ਪ੍ਰਦੂਸ਼ਣ ਵਿਭਾਗ ਨੂੰ 4 ਹਫ਼ਤਿਆਂ ’ਚ ਰਿਪੋਰਟ ਪੇਸ਼ ਕਰਨ ਦੇ ਹੁਕਮ
ਸੰਵਾਦ ਸੂਤਰ, ਜਾਗਰਣ, ਭੋਗਪੁਰ
Publish Date: Fri, 08 May 2026 09:32 PM (IST)
Updated Date: Fri, 08 May 2026 09:32 PM (IST)
ਸੰਵਾਦ ਸੂਤਰ, ਜਾਗਰਣ, ਭੋਗਪੁਰ : ਪੰਜਾਬ ਹਾਈ ਕੋਰਟ ’ਚ ਭੋਗਪੁਰ ਸ਼ੂਗਰ ਮਿੱਲ ’ਚ ਲਗਾਏ ਜਾ ਰਹੇ ਸੀਐੱਨਜੀ ਬਾਇਓ ਗੈਸ ਪਲਾਂਟ ਦੇ ਮਾਮਲੇ 'ਤੇ ਲਗਪਗ ਪੌਣੇ ਘੰਟੇ ਤੱਕ ਸ਼ਬਦੀ ਜੰਗ ਹੋਈ। ਸੁਣਵਾਈ ਦੌਰਾਨ, ਹਾਈ ਕੋਰਟ ਨੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੂੰ ਚਾਰ ਹਫ਼ਤਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਕਾਬਿਲੇਗ਼ੌਰ ਹੈ ਕਿ ਪਿਛਲੇ ਦੋ ਸਾਲਾਂ ਤੋਂ ਭੋਗਪੁਰ ਤੇ ਆਸਪਾਸ ਦੇ ਪਿੰਡਾਂ ਦੇ ਲੋਕ ਇਸ ਪਲਾਂਟ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਪਲਾਂਟ ਗ੍ਰੀਨ ਜ਼ੋਨ ਤੇ ਆਬਾਦੀ ਵਾਲੇ ਖੇਤਰ ਨੇੜੇ ਲਾਇਆ ਜਾ ਰਿਹਾ ਹੈ, ਜਿਸ ਨਾਲ ਪ੍ਰਦੂਸ਼ਣ ਤੇ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਤਰਾ ਬਣ ਸਕਦਾ ਹੈ। ਇਸੇ ਮਾਮਲੇ ਨੂੰ ਲੈ ਕੇ ਹਾਈ ਕੋਰਟ ’ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ।
ਦੂਜੇ ਪਾਸੇ, ਸਬੰਧਤ ਕੰਪਨੀ ਵੱਲੋਂ ਵੀ ਹਾਈ ਕੋਰਟ ’ਚ ਕੇਸ ਦਾਇਰ ਕੀਤਾ ਗਿਆ ਹੈ ਤੇ ਦੋਵਾਂ ਮਾਮਲਿਆਂ ਦੀ ਸਾਂਝੀ ਸੁਣਵਾਈ ਚੱਲ ਰਹੀ ਹੈ। ਪਿਛਲੀ ਤਰੀਕ 'ਤੇ ਹਾਈ ਕੋਰਟ ਨੇ ਇਸ ਮਾਮਲੇ ਨੂੰ ਅਰਜੈਂਟ ਸ਼੍ਰੇਣੀ ’ਚ ਸ਼ਾਮਲ ਕੀਤਾ ਸੀ। ਹਾਲਾਂਕਿ ਪ੍ਰਦੂਸ਼ਣ ਵਿਭਾਗ ਪਹਿਲਾਂ ਵੀ ਰਿਪੋਰਟ ਕੋਰਟ ’ਚ ਪੇਸ਼ ਕਰ ਚੁੱਕਾ ਹੈ ਪਰ ਹੁਣ ਹਾਈ ਕੋਰਟ ਨੇ ਵਿਭਾਗ ਨੂੰ ਦੁਬਾਰਾ ਰਿਪੋਰਟ ਦੇਣ ਲਈ ਕਿਹਾ ਹੈ।