-ਸਿਆਸੀ ਗਲਿਆਰਿਆਂ ’ਚ ਲਾਏ

-ਸਿਆਸੀ ਗਲਿਆਰਿਆਂ ’ਚ ਲਾਏ ਜਾ ਰਹੇ ਨੇ ਕਈ ਤਰ੍ਹਾਂ ਦੇ ਕਿਆਸ
-ਗ੍ਰਿਫਤਾਰੀ ਮਗਰੋਂ ਨਿਤਿਨ ਕੋਹਲੀ ਨੂੰ ਸੌਂਪੀ ਸੀ ਹਲਕੇ ਦੀ ਕਮਾਨ
- ਅਸ਼ੋਕ ਮਿੱਤਲ ਦੇ ਭਾਜਪਾ ’ਚ ਸ਼ਾਮਲ ਹੋਣ ਮਗਰੋਂ ਬਦਲਣ ਲੱਗੇ ਸਮੀਕਰਨ
ਦਿਨੇਸ਼ ਸ਼ਰਮਾ, ਜਾਗਰਣ, ਜਲੰਧਰ
ਸੱਤਾ ਦੀ ਬਾਜ਼ੀ ’ਚ ਦੋਸਤ ਤੇ ਦੁਸ਼ਮਨ ਕਦੋਂ ਬਦਲ ਜਾਣਗੇ, ਕੋਈ ਨਹੀਂ ਜਾਣਦਾ। ਸਿਰਫ਼ ਸਮਾਂ ਤੇ ਫਾਇਦਾ ਇਹ ਤੈਅ ਕਰਦਾ ਹੈ ਕਿ ਕੌਣ ਕਿਸ ਦੇ ਨਾਲ ਹੈ। ਇਹ ਖੇਡ ਹੀ ਅਜਿਹੀ ਹੈ, ਜਿੱਥੇ ਚਾਲਾਂ ਬਦਲਣ ’ਚ ਦੇਰ ਨਹੀਂ ਲੱਗਦੀ। ਜਲੰਧਰ ਸੈਂਟਰਲ ਹਲਕੇ ਦੀ ਸਿਆਸਤ ਵਿਚ ਵੀ ਇਹੀ ਕੁਝ ਹੋ ਰਿਹਾ ਹੈ। ਪਿਛਲੇ ਇਕ ਹਫ਼ਤੇ ਹੋਏ ਸਿਆਸੀ ਉਤਰਾਅ-ਚੜ੍ਹਾਅ ਮਗਰੋਂ ਸੈਂਟਰਲ ਹਲਕੇ ਦੀ ਸਿਆਸਤ ਭਖ ਗਈ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਪਿਛਲੇ ਇਕ ਸਾਲ ਤੋਂ ਵਿਜੀਲੈਂਸ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਵਿਧਾਇਕ ਰਮਨ ਅਰੋੜਾ ਦੀ ਸੁਰੱਖਿਆ ਸਰਕਾਰ ਨੇ ਸ਼ੁੱਕਰਵਾਰ ਨੂੰ ਵਾਪਸ ਕਰ ਦਿੱਤੀ। 354 ਦਿਨਾਂ ਬਾਅਦ ਵਿਧਾਇਕ ਨੂੰ ਸੁਰੱਖਿਆ ਮੁਲਾਜ਼ਮ ਵਾਪਸ ਮਿਲੀ ਹੈ। ਸਿਆਸਤ ਹਾਸ਼ੀਏ ’ਤੇ ਚੱਲ ਰਹੇ ਵਿਧਾਇਕ ਨੂੰ ਸੁਰੱਖਿਆ ਵਾਪਸ ਮਿਲਣ ਨਾਲ ਸਿਆਸੀ ਗਲਿਆਰਿਆਂ ’ਚ ਅਫਵਾਹਾਂ ਦਾ ਬਾਜ਼ਾਰ ਭਖ ਗਿਆ ਹੈ। ਸਭ ਦੇ ਮਨ ’ਚ ਵੱਡਾ ਸਵਾਲ ਇਹ ਹੈ ਕਿ ਕੀ ਇਹ ਵਿਧਾਇਕ ਦੀ ਸੈਂਟਰਲ ਹਲਕੇ ਦੀ ਸਿਆਸਤ ’ਚ ਵਾਪਸੀ ਦਾ ਸੰਕੇਤ ਹੈ? ਜੇ ਅਜਿਹਾ ਹੈ ਤਾਂ ਫਿਰ ਰਮਨ ਅਰੋੜਾ ਦੀ ਗ੍ਰਿਫਤਾਰੀ ਮਗਰੋਂ ਸਿਆਸੀ ਮੈਦਾਨ ’ਚ ਸਿੱਧੇ ਤੌਰ 'ਤੇ ਉਤਰਨ ਵਾਲੇ ਨਿਤਿਨ ਕੋਹਲੀ ਦਾ ਕੀ ਬਣੇਗਾ?
