ਧਰਮ ਦੇ ਨਾਂ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ : ਮਹਿੰਦਰ ਭਗਤ
-ਕਿਹਾ, ਵੰਡੀਆਂ ਪਾਉਣ ਦੀ
Publish Date: Thu, 14 May 2026 10:03 PM (IST)
Updated Date: Thu, 14 May 2026 10:06 PM (IST)
-ਕਿਹਾ, ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਧਰਮ ਨਾਲ ਕੋਈ ਸਬੰਧ ਨਹੀਂ
-ਭਾਜਪਾ ਦਾ ਐਂਟੀ ਪੰਜਾਬ ਏਜੰਡਾ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ : ਬਾਲੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਅੱਜ ਸ਼ਹਿਰ ਵਿਚ ਇਕ ਧਾਰਮਿਕ ਸਮਾਗਮ ਦੇ ਮੁੱਦੇ ਨੂੰ ਸਿਆਸੀ ਰੰਗਤ ਦੇਣ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਧਰਮ ਦੇ ਨਾਂ ’ਤੇ ਸਿਆਸਤ ਨਹੀਂ ਕਰਨਾ ਚਾਹੀਦੀ। ਇਥੇ ਸਰਕਟ ਹਾਊਸ ’ਚ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਮੇਅਰ ਵਨੀਤ ਧੀਰ ਅਤੇ ਹੋਰ ਸ਼ਖਸੀਅਤਾਂ ਸਮੇਤ ਪ੍ਰੈੱਸ ਕਾਨਫਰੰਸ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਪੀਰਾਂ ਤੇ ਸੰਤਾਂ ਦੀ ਧਰਤੀ ਹੈ ਤੇ ਸਾਂਝੀਵਾਲਤਾ ਦੀ ਮਿਸਾਲ ਹੈ। ਧਰਮ ਦੇ ਨਾਂ ’ਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ।
ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਭਾਜਪਾ ਵੱਲੋਂ ਸਨਾਤਨ ਦੇ ਨਾਂ ’ਤੇ ਹਲਕੀ ਸਿਆਸਤ ਕੀਤੀ ਜਾ ਰਹੀ ਹੈ। ਪੰਜਾਬ ਨੂੰ ਤਾਰਪੀਡੋ ਕਰਨ ਲਈ ਭਾਜਪਾ ਐਂਟੀ ਪੰਜਾਬ ਏਜੰਡਾ ਚਲਾ ਰਹੀ ਹੈ, ਜਿਸ ਨੂੰ ਕਿਸੇ ਕੀਮਤ ’ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਧਾਰਮਿਕ ਪ੍ਰੋਗਰਾਮ ਰੋਕਣ ਲਈ ਨਹੀਂ, ਸਗੋਂ ਦਸਤਾਵੇਜ਼ਾਂ ’ਚ ਕਮੀ-ਪੇਸ਼ੀ ਨੂੰ ਮੁਕੰਮਲ ਕਰਵਾਉਣ ਲਈ ਗਈ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਧਰਮ ਦੇ ਨਾਂ ’ਤੇ ਪੰਜਾਬ ਨੂੰ ਵੰਡਣ ਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦੇਵੇਗੀ। ਸਨਾਤਨ ਸੇਵਾ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਵਿਜੇ ਸ਼ਰਮਾ ਨੇ ਸਮਿਤੀ ਵੱਲੋਂ ਸਨਾਤਨ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ’ਤੇ ਚਾਨਣਾ ਪਾਇਆ। ਉਨ੍ਹਾਂ ਧਰਮ ਦੇ ਨਾਂ ’ਤੇ ਸ਼ਹਿਰ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਦੀ ਨਿੰਦਾ ਵੀ ਕੀਤੀ। ਇਸ ਮੌਕੇ ਖਾਦੀ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਆਹਲੂਵਾਲੀਆ, ‘ਆਪ’ ਆਗੂ ਨਿਤਿਨ ਕੋਹਲੀ, ਦਿਨੇਸ਼ ਢੱਲ, ਕੌਂਸਲਰ ਜਤਿਨ ਗੁਲਾਟੀ, ਪਾਲਾ ਜਲਾਲਪੁਰੀਆ ਤੋਂ ਇਲਾਵਾ ਕਸ਼ਟ ਨਿਵਾਰਣ ਬਾਲਾ ਜੀ ਮੰਦਰ ਸ਼ੇਖਾ ਬਾਜ਼ਾਰ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਵੀ ਮੌਜੂਦ ਸਨ।