ਜੇਐੱਨਐੱਨ, ਜਲੰਧਰ : ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈੱਲ ਦੇ ਵ੍ਹਟਸਐਪ ਗਰੁੱਪ 'ਚ ਸੀਆਈਏ ਸਟਾਫ ਦੇ ਹੌਲਦਾਰ ਨੇ ਅਸ਼ਲੀਲ ਵੀਡੀਓ ਪਾ ਦਿੱਤੀ। ਜਿਵੇਂ ਹੀ ਵੀਡੀਓ ਪਾਈ ਤਾਂ ਗਰੁੱਪ 'ਚ ਸ਼ਾਮਲ ਪੁਲਿਸ ਅਧਿਕਾਰੀਆਂ ਤੇ ਮਹਿਲਾ ਮੈਂਬਰਾਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ।
ਜੇਐੱਨਐੱਨ, ਜਲੰਧਰ : ਕਾਂਗਰਸ ਦੇ ਐਂਟੀ ਨਾਰਕੋਟਿਕਸ ਸੈੱਲ ਦੇ ਵ੍ਹਟਸਐਪ ਗਰੁੱਪ 'ਚ ਸੀਆਈਏ ਸਟਾਫ ਦੇ ਹੌਲਦਾਰ ਨੇ ਅਸ਼ਲੀਲ ਵੀਡੀਓ ਪਾ ਦਿੱਤੀ। ਜਿਵੇਂ ਹੀ ਵੀਡੀਓ ਪਾਈ ਤਾਂ ਗਰੁੱਪ 'ਚ ਸ਼ਾਮਲ ਪੁਲਿਸ ਅਧਿਕਾਰੀਆਂ ਤੇ ਮਹਿਲਾ ਮੈਂਬਰਾਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ। ਇਸ ਪਿੱਛੋਂ ਹੌਲਦਾਰ ਤੇ ਪੋਸਟ ਨੂੰ ਗਰੁੱਪ 'ਚ ਹਟਾ ਦਿੱਤਾ ਗਿਆ ਪਰ ਉਦੋਂ ਤਕ ਉਸ ਨੂੰ ਨਸ਼ੇ ਖ਼ਿਲਾਫ਼ ਕੋਈ ਜਾਗਰੂਕਤਾ ਵੀਡੀਓ ਸਮਝ ਕੇ ਕਈ ਮੈਂਬਰ ਡਾਊਨਲੋਡ ਕਰ ਕੇ ਦੇਖ ਚੁੱਕੇ ਸਨ। ਹੌਲਦਾਰ ਦੀ ਇਸ ਕਾਰਗੁਜ਼ਾਰੀ ਤੋਂ ਸ਼ਰਮਸ਼ਾਰ ਹੋਏ ਸੈੱਲ ਦੇ ਅਧਿਕਾਰੀਆਂ ਨੇ ਪੁਲਿਸ ਕਮਿਸ਼ਨਰ ਨੂੰ ਉਸ ਖ਼ਿਲਾਫ਼ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਏਡੀਸੀਪੀ ਕਰਾਈਮ ਗੁਰਮੀਤ ਕਿੰਗਰਾ ਨੇ ਉਸ ਹੌਲਦਾਰ ਸੁਖਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ। ਏਡੀਸੀਪੀ ਕਿੰਗਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਨਸ਼ਾ ਛੁਡਾ ਰਹੇ ਹਾਂ, ਗਾਲ੍ਹਾਂ ਸੁਣਨੀਆਂ ਪਈਆਂ
ਕਾਂਗਰਸ ਪਾਰਟੀ ਦੇ ਐਂਟੀ ਨਾਰਕੋਟਿਕਸ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਉਹ ਨਸ਼ੇ ਖ਼ਿਲਾਫ਼ ਮੁਹਿੰਮ ਚਲਾ ਰਹੇ ਹਨ। ਇਸ ਤੋਂ ਇਲਾਵਾ ਵੱਖਰੀਆਂ ਟੀਮਾਂ ਵੀ ਬਣਾਈਆਂ ਗਈਆਂ ਹਨ, ਜਿਸ 'ਚ ਅੌਰਤਾਂ ਵੀ ਸ਼ਾਮਲ ਹਨ। ਆਪਸ 'ਚ ਸਾਰਿਆਂ ਦਾ ਤਾਲਮੇਲ ਰਹੇ, ਇਸ ਲਈ ਵ੍ਹਟਸਐਪ ਗਰੁੱਪ ਐਂਟੀ ਨਾਰਕੋਟਿਕਸ ਟੀਮ ਜਲੰਧਰ ਦੇ ਨਾਂ ਨਾਲ ਬਣਿਆ ਸੀ, ਜਿਸ 'ਚ ਸੈੱਲ ਦੀ ਟੀਮ ਨਾਲ ਪੰਜਾਬ ਦੇ ਚੇਅਰਮੈਨ, ਕਈ ਸਿਆਸੀ ਆਗੂ ਤੇ ਪੁਲਿਸ ਅਧਿਕਾਰੀ ਵੀ ਮੈਂਬਰ ਬਣੇ ਹੋਏ ਹਨ। ਹੌਲਦਾਰ ਸੁਖਵਿੰਦਰ ਸਿੰਘ ਸੀਆਈਏ ਸਟਾਫ 'ਚ ਤਾਇਨਾਤ ਹੈ ਤੇ ਉਸ ਨੂੰ ਇਸ ਗਰੁੱਪ 'ਚ ਮੈਂਬਰ ਬਣਾਇਆ ਹੋਇਆ ਸੀ। ਵੀਰਵਾਰ ਸ਼ਾਮ ਨੂੰ ਅਚਾਨਕ ਉਸ ਨੇ ਗਰੁੱਪ 'ਚ ਅਸ਼ਲੀਲ ਵੀਡੀਓ ਪੋਸਟ ਕਰ ਦਿੱਤੀ, ਜਿਸ ਤੋਂ ਬਾਅਦ ਗਰੁੱਪ ਦੇ ਮੈਂਬਰ ਭੜਕ ਗਏ ਤੇ ਨਸ਼ਾ ਛੁਡਾਉਣ ਲਈ ਬਣੇ ਇਸ ਗਰੁੱਪ 'ਚ ਉਨ੍ਹਾਂ ਬੁਰਾ-ਭਲਾ ਕਹਿਣ ਲੱਗੇ।
ਮੋਬਾਈਲ ਹੇਠਾਂ ਡਿੱਗਣ ਨਾਲ ਆ ਗਈ ਵੀਡੀਓ
ਚੇਅਰਮੈਨ ਸੁਰਿੰਦਰ ਕੈਰੋਂ ਨੇ ਕਿਹਾ ਕਿ ਜਦੋਂ ਵਾਈਸ ਚੇਅਰਮੈਨ ਦਵਿੰਦਰ ਵਿਰਦੀ ਨੇ ਹੌਲਦਾਰ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦਾ ਮੋਬਾਈਲ ਡਿੱਗ ਗਿਆ ਸੀ, ਜਿਸ ਦੀ ਵਜ੍ਹਾ ਨਾਲ ਵੀਡੀਓ ਉਨ੍ਹਾਂ ਦੇ ਗਰੁੱਪ 'ਚ ਆ ਗਈ। ਇਸ ਤੋਂ ਬਾਅਦ ਉਸ ਨੇ ਕਿਸੇ ਤਰ੍ਹਾਂ ਦਾ ਅਫਸੋਸ ਨਹੀਂ ਪ੍ਰਗਟਾਇਆ ਬਲਕਿ ਉਲਟਾ ਕਿਹਾ ਕਿ ਜੋ ਕਰਨਾ ਹੈ, ਕਰ ਲਓ। ਕੈਰੋਂ ਨੇ ਕਿਹਾ ਕਿ ਹੌਲਦਾਰ ਏਨੇ ਗ਼ੈਰ ਜ਼ਿੰਮੇਵਾਰ ਤਰੀਕੇ ਨਾਲ ਜਵਾਬ ਦੇ ਰਿਹਾ ਹੈ, ਜਦਕਿ ਰਾਤ ਤੋਂ ਲੋਕਾਂ ਦੇ ਮੈਸਜ ਨਾਲ ਉਨ੍ਹਾਂ ਦਾ ਗਰੁੱਪ ਭਰਿਆ ਪਿਆ ਹੈ।
ਵੀਡੀਓ ਤੋਂ ਬਾਅਦ ਖਾਲੀ ਹੋਇਆ ਗਰੁੱਪ
ਜਿਵੇਂ ਹੀ ਐਂਟੀ ਨਾਰਕੋਟਿਕਸ ਟੀਮ ਦੇ ਵ੍ਹਟਸਐਪ ਗਰੁੱਪ 'ਚ ਅਸ਼ਲੀਲ ਵੀਡੀਓ ਪਈ ਤਾਂ ਲੋਕਾਂ ਨੇ ਇਤਰਾਜ਼ ਪ੍ਰਗਟਾਉਂਦਿਆਂ ਗਰੁੱਪ ਛੱਡਣਾ ਸ਼ੁਰੂ ਕਰ ਦਿੱਤਾ। ਗਰੁੱਪ ਨਾਲ ਜੁੜੀਆਂ ਮਹਿਲ ਮੈਂਬਰਾਂ ਤੇ ਪੁਲਿਸ ਅਧਿਕਾਰੀਆਂ ਨੇ ਗਰੁੱਪ ਛੱਡ ਦਿੱਤਾ। ਇਹ ਹੀ ਨਹੀਂ, ਇਨ੍ਹਾਂ ਲੋਕਾਂ ਨੇ ਦੁਬਾਰਾ ਅਜਿਹੇ ਲੋਕਾਂ ਨੂੰ ਗਰੁੱਪ 'ਚ ਜੋੜਨ 'ਤੇ ਵੀ ਧਿਆਨ ਰੱਖਣ ਲਈ ਕਿਹਾ ਹੈ ਤਾਂ ਕਿ ਮੁੜ ਕਦੇ ਅਜਿਹੀ ਕੋਈ ਗ਼ਲਤ ਹਰਕਤ ਨਾ ਕਰ ਸਕੇ।
ਮੈਨੂੰ ਕੁਝ ਨਹੀਂ ਪਤਾ : ਹੌਲਦਾਰ ਸੁਖਵਿੰਦਰ ਸਿੰਘ
ਇਸ ਬਾਰੇ ਜਦੋਂ ਹੌਲਦਾਰ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ ਹੈ ਕਿ ਵ੍ਹਟਸਐਪ ਗਰੁੱਪ 'ਚ ਅਸ਼ਲੀਲ ਵੀਡੀਓ ਗਈ ਹੈ।