ਸਿਆਸਤ ਦੀ ਬਿਸਾਤ 'ਤੇ ਮੋਹਰਿਆਂ ਦੇ ਰੰਗ ਵੀ ਬਦਲ ਜਾਂਦੇ ਹਨ। ਪਿਛਲੇ ਦਿਨਾਂ ਵਿਚ ‘ਆਪ’ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਰਾਘਵ ਚੱਢਾ ਦੇ ਨਾਲ ਰਲ ਕੇ ਭਾਜਪਾ ’ਚ ਚਲੇ ਗਏ ਸਨ। ਅਸ਼ੋਕ ਮਿੱਤਲ ਦੀ ਜਲੰਧਰ ’ਚ ‘ਆਪ’ ਸਿਆਸਤ ਵਿਚ ਮਹੱਤਵਪੂਰਨ ਭੂਮਿਕਾ ਰਹੀ ਹੈ। ਨਿਤਿਨ ਕੋਹਲੀ ਦੇ ਸਿਆਸੀ ਗੁਰੂ ਅਸ਼ੋਕ ਮਿੱਤਲ ਨੂੰ ਹੀ ਮੰਨਿਆ ਜਾਂਦਾ ਹੈ। ਨਿਤਿਨ ਕੋਹਲੀ ਨੂੰ ‘ਆਪ’ ਵਿਚ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਸੈਂਟਰਲ ਹਲਕੇ ਦੀ ਕਮਾਨ ਸੌਂਪਣ ਪਿੱਛੇ ਵੱਡੀ ਭੂਮਿਕਾ ਅਸ਼ੋਕ ਮਿੱਤਲ ਦੀ ਰਹੀ ਸੀ। ਇਹ ਵੀ ਸੱਚ ਹੈ ਕਿ ਜਲੰਧਰ ਨਗਰ ਨਿਗਮ ਚੋਣਾਂ ਦੌਰਾਨ ਮਿੱਤਲ ਦੀ ਭੂਮਿਕਾ ਮਹੱਤਵਪੂਰਨ ਰਹੀ ਸੀ। ਮੇਅਰ ਦੇ ਨਾਂ ਲਈ ਅਸ਼ੋਕ ਮਿੱਤਲ, ਵਨੀਤ ਧੀਰ ਦੇ ਨਾਲ ਸਨ ਤੇ ਬਾਅਦ ਵਿਚ ਧੀਰ ਨੂੰ ਹੀ ਮੇਅਰ ਬਣਾਇਆ ਗਿਆ ਸੀ। ਹੁਣ ਅਸ਼ੋਕ ਮਿੱਤਲ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਜਲੰਧਰ ਵਿਚ ਕਈ ਸਿਆਸੀ ਸਮੀਕਰਨ ਬਦਲਣ ਲੱਗੇ ਹਨ। ਹਾਲਾਂਕਿ ਇਕ ਦਿਨ ਪਹਿਲਾਂ ਹੀ ਨਿਤਿਨ ਕੋਹਲੀ ਅਤੇ ਮੇਅਰ ਵਨੀਤ ਧੀਰ ਦਿੱਲੀ ਵਿਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮਿਲੇ ਸਨ ਪਰ ਇਕ ਦਿਨ ਬਾਅਦ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਸੈਂਟਰਲ ਹਲਕੇ ਦੇ ਵਿਧਾਇਕ ਦੀ ਸੁਰੱਖਿਆ ਵਾਪਸ ਹੋਣ ਨਾਲ ਸਿਆਸਤ ਜ਼ਰੂਰ ਭਖ ਗਈ ਹੈ। ਸੁਰੱਖਿਆ ਵਾਪਸ ਮਿਲਣ ਮਗਰੋਂ ਵਿਧਾਇਕ ਅਰੋੜਾ ਦੇ ਸਮਰਥਕਾਂ ਨੇ ਲੱਡੂ ਵੰਡੇ। ਇਸ ਦੌਰਾਨ, ਵਿਧਾਇਕ ਨੇ ਵੀ ਪਹਿਲੀ ਵਾਰ ਵਿਧਾਨ ਸਭਾ ਸੈਸ਼ਨ ਦੌਰਾਨ ਦੀ ਤਸਵੀਰ ਫੇਸਬੁੱਕ 'ਤੇ ਸਾਂਝੀ ਕਰ ਕੇ ਇਸ ਮਾਮਲੇ ਨੂੰ ਹੋਰ ਭਖਾਇਆ ਹੈ।
