ਟਰੰਪ ਨਾਲ ਬਹਿਸ ਕਰਨਾ ਬਿਲਕੁੱਲ ਵੀ ਮੇਰੇ ਹਿੱਤ ’ਚ ਨਹੀਂ : ਪੋਪ ਲਿਓ
ਮੇਰਾ ਕੰਮ ਦੁਨੀਆ ’ਚ
Publish Date: Sat, 18 Apr 2026 09:13 PM (IST)
Updated Date: Sat, 18 Apr 2026 09:15 PM (IST)

ਮੇਰਾ ਕੰਮ ਦੁਨੀਆ ’ਚ ਨਿਆਂ, ਭਾਈਚਾਰਾ ਤੇ ਸ਼ਾਂਤੀ ਨੂੰ ਵਧਾਉਣਾ ਨਾ ਕਿ ਸਿਆਸੀ ਬਿਆਨਾਂ ’ਚ ਉਲਝਨਾ ਕੈਮਰੂਨ (ਏਪੀ) : ਕੈਮਰੂਨ ਤੋਂ ਅੰਗੋਲਾ ਦੀ ਉਡਾਣ ਦੌਰਾਨ ਪੋਪ ਲਿਓ ਚੌਦਹਵੇਂ ਨੇ ਇਕ ਵਾਰ ਫਿਰ ਦੁਨੀਆ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਦਾ ਮਿਸ਼ਨ ਸਿਆਸਤ ਨਹੀਂ ਸਗੋਂ ਸ਼ਾਂਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤੀਆਂ ਗਈਆਂ ਤਿੱਖੀਆਂ ਆਲੋਚਨਾਵਾਂ ’ਤੇ ਰੋਕ ਲਗਾਉਂਦੇ ਹੋਏ ਪੋਪ ਨੇ ਬੜੇ ਹੀ ਸ਼ਾਂਤ ਪਰ ਦ੍ਰਿੜ ਸ਼ਬਦਾਂ ’ਚ ਕਿਹਾ ਕਿ ਈਰਾਨ ਜੰਗ ਨੂੰ ਲੈ ਕੇ ਰਾਸ਼ਟਰਪਤੀ ਨਾਲ ਬਹਿਸ ਕਰਨਾ ਬਿਲਕੁੱਲ ਵੀ ਮੇਰੇ ਹਿੱਤ ’ਚ ਨਹੀਂ ਹੈ। ਪਿਛਲੇ ਕੁਝ ਦਿਨਾਂ ਤੋਂ ਟਰੰਪ ਤੇ ਵੈਟੀਕਨ ਵਿਚਾਲੇ ਜ਼ੁਬਾਨੀ ਜੰਗ ਦਾ ਜੋ ਦੌਰ ਚੱਲ ਰਿਹਾ ਸੀ, ਉਸ ’ਤੇ ਪੋਪ ਨੇ ਸਪਸ਼ਟ ਕੀਤਾ ਕਿ ਸ਼ਾਂਤੀ ਦਾ ਉਨ੍ਹਾਂ ਦਾ ਪ੍ਰਚਾਰ ਕਿਸੇ ਵਿਅਕਤੀ ਵਿਸ਼ੇਸ਼ (ਟਰੰਪ) ਲਈ ਨਹੀਂ ਸਗੋਂ ਈਸਾ ਮਸੀਹ ਦੇ ਉਪਦੇਸ਼ਾਂ ’ਤੇ ਆਧਾਰਿਤ ਹੈ। ਟਰੰਪ ਨੇ ਉਨ੍ਹਾਂ ’ਤੇ ਅਪਰਾਧਾਂ ਨੂੰ ਲੈ ਕੇ ਨਰਮ ਹੋਣ ਤੇ ਖੱਬੇਪੱਖੀਆਂ ਦੇ ਨੇੜਲੇ ਹੋਣ ਦਾ ਦੋਸ਼ ਲਗਾਇਆ ਸੀ, ਇਥੋਂ ਤੱਕ ਕਿ ਉਨ੍ਹਾਂ ਦੀ ਚੋਣ ਦਾ ਸਿਹਰਾ ਵੀ ਖੁਦ ਨੂੰ ਦਿੱਤਾ ਸੀ। ਇਸ ਦੇ ਜਵਾਬ ’ਚ ਪੋਪ ਨੇ ਕਿਹਾ ਕਿ ਮੇਰੇ ਬਿਆਨਾਂ ਦਾ ਮਕਸਦ ਕਿਸੇ ਸਿਆਸੀ ਵਿਵਾਦ ਨੂੰ ਜਨਮ ਦੇਣਾ ਨਹੀਂ ਸੀ। ਈਰਾਨ ਜੰਗ ਵਿਚਾਲੇ ਪੋਪ ਨੇ ਸਪਸ਼ਟ ਕੀਤਾ ਸੀ ਕਿ ਈਰਾਨੀ ਸਭਿਅਤਾ ਨੂੰ ਨਸ਼ਟ ਕਰਨ ਦੀਆਂ ਧਮਕੀਆਂ ਨਾ-ਮੰਣਨਯੋਗ ਹੈ। ਉਨ੍ਹਾਂ ਨੇ ਰੂਸ-ਯੂਕ੍ਰੇਨ ਜੰਗ ਤੇ ਅਫਰੀਕਾ ਦੇ ਅੰਦਰੂਨੀ ਸੰਘਰਸ਼ਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਧਰਮ ਦੇ ਨਾਂ ’ਤੇ ਜੰਗ ਨੂੰ ਸਹੀ ਸਾਬਤ ਕਰਨਾ ਗਲਤ ਹੈ। ‘ਮੈਂ ਮੁੱਖ ਤੌਰ ’ਤੇ ਇਕ ਪਾਦਰੀ ਦੇ ਰੂਪ ’ਚ ਕੈਥੋਲਿਕ ਚਰਚ ਦੇ ਮੁਖੀ ਦੇ ਰੂਪ ’ਚ ਅਫਰੀਕਾ ਆਇਆ ਹਾਂ। ਮੇਰਾ ਕੰਮ ਦੁਨੀਆ ’ਚ ਨਿਆਂ, ਭਾਈਚਾਰੇ ਤੇ ਸ਼ਾਂਤੀ ਨੂੰ ਵਧਾਉਣਾ ਹੈ, ਨਾ ਕਿ ਸਿਆਸੀ ਬਿਆਨਾਂ ’ਚ ਉਲਝਨਾ।’ ਪੋਪ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਦੁਨੀਆ ਨੂੰ ਉਜਾੜਨ ਵਾਲੇ ਤਾਨਸ਼ਾਹਾਂ ਵਿਰੁੱਧ ਤੇ ਮਨੁੱਖਤਾ ਦੇ ਹੱਕ ’ਚ ਆਪਣੀ ਆਵਾਜ਼ ਚੁੱਕਨਾ ਜਾਰੀ ਰੱਖਨਗੇ।