੰਦ ਰਹੇ। ਇਸ ਕਰਕੇ ਇਨਕੁਆਇਰੀ ਕਾਊਂਟਰ ਤੋਂ ਮਾਈਕ ਰਾਹੀਂ ਮੈਨੁਅਲ ਤਰੀਕੇ ਨਾਲ ਅਨਾਊਂਸਮੈਂਟ ਕਰਨੀ ਪਈ। ਸਵੇਰੇ ਨੌਂ ਵਜੇ ਤੋਂ ਦੁਪਹਿਰ ਇਕ ਵਜੇ ਤੱਕ ਮੇਨਟੇਨੈਂਸ ਕਾਰਨ ਪਾਵਰ ਸਪਲਾਈ ਬੰਦ ਰਹੀ। ਇਸ ਦੌਰਾਨ ਰਿਜ਼ਰਵੇਸ਼ਨ ਤੇ ਜਨਰਲ ਟਿਕਟ ਕਾਊਂਟਰਾਂ ਤੇ ਸਰਵਰ ਰੂਮ ਤੋਂ ਇਲਾਵਾ ਪਲੇਟਫਾਰਮ ਨੰਬਰ 1, 2, 3, 5 ਅਤੇ 1-ਏ ‘ਤੇ ਬਿਜਲੀ ਸਪਲਾਈ ਬੰਦ ਰਹਿਣ ਕਰਕੇ ਨਾ ਪੱਖੇ ਚੱਲ ਰਹੇ ਸਨ ਤੇ ਨਾ ਹੀ ਉੱਥੇ ਲੱਗੇ ਵਾਟਰ ਕੂਲਰ ਤੇ ਵਾਟਰ ਵੈਂਡਿੰਗ ਮਸ਼ੀਨਾਂ। ਇਸ ਕਾਰਨ ਯਾਤਰੀਆਂ ਨੂੰ ਮਜ਼ਬੂਰੀ ’ਚ ਟੂਟੀਆਂ ਤੋਂ ਗਰਮ ਪਾਣੀ ਪੀਣਾ ਪਿਆ ਤੇ ਗਰਮੀ ਨਾਲ ਵੀ ਬਹੁਤ ਪਰੇਸ਼ਾਨੀ ਝੱਲਣੀ ਪਈ। ਦੂਜੇ ਪਾਸੇ ਦੇਰ ਨਾਲ ਆਉਣ ਵਾਲੀਆਂ ਰੇਲਗੱਡੀਆਂ ਨੇ ਵੀ ਯਾਤਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਦੇਰ ਨਾਲ ਪੁੱਜਣ ਵਾਲੀਆਂ ਰੇਲਗੱਡੀਆਂ ’ਚ ਪਠਾਨਕੋਟ ਸਪੈਸ਼ਲ ਪੰਜ ਘੰਟੇ, ਫਿਰੋਜ਼ਪੁਰ ਕੈਂਟ ਸਪੈਸ਼ਲ ਪੌਣੇ ਪੰਜ ਘੰਟੇ, ਗਰੀਬਰਥ ਐਕਸਪ੍ਰੈੱਸ ਸਵਾ ਤਿੰਨ ਘੰਟੇ, ਮਾਲਵਾ ਐਕਸਪ੍ਰੈਸ ਤੇ ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਤਿੰਨ ਘੰਟੇ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਤੇ ਜਨਸਾਧਾਰਨ ਐਕਸਪ੍ਰੈੱਸ ਢਾਈ ਘੰਟੇ, ਛੱਤੀਸਗੜ੍ਹ ਐਕਸਪ੍ਰੈੱਸ ਡੇਢ ਘੰਟਾ, ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਸਵਾ ਇੱਕ ਘੰਟਾ, ਪਠਾਨਕੋਟ ਧੌਲਾਧਾਰ ਐਕਸਪ੍ਰੈੱਸ ਇੱਕ ਘੰਟਾ, ਸ਼ਾਲੀਮਾਰ ਐਕਸਪ੍ਰੈੱਸ ਪੌਣਾ ਘੰਟਾ, ਲੁਧਿਆਣਾ ਛੇਹਰਟਾ ਮੈਮੂ, ਹਾਵੜਾ ਮੇਲ, ਅੰਡਮਾਨ ਐਕਸਪ੍ਰੈੱਸ, ਹੇਮਕੁੰਟ ਐਕਸਪ੍ਰੈੱਸ ਅਤੇ ਊਧਮਪੁਰ ਐਕਸਪ੍ਰੈੱਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।