---
ਇਧਰ ਸੁਰੱਖਿਆ ਵਾਪਸ ਮਿਲੀ, ਓਧਰ ਸ਼ਹਿਰ ’ਚੋਂ ਲਾਹੇ ਹੋਰਡਿੰਗ
ਇਕ ਪਾਸੇ ਸਰਕਾਰ ਵੱਲੋਂ ਵਿਧਾਇਕ ਰਮਨ ਅਰੋੜਾ ਦੀ ਸੁਰੱਖਿਆ ਵਾਪਸ ਕਰਨ ਦੀ ਖਬਰ ਚੱਲ ਰਹੀ ਸੀ, ਦੂਜੇ ਪਾਸੇ ਸ਼ਹਿਰ ’ਚ ਇਕ ਧਾਰਮਿਕ ਪ੍ਰੋਗਰਾਮ ਨੂੰ ਲੈ ਕੇ ਲਾਏ ਗਏ ਹੋਰਡਿੰਗ, ਜਿਨ੍ਹਾਂ ’ਚ ਅਰੋੜਾ ਦੀ ਤਸਵੀਰ ਸੀ, ਲਾਹ ਦਿੱਤੇ ਗਏ। ਵਿਧਾਇਕ ਅਰੋੜਾ ਸ਼੍ਰੀ ਕਸ਼ਟ ਨਿਵਾਰਣ ਬਾਲਾਜੀ ਮੰਦਰ ਬਾਜ਼ਾਰ ਸ਼ੇਖਾਂ ਦੀ ਅਗਵਾਈ ’ਚ ਸਾਈ ਦਾਸ ਸਕੂਲ ਪਟੇਲ ਚੌਕ ਦੀ ਗਰਾਊਂਡ ’ਚ ਬਾਲਾਜੀ ਦਾ ਸ਼ਾਨਦਾਰ ਸੰਕੀਰਤਨ 14 ਮਈ ਨੂੰ ਕਰਵਾਉਣ ਵਾਲੇ ਹਨ। ਇਸ ਨੂੰ ਲੈ ਕੇ ਸ਼ਹਿਰ ਭਰ ਵਿਚ ਹੋਰਡਿੰਗ ਲਾਏ ਗਏ ਸਨ। ਸ਼ੁੱਕਰਵਾਰ ਨੂੰ ਨਗਰ ਨਿਗਮ ਦੀ ਟੀਮ ਨੇ ਕਈ ਜਗ੍ਹਾਂ ਤੋਂ ਹੋਰਡਿੰਗ ਉਤਾਰ ਦਿੱਤੇ। ਇਸ ਤੋਂ ਬਾਅਦ ਸ਼ਹਿਰ ਵਿਚ ਚਰਚਾ ਤੇਜ਼ ਹੋ ਗਈ ਕਿ ਇਕ ਪਾਸੇ ਸਰਕਾਰ ਸੁਰੱਖਿਆ ਵਾਪਸ ਕਰ ਰਹੀ ਹੈ, ਦੂਜੇ ਪਾਸੇ ਸ਼ਹਿਰ ਵਿਚ ਉਨ੍ਹਾਂ ਦੇ ਹੋਰਡਿੰਗ ਉਤਾਰੇ ਜਾ ਰਹੇ ਹਨ। ਸੈਂਟਰਲ ਹਲਕੇ ਦੀ ਸਿਆਸਤ ’ਚ ਰੱਜ ਕੇ ਘਮਾਸਾਨ ਚੱਲ ਰਿਹਾ ਹੈ।
---
"ਹਾਲੇ ਮੈਂ ਚੰਡੀਗੜ੍ਹ ’ਚ ਹਾਂ। ਵਿਧਾਨ ਸਭਾ ਸੈਸ਼ਨ ਲਈ ਆਇਆ ਸੀ। ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ ਸੁਰੱਖਿਆ ਵਾਪਸ ਕਰ ਦਿੱਤੀ ਹੈ। ਜਲੰਧਰ ਵਾਪਸ ਆ ਕੇ ਹੀ ਇਸ ਮਾਮਲੇ ’ਤੇ ਹੋਰ ਗੱਲ ਕਰ ਸਕਾਂਗਾ।"
- ਰਮਨ ਅਰੋੜਾ, ਵਿਧਾਇਕ ਹਲਕਾ ਸੈਂਟਰਲ
---
"ਵਿਧਾਇਕ ਰਮਨ ਅਰੋੜਾ ਨੂੰ ਨਿਯਮਾਂ ਮੁਤਾਬਕ ਸੁਰੱਖਿਆ ਦਿੱਤੀ ਗਈ ਹੈ। ਇਕ ਗੱਡੀ ਤੇ ਚਾਰ ਸੁਰੱਖਿਆ ਮੁਲਾਜ਼ਮ ਦਿੱਤੇ ਗਏ ਹਨ।"
- ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ ਜਲੰਧਰ।