ਨਕੋਦਰ ਦੀਆਂ ਵੱਖ-ਵੱਖ ਮੰਡੀਆਂ ਦੇ ਮਾੜੇ ਪ੍ਰਬੰਧ ਚਿੰਤਾ ਦਾ ਵਿਸ਼ਾ : ਵਡਾਲਾ
ਨਕੋਦਰ ਦੀਆਂ ਵੱਖ-ਵੱਖ ਮੰਡੀਆਂ ਦੇ ਮਾੜੇ ਪ੍ਰਬੰਧ ਚਿੰਤਾ ਦਾ ਵਿਸ਼ਾ - ਵਡਾਲਾ
Publish Date: Tue, 28 Apr 2026 08:31 PM (IST)
Updated Date: Wed, 29 Apr 2026 04:17 AM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਨਕੋਦਰ ਖੇਤਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਨਕੋਦਰ ਅਤੇ ਨੂਰਮਹਿਲ ਮੰਡੀਆਂ ਦੇ ਮਾੜੇ ਪ੍ਰਬੰਧਾਂ ਤੇ ਚਿੰਤਾ ਜਾਹਿਰ ਕੀਤੀ। ਉਹਨਾਂ ਨੇ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਆਏ ਕਿਸਾਨਾਂ ਅਤੇ ਕੰਮ ਕਰ ਰਹੇ ਮਜ਼ਦੂਰ ਅਤੇ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ’ਚ ਜਾਣਕਾਰੀ ਹਾਸਲ ਕੀਤੀ। ਵਡਾਲਾ ਨੇ ਕਿਹਾ ਕਿ ਅੰਨਦਾਤਾ ਅੱਜ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੈ, ਜੋ ਕਿ ਬੇਹੱਦ ਮੰਦਭਾਗੀ ਗੱਲ ਹੈ। ਜਥੇਦਾਰ ਵਡਾਲਾ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਗਏ ਦਾਅਵੇ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਕਿਸਾਨ ਆਪਣੀ ਫਸਲ ਮੰਡੀਆਂ ਵਿੱਚ ਲੈ ਕੇ ਬੈਠੇ ਹਨ, ਪਰ ਖਰੀਦ ਪ੍ਰਕਿਰਿਆ ਦੀ ਸੁਸਤ ਰਫਤਾਰ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕੁਦਰਤੀ ਮਾਰਾਂ ਕਾਰਨ ਆਰਥਿਕ ਤੰਗੀ ’ਚ ਹਨ ਅਤੇ ਹੁਣ ਸਰਕਾਰੀ ਤੰਤਰ ਦੀ ਨਾਲਾਇਕੀ ਉਸ ਦੇ ਜ਼ਖਮਾਂ ਤੇ ਲੂਣ ਛਿੜਕ ਰਹੀ ਹੈ। ਲਿਫਟਿੰਗ ਦੀ ਗੰਭੀਰ ਸਮੱਸਿਆ ਤੇ ਗੱਲ ਕਰਦਿਆਂ ਜਥੇਦਾਰ ਵਡਾਲਾ ਨੇ ਕਿਹਾ ਕਿ ਮੰਡੀਆਂ ਵਿੱਚ ਫਸਲ ਦੇ ਅੰਬਾਰ ਲੱਗੇ ਹੋਏ ਹਨ ਪਰ ਪੰਜਾਬ ਸਰਕਾਰ ਵੱਲੋਂ ਚੁਕਾਈ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕੰਮ ਕਰਨ ਵਿੱਚ ਵੱਡੀ ਦਿੱਕਤ ਆ ਰਹੀ ਹੈ। ਸੂਬਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਪਰ ਅੱਜ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਬਿਜਲੀ ਅਤੇ ਛਾਂ ਦੇ ਪ੍ਰਬੰਧ ਵੀ ਨਾਕਾਫੀ ਹਨ, ਜਿਸ ਕਾਰਨ ਕਿਸਾਨ ਅਤੇ ਮਜ਼ਦੂਰ ਇਸ ਭਿਆਨਕ ਗਰਮੀ ਵਿੱਚ ਪ੍ਰੇਸ਼ਾਨ ਹੋ ਰਹੇ ਹਨ। ਜਥੇਦਾਰ ਵਡਾਲਾ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਮੰਡੀਆਂ ਵਿੱਚੋਂ ਫਸਲ ਦੀ ਲਿਫਟਿੰਗ ਤੁਰੰਤ ਤੇਜ਼ ਕੀਤੀ ਜਾਵੇ ਅਤੇ ਕਿਸਾਨਾਂ ਦੀ ਅਦਾਇਗੀ ਵਿੱਚ ਕੋਈ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਹੀ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਕਿਸਾਨਾਂ ਦੇ ਹੱਕ ਵਿੱਚ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ। ਇਸ ਮੌਕੇ ਅਵਤਾਰ ਸਿੰਘ ਕਲੇਰ, ਸੁਰਤੇਜ ਸਿੰਘ ਬਾਸੀ, ਲਖਵਿੰਦਰ ਸਿੰਘ ਹੋਠੀ,ਰਵਿੰਦਰ ਸਿੰਘ, ਹਰਜੋਤ ਸਿੰਘ, ਨੰਦ ਕਿਸ਼ੋਰ ਗਿੱਲ ਐਮ.ਸੀ,ਤਰਸੇਮ ਸਿੰਘ, ਅਵਤਾਰ ਸਿੰਘ ਸੰਧੂ, ਦਲਜੀਤ ਸਿੰਘ ਸੋਨੂੰ, ਜੀਤਾ ਤੋਂ ਇਲਾਵਾ ਹੋਰ ਅਕਾਲੀ ਆਗੂ, ਆੜਤੀ ਤੇ ਕਿਸਾਨ ਮੌਜੂਦ ਸਨ।